ਕੈਨੇਡਾ ਜਾ ਵੱਸੇ ਜਸਪਾਲ ਢਿਲੋਂ ਨੇ ਪੇਸ਼ ਕੀਤਾ ‘ਰੋਟੀ ਵਾਇਆ ਲੰਡਨ’ ਨਾਟਕ

0
977

ਸ਼ਬਦੀਸ਼

ਚੰਡੀਗੜ੍ਹ – ਓਂਟਾਰੀਓ ਪੰਜਾਬੀ ਥੀਏਟਰ ਅਤੇ ਫੁਲਕਾਰੀ ਮੀਡੀਆ ਵੱਲੋਂ ਪੰਜਾਬ ਕਲਾ ਭਵਨ ਸੈਕਟਰ-16 ਦੇ ਰੰਧਾਵਾ ਆਡੀਟੋਰੀਅਮ ਵਿੱਚ ਕੈਨੇਡਾ ਵਸਦੇ ਓਂਕਾਰਪ੍ਰੀਤ ਦੇ ਸੋਲੋ ਨਾਟਕ ‘ਰੋਟੀ ਵਾਇਆ ਲੰਡਨ’ ਨੂੰ ਕੈਨੇਡਾ ਜਾ ਵੱਸੇ ਪੰਜਾਬੀ ਅਦਾਕਾਰ ਜਸਪਾਲ ਢਿੱਲੋਂ ਨੇ ਪੇਸ਼ ਕੀਤਾ। ਇਹ ਨਾਟਕ ਪਰਵਾਸ ਦਾ ਸੰਤਾਪ ਭੋਗਦੇ ਪੰਜਾਬੀ ਬੰਦੇ ਦੀ ਮਨੋਦਸ਼ਾ ਪੇਸ਼ ਕਰਦਾ ਹੈ। ਜਸਪਾਲ ਢਿਲੋਂ 1988 ਤੱਕ ਚੰਡੀਗੜ੍ਹ ਦੇ ਰੰਗਮੰਚ ਦਾ ਹਿੱਸਾ ਸਨ। ਇਸੇ ਲਈ 80ਵਿਆਂ ਦੇ ਦੌਰ ਦੇ ਬਹੁਤ ਸਾਰੇ ਰੰਗਕਰਮੀ ਨਾਟਕ ਵੇਖਣ ਲਈ ਪੁੱਜੇ ਹੋਏ ਸਨ। ਇਸ ਨਾਟਕ ਮੁਤਾਬਕ ਕੁਦਰਤ ਜਿੱਥੇ ਕਿਸੇ ਨੂੰ ਪੈਦਾ ਕਰਦੀ ਹੈ, ਉਥੇ ਹੀ ਉਸਦੇ ਰਿਜ਼ਕ ਦਾ ਪ੍ਰਬੰਧ ਵੀ ਕਰਦੀ ਹੈ ਅਤੇ ਕਿਸੇ ਵੀ ਮਨੁੱਖ ਨੂੰ ਆਪਣੀ ਰੋਟੀ-ਰੋਜ਼ੀ ਖਾਤਰ ਪਰਵਾਸੀ ਹੋਣ ਦੀ ਲੋੜ ਨਹੀਂ ਹੈ। ਇਹਦੇ ਬਾਵਜੂਦ ਲੋਕ ਪ੍ਰਵਾਸ ਦਾ ਸੰਤਾਪ ਭੋਗ ਰਹੇ ਹਨ।

