ਐਨ ਐਨ ਬੀ
ਚੰਡੀਗੜ੍ਹ – ਹਰਿਆਣਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਚੋਣ ਲਟਕਦਾ ਮਾਮਲਾ ਹੱਲ ਹੋ ਗਿਆ ਹੈ। ਹਰਿਆਣਾ ਪ੍ਰਦੇਸ਼ ਕਾਂਗਰਸ ਦੀ ਧੜੱਲੇਦਾਰ ਮਹਿਲਾ ਆਗੂ ਤੇ ਮਰਹੂਮ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਵਿਰੋਧੀਆਂ ਨੂੰ ਪਛਾੜ ਕੇ ਹਰਿਆਣਾ ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਦੀ ਨੇਤਾ ਬਣ ਗਈ ਹੈ। ਇਹ ਨਿਯੁਕਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਵਿਧਾਇਕ ਦਲ ਦੀ ਮੀਟਿੰਗ ਹੋਈ ਜਿਸ ਵਿੱਚ ਕੋਈ ਫੈਸਲਾ ਨਹੀਂ ਸੀ ਹੋ ਸਕਿਆ ਤੇ ਸਰਬਸੰਮਤੀ ਨਾਲ ਨੇਤਾ ਦੀ ਚੋਣ ਦਾ ਮਾਮਲਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ’ਤੇ ਛੱਡ ਦਿੱਤਾ ਗਿਆ ਸੀ। ਉਸ ਮੀਟਿੰਗ ਵਿੱਚ ਹਰਿਆਣਾ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਅਤੇ ਪਾਰਟੀ ਵੱਲੋਂ ਭੇਜੇ ਗਏ ਨਿਗਰਾਨ ਹਰੀ ਪ੍ਰਸਾਦ ਵੀ ਮੌਜੂਦ ਸਨ। ਹਰਿਆਣਾ ਵਿਧਾਨ ਸਭਾ ਦੇ ਨਤੀਜੇ 19 ਅਕਤੂਬਰ ਨੂੰ ਆਏ ਸਨ। ਤੀਜੀ ਵਾਰ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਤਕੜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਰਿਆਣਾ ਕਾਂਗਰਸ ਦੇ ਕੇਵਲ 15 ਵਿਧਾਇਕ ਹੀ ਚੋਣ ਜਿੱਤੇ ਸਨ। ਸਾਬਕਾ ਕੈਬਨਿਟ ਮੰਤਰੀ ਕਿਰਨ ਚੌਧਰੀ ਕਾਂਗਰਸ ਪਾਰਟੀ ਦੇ ਉਨ੍ਹਾਂ ਕੁਝ ਵਿਧਾਇਕਾਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੇ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਸੀ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ। ਪਾਰਟੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਰਚਨਾਤਮਿਕ ਭੂਮਿਕਾ ਨਿਭਾਏਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਚੁਣਿਆ ਹੈ ਤੇ ਉਹ ਇਸ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਹਰਿਆਣਾ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 22 ਨਵੰਬਰ ਨੂੰ ਚੰਡੀਗੜ੍ਹ ਵਿੱਚ ਬੁਲਾਈ ਗਈ ਹੈ।
ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖੁਦ ਵਿਧਾਇਕ ਦਲ ਦੇ ਨੇਤਾ ਬਣਨ ਦੀ ਦੌੜ ਵਿਚ ਸ਼ਾਮਲ ਨਹੀਂ ਸਨ, ਪਰ ਉਹ ਆਪਣੇ ਵਿਸ਼ਵਾਸਪਾਤਰਾਂ ਵਿੱਚੋਂ ਕਿਸੇ ਇਕ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ਲਈ ਯਤਨਸ਼ੀਲ ਸਨ। ਪਾਰਟੀ ਕੋਲ ਇਸ ਅਹੁਦੇ ਲਈ ਚਾਰ ਅਹਿਮ ਆਗੂ ਸਨ, ਜਿਨ੍ਹਾਂ ਵਿੱਚੋਂ ਚੋਣ ਕੀਤੀ ਜਾਣੀ ਸੀ। ਇਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਰਣਦੀਪ ਸੂਰਜੇਵਾਲਾ, ਸਾਬਕਾ ਸਪੀਕਰ ਰਘਬੀਰ ਸਿੰਘ ਕਾਦਿਆਨ, ਕੁਲਦੀਪ ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਕਿਰਨ ਚੌਧਰੀ ਸ਼ਾਮਲ ਸਨ। ਸੂਰਜੇਵਾਲ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਕੌਮੀ ਤਰਜ਼ਮਾਨਾਂ ਦੀ ਸੂਚੀ ਵਿੱਚ ਸ਼ਾਮਲ ਹਨ ਤੇ ਇਸ ਲਈ ਫੈਸਲਾ ਤਿੰਨ ਨੇਤਾਵਾਂ ਵਿੱਚੋਂ ਹੀ ਹੋਣਾ ਸੀ। ਸਾਬਕਾ ਸਪੀਕਰ ਕਾਦਿਆਨ ਬਜ਼ੁਰਗ ਹੋ ਚੁੱਕੇ ਹਨ ਤੇ ਇਸ ਲਈ ਇਸ ਅਹੁਦੇ ਲਈ ਦੋ ਹੀ ਮੁੱਖ ਦਾਅਵੇਦਾਰ ਸਨ ਤੇ ਇਨ੍ਹਾਂ ਵਿੱਚੋਂ ਕਿਰਨ ਚੌਧਰੀ ਦੀ ਚੋਣ ਕੀਤੀ ਗਈ।
ਕਿਰਨ ਚੌਧਰੀ ਪਹਿਲਾਂ ਦਿੱਲੀ ਦੀ ਸਿਆਸਤ ਵਿੱਚ ਸਰਗਰਮ ਸੀ ਤੇ ਉਹ ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਹਿ ਚੁੱਕੀ ਹੈ ਤੇ ਉਸ ਦੇ ਪਤੀ ਚੌਧਰੀ ਸੁਰਿੰਦਰ ਸਿੰਘ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਉਹ ਹਰਿਆਣਾ ਦੀ ਸਿਆਸਤ ਵਿੱਚ ਸਰਗਰਮ ਹੋਈ ਸੀ। ਉਹ ਚੌਧਰੀ ਦੀ ਮੌਤ ਤੋਂ ਬਾਅਦ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤ ਕੇ ਕੈਬਨਿਟ ਮੰਤਰੀ ਬਣੀ ਸੀ। ਉਨ੍ਹਾਂ ਦੇ ਕਾਂਗਰਸ ਹਾਈ ਕਮਾਂਡ ਨਾਲ ਕਾਫੀ ਚੰਗੇ ਸਬੰਧ ਹਨ।