ਉਪ ਰਾਜਪਾਲ ਦੀ ਭੇਜੀ ਰਿਪੋਰਟ ਦੇ ਆਧਾਰ ’ਤੇ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼
ਐਨ ਐਨ ਬੀ
ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੀ ਘੱਟ ਗਿਣਤੀ ਦੀ 59 ਦਿਨਾ ਸਰਕਾਰ 14 ਫਰਵਰੀ ਦੇ ਦਿਨ ਅਲਵਿਦਾ ਆਖ ਗਈ ਸੀ, ਜਦੋਂ ਬਾਹਰੋਂ ਹਮਾਇਤ ਦੇ ਰਹੀ ਕਾਂਗਰਸ ਨੇ ਹੱਥ ਪਿਛਾਂਹ ਖਿੱਚ ਲਿਆ ਸੀ। ਉਨ੍ਹਾਂ ਹਾਲਾਤ ਵਿੱਚ ਕੋਈ ਵੀ ਪਾਰਟੀ ਚੋਣ ਲੜਨ ਲਈ ਤਿਆਰ ਨਹੀਂ ਸੀ। ਨਰਿੰਦਰ ਮੋਦੀ ਦੇ ਨਾਂ ਦੀ ਲਹਿਰ ਦੇ ਭਰੋਸੇ ਲੋਕ ਸਭਾ ਚੋਣਾਂ ’ਚ ਜੇਤੂ ਰਹੀ ਭਾਜਪਾ ਕੇਂਦਰ ਸਰਕਾਰ ’ਤੇ ਕਾਬਜ਼ ਹੋਣ ਦੇ ਪੰਜ ਮਹੀਨੇ ਬਾਅਦ ਵੀ ਜੋੜ-ਤੋੜ ਦੇ ਸੰਕੇਤ ਦੇ ਰਹੀ ਸੀ, ਜਦੋਂ ‘ਉੱਪ ਰਾਜਪਾਲ ਦੇ ਸੱਦੇ ਬਾਅਦ ਸੋਚਾਂਗੇ’ ਦਾ ਰਹੱਸ ਰੱਖਿਆ ਜਾ ਰਿਹਾ ਸੀ। ਬਦਲੇ ਹੋੲ ਹਾਲਾਤ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਦਿੱਲੀ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕੀਤੀ ਹੈ, ਜਿਸ ਨਾਲ ਅੱਠ ਮਹੀਨਿਆਂ ਤੋਂ ਬਣੀ ਸਿਆਸੀ ਦੁਬਿੱਧਾ ਦਾ ਅੰਤ ਹੋ ਗਿਆ ਹੈ ਅਤੇ ਤਿੰਨਾਂ ਪ੍ਰਮੁੱਖ ਪਾਰਟੀਆਂ ਵੱਲੋਂ ਸਵਾਗਤ ਹੋਣ ਪਿੱਛੋਂ ਨਵੀਆਂ ਚੋਣਾਂ ਲਈ ਰਾਹ ਸਾਫ ਹੋ ਗਿਆ ਹੈ।
ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਕੱਲ੍ਹ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਾਉਣ ਤੋਂ ਨਾਂਹ ਕਰਨ ’ਤੇ ਉਪ ਰਾਜਪਾਲ ਨਜੀਬ ਜੰਗ ਨੇ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਸ਼ ਕੀਤੀ ਸੀ। ਇਕ ਸੀਨੀਅਰ ਕੇਂਦਰੀ ਮੰਤਰੀ ਨੇ ਮੀਟਿੰਗ ਤੋਂ ਬਾਅਦ ਦੱਸਿਆ, ‘‘ਕੇਂਦਰੀ ਕੈਬਨਿਟ ਨੇ ਦਿੱਲੀ ਵਿਧਾਨ ਸਭਾ ਫੌਰੀ ਭੰਗ ਕਰਨ ਦੀ ਸਿਫਾਰਸ਼ ਕੀਤੀ ਹੈ।’’
ਹੁਣ ਨਵੀਆਂ ਚੋਣਾਂ ਅਗਲੇ ਸਾਲ ਦੇ ਜਨਵਰੀ-ਫਰਵਰੀ ਮਹੀਨੇ ਤੱਕ ਹੋ ਸਕਣਗੀਆਂ, ਜਿਸ ਕਾਰਨ ਤਿੰਨ ਸੀਟਾਂ ਲਈ 25 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਦਾ ਅਮਲ ਰੱਦ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਵੱਲੋਂ ਇਸ ਮੁੱਦੇ ਦੀ ਸੁਣਵਾਈ ਫਾਸਟ ਟਰੈਕ ’ਤੇ ਲਿਆਉਣ ਤੋਂ ਬਾਅਦ ਉਪ ਰਾਜਪਾਲ ਨੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕੀਤਾ ਸੀ ਅਤੇ ਸੁਪਰੀਮ ਕੋਰਟ ਨੇ ਇਹ ਅਮਲ ਮੁਕੰਮਲ ਕਰਨ ਲਈ 11 ਨਵੰਬਰ ਤੱਕ ਦਾ ਵਕਤ ਦਿੱਤਾ ਸੀ। ਅਦਾਲਤ ਵੱਲੋਂ ਆਮ ਆਦਮੀ ਪਾਰਟੀ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ ਜਾ ਰਹੀ ਸੀ, ਜਿਸ ਵਿੱਚ ਵਿਧਾਨ ਸਭਾ ਭੰਗ ਕਰਨ ਦੀ ਮੰਗ ਕੀਤੀ ਗਈ ਸੀ।
ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ‘ਆਪ’ ਨੇ ਕਾਂਗਰਸ ਦੀ ਬਾਹਰੀ ਹਮਾਇਤ ਨਾਲ ਸਰਕਾਰ ਬਣਾਈ ਸੀ, ਪਰ ਲੋਕਪਾਲ ਬਿੱਲ ਲਿਆਉਣ ਦੇ ਮੁੱਦੇ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 14 ਫਰਵਰੀ ਨੂੰ ਅਸਤੀਫਾ ਦੇ ਦਿੱਤਾ ਸੀ। 17 ਫਰਵਰੀ ਨੂੰ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ। ਕਾਂਗਰਸ ਦੇ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਵਿਧਾਨ ਸਭਾ ਭੰਗ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ‘ਦੇਰ ਆਏ, ਦਰੁਸਤ ਆਏ’ ਦਾ ਵਾਕ ਦੁਹਰਾਇਆ ਹੈ।
ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਧਾਇਕਾਂ ਦੀ ਖਰੀਦੋ-ਫਰੋਖਤ ਰਾਹੀਂ ਭਾਜਪਾ ਦੀ ਸਰਕਾਰ ਬਣਾਉਣ ਦੀ ਕੋਸ਼ਿਸ਼ ਸਿਰੇ ਨਾ ਚੜ੍ਹਨ ਤੋਂ ਬਾਅਦ ਕੇਂਦਰ ਨੂੰ ਇਹ ਫੈਸਲਾ ਲੈਣਾ ਪਿਆ। ਉਨ੍ਹਾਂ ਨਵੀਆਂ ਚੋਣਾਂ ਵਿੱਚ 70 ਮੈਂਬਰੀ ਵਿਧਾਨ ਸਭਾ ਦੀਆਂ ਘੱਟੋ-ਘੱਟ 45 ਸੀਟਾਂ ਜਿੱਤਣ ਦਾ ਟੀਚਾ ਮਿਥਿਆ ਹੈ। ਅਰਵਿੰਦ ਕੇਜਰੀਵਾਲ, ਜਿਨ੍ਹਾਂ ਨਰਿੰਦਰ ਮੋਦੀ ਖ਼ਿਲਾਫ਼਼ ਲੋਕ ਸਭਾ ਚੋਣ ਲੜੀ ਸੀ, ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਦੀ ਥਾਂ ਸਥਾਨਕ ਨੇਤਾਵਾਂ ਨਾਲ ਟੱਕਰ ਬਣਾਏ ਜਾਣ ਦੇ ਯਤਨਾਂ ਵਿੱਚ ਹਨ, ਪਰ ਭਾਜਪਾ ਮੁੱਖ ਮੰਤਰੀ ਦਾ ਅਗਾਊਂ ਐਲਾਨ ਨਾ ਕਰਕੇ ਮੋਦੀ ਲਹਿਰ ਦਾ ਪੱਤਾ ਖੇਡਣ ਦੇ ਸੰਕੇਤ ਦੇ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਤੀਸ਼ ਉਪਾਧਿਆਏ ਨੇ ਆਖਿਆ ਕਿ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ‘ਸਮੂਹਿਕ ਲੀਡਰਸ਼ਿਪ’ ਤਹਿਤ ਲੜੇਗੀ ਅਤੇ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਉਮੀਦਵਾਰ ਪੇਸ਼ ਨਹੀਂ ਕਰੇਗੀ। ਉਨ੍ਹਾਂ ਚੋਣਾਂ ’ਚ ਸਪਸ਼ਟ ਬਹੁਮਤ ਹਾਸਲ ਕਰਨ ਦਾ ਭਰੋਸਾ ਵੀ ਜਤਾਇਆ। ਭਾਜਪਾ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਸ਼ ਵਰਧਨ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ। ਸ੍ਰੀ ਉਪਾਧਿਆਏ ਨੇ ਕਿਹਾ ਕਿ ਪਾਰਟੀ ਵਿੱਚ ‘ਚੰਗੇ ਆਗੂਆਂ’ ਦੀ ਕੋਈ ਘਾਟ ਨਹੀਂ ਹੈ।