ਇਹ ਨਾਟਕ ਪ੍ਰੀਤਮ ਨਾਂ ਦੇ ਕਿਰਦਾਰ ਦੀ ਕਹਾਣੀ ਬਿਆਨ ਕਰਦਾ ਹੈ, ਜਿਸਨੇ ਪੰਜਾਬ ਦੇ ਕਾਲ਼ੇ ਦਿਨਾਂ ਦੀ ਸਰਕਾਰੀ ਤੇ ਗ਼ੈਰ-ਸਰਕਾਰੀ ਦਹਿਸ਼ਤਗਰਦੀ ਦੇ ਸੰਤਾਪ ਤੋਂ ਮੁਕਤ ਹੋਣ ਲਈ ਕੈਨੇਡਾ ਜਾਣ ਦਾ ਫ਼ੈਸਲਾ ਕੀਤਾ ਸੀ। ਇਸਦਾ ਆਗਾਜ਼ 25 ਸਾਲਾਂ ਬਾਅਦ ਵੀ ਭਾਰਤੀ ਟਰੇਨ ਦੇ ਲੇਟ ਹੋਣ ਦੇ ਇੰਤਜ਼ਾਰ ਤੋਂ ਹੁੰਦਾ ਹੈ ਅਤੇ ਇਸ ਦੌਰਾਨ ਹੀ ਉਹ ਆਪਣੀ ਕਹਾਣੀ ਬਿਆਨ ਕਰਦਾ ਹੈ ਅਤੇ ਗੱਡੀ ਆਉਣ ’ਤੇ ਆਪਣੇ ਵਤਨ ‘ਕੈਨੇਡਾ’ ਜਾਣ ਲਈ ਦਿੱਲੀ ਵੱਲ ਰਵਾਨਾ ਹੋ ਜਾਂਦਾ ਹੈ। ਉਹ ਇਸ ਵਕਤ ਇਕੱਲਾ ਹੈ, ਜਦਕਿ ਪਹਿਲੀ ਵਾਰ ਜਾਣ ਵੇਲ਼ੇ ਪਰਿਵਾਰ ਤੇ ਦੋਸਤ ਆਏ ਹੋਏ ਸਨ। ਉਨ੍ਹਾਂ ਨਾਲ ਸਬੰਧਾਂ ਦਾ ਸਿਲਸਿਲਾ ਹੀ ਨਾਟਕ ਦਾ ਵਿਸ਼ਾ ਹੈ। ਨਾਟਕਕਾਰ ਨੇ ਸਮਾਜਵਾਦ ਦੇ ਸੰਕਲਪ ਨੂੰ ‘ਸਾਂਝੀ ਖੇਤੀ’ ਦੇ ਪੂੰਜੀਵਾਦੀ ਰੰਗ ਵਿੱਚ ਘੋਲ ਦਿੱਤਾ ਹੈ, ਜਿਸਦਾ ਦੀਵਾਨਾ ਦੋਸਤ ਅੰਤ ਤੱਕ ਨਿਰਾਸ਼ਾ ਭੋਗਦਾ ਨਸ਼ਾ-ਛੁਡਾਊ ਕੇਂਦਰ ਵਿੱਚ ਦਾਖਲ ਹੋ ਚੁੱਕਾ ਹੈ। ਉਹ ਮਾਨਸਕ ਸੰਤੁਲਨ ਗਵਾ ਕੇ ਨਸ਼ਾ ਮੁਕਤੀ ਦਾ ਅਸਲ ਇਲਾਜ ਰੁਜ਼ਗਾਰਸ਼ੁਦਾ ਸੁਖਾਵੀਂ ਜ਼ਿੰਦਗੀ ਦੱਸਦਾ ਹੈ। ਇਹ ਹੀ ਨਾਟਕ ਦਾ ਸੰਦੇਸ਼ ਬਣ ਜਾਂਦਾ ਹੈ।

