ਐਨ ਐਨ ਬੀ
ਟੋਰਾਂਟੋ – ਸਾਬਕਾ ਲਿਬਰਲ ਸਾਂਸਦ ਰੂਬੀ ਢਾਲਾ ਨੇ ਚੋਣਾਂ ਦੁਬਾਰਾ ਨਾ ਲੜਨ ਦਾ ਐਲਾਨ ਕਰਕੇ ਬੀਤੇ ਕਈ ਹਫ਼ਤਿਆਂ ਤੋਂ ਸਿਆਸੀ ਬਾਜ਼ਾਰ ਵਿੱਚ ਚਲ ਰਹੀ ਚਰਚਾ ਨੂੰ ਠੰਢਾ ਕਰ ਦਿੱਤਾ ਹੈ। ਰੂਬੀ ਢਾਲਾ ਨੇ ‘ਫੇਸਬੁੱਕ’ ਉਪਰ ਸਟੇਟਸ ਸੀ ਕਿ ਉਹ 5 ਅਕਤੂਬਰ ਦੇ ਇਕੱਠ ਵਿੱਚ ਅਹਿਮ ਐਲਾਨ ਕਰਨਗੇ। ਉਸ ਸਮਾਗਮ ਵਿੱਚ 60 ਤੋਂ 70 ਲੋਕ ਪਹੁੰਚੇ ਸਨ ਜੋ ਬੀਬੀ ਢਾਲਾ ਵੱਲੋਂ ਫੈਡਰਲ ਚੋਣਾਂ ਵਿੱਚ ