ਐਨ ਐਨ ਬੀ
ਰੀਓ ਡੀ ਜਿਨੇਰੀਓ – ਬ੍ਰਾਜ਼ੀਲ ਦੀ ਖੱਬੇ-ਪੱਖੀ ਵਿਚਾਰਧਾਰਾ ਵਾਲੀ ਰਾਸ਼ਟਰਪਤੀ ਡਿਲਮਾ ਰਊਸਫ ਨੂੰ ਸਖਤ ਮੁਕਾਬਲੇ ਵਿੱਚ ਮੁੜ ਅਹੁਦੇ ਲਈ ਚੁਣ ਲਿਆ ਗਿਆ। ਤਿੰਨ ਦਹਾਕੇ ਪਹਿਲਾਂ ਜਦੋਂ ਮੁਲਕ ਵਿੱਚ ਜਮਹੂਰੀਅਤ ਆਈ ਸੀ, ਉਦੋਂ ਤੋਂ ਹੁਣ ਤੱਕ ਇਹ ਸਭ ਤੋਂ ਸਖਤ ਮੁਕਾਬਲਾ ਸੀ। ਰਊਸਫ ਨੂੰ 51.5 ਫੀਸਦੀ ਤੇ ਉਨ੍ਹਾਂ ਦੇ ਵਿਰੋਧੀ ਤੇ ਸੈਂਟਰ ਰਾਈਟ ਐਸ਼ਿਓ ਨੇਵੇਸ ਨੂੰ 48.5 ਫੀਸਦੀ ਵੋਟ ਮਿਲੇ। ਰਊਸਫ ਦੀ ਜਿੱਤ ਨਾਲ ਵਰਕਰਜ਼ ਪਾਰਟੀ ਦੇ ਸ਼ਾਸਨ ਦਾ ਕਾਰਜਕਾਲ ਵਧਿਆ ਹੈ, ਜੋ 2003 ਤੋਂ ਸੱਤਾ ਵਿੱਚ ਹੈ। ਇਸ ਸਮੇਂ ਦੌਰਾਨ ਸਰਕਾਰ ਨੇ ਵਿਸਤਾਰ ਵਾਲੇ ਸਮਾਜਕ ਪ੍ਰੋਗਰਾਮ ਲਾਗੂ ਕੀਤੇ ਜਿਸ ਨਾਲ ਬ੍ਰਾਜ਼ੀਲ ਦੇ ਲੱਖਾਂ ਲੋਕ ਗਰੀਬੀ ਦੀ ਜਿੱਲ੍ਹਣ ਵਿੱਚੋਂ ਨਿਕਲ ਕੇ ਮੱਧ ਵਰਗ ਦਾ ਹਿੱਸਾ ਬਣ ਸਕੇ।
ਰਊਸਫ ਤੇ ਨੇਵੇਸ ਨੂੰ ਚੁਣੇ ਜਾਣ ਨੂੰ ਲੈ ਕੇ ਦੇਸ਼ ਦੇ ਲੋਕ ਬੁਰੀ ਤਰ੍ਹਾਂ ਦੋ ਕੈਂਪਾਂ ਵਿੱਚ ਵੰਡੇ ਗਏ। ਇਕ ਵਰਗ ਸੋਚਦਾ ਸੀ ਕਿ ਕੇਵਲ ਇਹ ਰਾਸ਼ਟਰਪਤੀ ਹੀ ਗਰੀਬਾਂ ਦੀ ਰਾਖੀ ਕਰਨ ਅਤੇ ਸਮਾਜਕ ਸਮੁੱਚਤਾ ਦਾ ਕਾਰਜ ਅੱਗੇ ਤੋਰ ਸਕਦੀ ਹੈ, ਜਦਕਿ ਦੂਜੇ ਕੈਂਪ ਦੀ ਸੋਚ ਸੀ ਕਿ ਵਿਰੋਧੀ ਉਮੀਦਵਾਰ ਦੀਆਂ ਮਾਰਕੀਟ ਪੱਖੀ ਆਰਥਿਕ ਨੀਤੀਆਂ ਹੀ ਬ੍ਰਾਜ਼ੀਲ ਨੂੰ ਠੋਸ ਵਾਧੇ ਵਾਲੀ ਲੀਹ ‘ਤੇ ਮੋੜ ਕੇ ਲਿਆ ਸਕਦੀਆਂ ਹਨ।