ਇਸ ਨਾਟਕ ਦੀ ਬਾਕੀ ਕਹਾਣੀ ਕੈਨੇਡਾ ਦੇ ਘਰ-ਪਰਿਵਾਰ ਵਿੱਚ ਤੇ ਸਮਾਜ ਅੰਦਰ ਵਾਪਰਦੀ ਹੈ, ਜਿਸਦਾ ਅੰਤਿਮ ਭਾਗ ਕਈ ਸਾਲਾਂ ਤੋਂ ਪੌੜੀਆਂ ਬਣਾ ਰਹੇ ਅਜਿਹੇ ਪਰਵਾਸੀ ਮਜ਼ਦੂਰ’ ਤੇ ਕੇਂਦਰਤ ਹੈ, ਜਿਸਦਾ ਤਕੀਆ-ਕਲਾਮ ‘ਵਾਇਆ ਲੰਡਨ’ ਹੈ। ਉਹ ਪੰਜਾਬੀਆਂ ਦੇ ਆਪਣੇ ਰਾਜ ਦੀ ‘ਵਾਇਆ ਲੰਡਨ’ ਨਾ ਲੁੱਟ ਦਾ ਜ਼ਿਕਰ ਛੇੜਦਾ ਹੈ, ਜਿਸ ਕਾਰਨ ਕੁਦਰਤ ਦੇ ਅਸੂਲ ਮੁਤਾਬਕ ਦੇਸ਼ ਅੰਦਰ ਰੋਟੀ-ਰੋਜ਼ੀ ਤੋਂ ਆਤੁਰ ਲੋਕ ਪ੍ਰਵਾਸੀ ਹੋ ਰਹੇ ਹਨ। ਇਸ ਤਰ੍ਹਾਂ ਸਰਦਾਰ ਜੋਗਾ ਸਿੰਘ ਸ਼ੇਰਗਿੱਲ ਦੇ ਜੈਗ ਬਣਨ ਦੀ ਕਹਾਣੀ ਸਾਹਮਣੇ ਆਉਂਦੀ ਹੈ, ਜੋ ਦੱਸਦੀ ਹੈ ਕਿ ਪ੍ਰਵਾਸੀ ਮਜ਼ਦੂਰ ਪੌੜੀਆਂ ਬਣਾਉਂਦੇ ਬਣਾਉਂਦੇ ਮਾਲਕਾਂ ਲਈ ਪੌਡੇ ਬਣ ਗਏ ਹਨ।

 

ਜਸਪਾਲ ਢਿੱਲੋਂ ਨੇ ਆਪਣੇ ਥੀਏਟਰ ਦੇ ਲੰਬੇ ਤਜ਼ਰਬੇ ਸਦਕਾ ਵੱਖ-ਵੱਖ ਕਿਰਦਾਰਾਂ ਦੀ ਨਕਲ ਉਤਾਰਨ ਰਾਹੀਂ ਨਾਟਕ ਨੂੰ ਦਿਲਚਸਪ ਬਣਾਉਣ ਦਾ ਯਤਨ ਕੀਤਾ ਹੈ। ਉਹ ਇਸ ਸੋਲੋ ਨਾਟਕ ਰਾਹੀਂ ਪਰਵਾਸੀ ਭਾਰਤੀਆਂ ਦੇ ਸੱਚ ਦਾ ਨਿੱਗਰ ਸੁਨੇਹਾ ਦੇਣ ਵਿੱਚ ਕਾਮਯਾਬ ਵੀ ਹੈ, ਪਰ ਨਾਟਕ ਦਾ ਵਧੇਰੇ ਮੰਚਨ ਮੰਚ ਦੇ ਕੇਂਦਰ ਵਿੱਚ ਖੜੇ ਹੋ ਕੇ ਕਥਾ-ਬਿਆਨੀ ਤੱਕ ਸੀਮਤ ਸੀ। ਇਸੇ ਲਈ ਨਾਟਕ ਵਿੱਚ ਪ੍ਰਵੀਨ ਜੱਗੀ ਦੇ ਰੌਸ਼ਨੀ ਪ੍ਰਭਾਵ ਲਈ ਕੋਈ ਖਾਸ ਸਪੇਸ ਨਹੀਂ ਸੀ। ਪਿੱਠ ਵਰਤੀ ਸੰਗੀਤ ਅਦਾਕਾਰ ਤੇ ਨਿਰਦੇਸ਼ਕ ਦੀ ਪਤਨੀ ਇੰਦਰਜੀਤ ਢਿੱਲੋਂ ਵੱਲੋਂ ਐਗਜ਼ੀਕਿਊਟ ਕੀਤਾ ਗਿਆ ਸੀ।