ਓਧਰ ਕੁੜੱਤਣ ਭਰੀ ਚੋਣ ਦੌੜ ‘ਚ ਜੇਤੂ ਰਹਿਣ ਮਗਰੋਂ ਬ੍ਰਾਜ਼ੀਲ ਦੀ ਖੱਬੇ-ਪੱਖੀ ਰਾਸ਼ਟਰਪਤੀ ਡਿਲਮਾ ਰਊਸਫ ਨੇ ਕੌਮੀ ਏਕਤਾ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਵਾਦ ਲਈ ਹਰ ਵੇਲੇ ਹਾਜ਼ਰ ਹਨ। ਵਰਕਰਜ਼ ਪਾਰਟੀ ਦੇ ਕਾਰਜਕਾਲ ਵਿੱਚ ਬ੍ਰਾਜ਼ੀਲ ਵਿੱਚ ਦਿਸਣਯੋਗ ਤਬਦੀਲੀ ਆਈ ਹੈ, ਪਰ ਰਊਸਫ ਦੇ ਕਾਰਜਕਾਲ ਅਧੀਨ ਲਗਾਤਾਰ ਚਾਰ ਸਾਲ ਆਰਥਿਕ ਵਾਧਾ ਕਮਜ਼ੋਰ ਰਹਿਣ ਕਾਰਨ ਕਈ ਫ਼ਿਕਰ ਵਧ ਗਏ ਸਨ। ਦੇਸ਼ ਦੀ ਆਰਥਿਕਤਾ ਹੁਣ ਵੀ ਤਕਨੀਕੀ ਮੰਦੇ ਦੀ ਜਕੜ ਵਿੱਚ ਹੈ। ਲੋਕਾਂ ਨੂੰ ਡਰ ਹੈ ਕਿ ਜਿਹੜੇ ਲਾਭ ਉਨ੍ਹਾਂ ਨੂੰ ਮਿਲੇ ਸਨ, ਕਿਤੇ ਉਨ੍ਹਾਂ ਨੂੰ ਖਤਰਾ ਨਾ ਖੜ੍ਹਾ ਹੋ ਜਾਵੇ। ”ਵਾਸ਼ਿੰਗਟਨ ਵਿੱਚ ਇੰਟਰ ਅਮੈਰੀਕਨ ਡਾਇਲਾਗ” ਦੇ ਮਾਈਕਲ ਸ਼ਿਫਟਰ ਅਨੁਸਾਰ ”ਬ੍ਰਾਜ਼ੀਲ ਵਾਸੀ ਸਾਰੇ ਲਾਭ ਚਾਹੁੰਦੇ ਹਨ। ਉਨ੍ਹਾਂ ਨੂੰ ਧੀਮੀ ਪੈ ਗਈ ਤੇ ਖੜੋ ਗਈ ਆਰਥਿਕਤਾ ਦਾ ਫ਼ਿਕਰ ਹੈ, ਪਰ ਉਹ ਹੁਣ ਤੱਕ ਮਿਲੇ ਲਾਭਾਂ ਨੂੰ ਬਹਾਲ ਰੱਖੇ ਜਾਣਾ ਚਾਹੁੰਦੇ ਹਨ।” ਸਵਾਲ ਇਹ ਸੀ ਕਿ ਕਿਹੜਾ ਉਮੀਦਵਾਰ ਸਰਵੋਤਮ ਕਾਰਗੁਜ਼ਾਰੀ ਦਿਖਾ ਸਕਦਾ ਹੈ। ਰਊਸਫ ਤੇ ਨੇਵੇਸ ਨੂੰ ਲੋਕਾਂ ਨੂੰ ਆਪਣਾ-ਆਪਣਾ ਪੱਖ ਸਮਝਾਉਣ ਲਈ ਬੜੀ ਕੁੜੱਤਣ ਭਰੀ ਲੜਾਈ ਲੜਨੀ ਪਈ। ਨੇਵੇਸ ਨੇ ਰਊਸਫ ‘ਤੇ ਸਰਕਾਰੀ ਤੇਲ ਕੰਪਨੀ ਪੈਟਰੋਬਰਾਸ ਵਿੱਚ ਵੱਢੀ-ਖੋਰੀ ਦਾ ਮਾਮਲਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਇਕ ਸੂਤਰ ਦਾ ਕਹਿਣਾ ਸੀ ਕਿ ਵਰਕਰਜ਼ ਪਾਰਟੀ ਨੂੰ ਇਸ ਸਕੀਮ ਦਾ ਸਿੱਧਾ ਲਾਭ ਮਿਲਿਆ ਸੀ। ਰਊਸਫ ਨੇ ਇਹ ਦੋਸ਼ ਖਾਰਜ ਕਰਦਿਆਂ ਕਿਹਾ ਕਿ ਨੇਵੇਸ ਦੀ ਆਮਦ ਨਾਲ ਦੇਸ਼ ਫਿਰ ਸਖਤ ਆਰਥਿਕ ਬੇਚੈਨੀ, ਅੱਤ ਦੀ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਜਿੱਲ੍ਹਣ ‘ਚ ਜਾ ਡਿੱਗੇਗਾ।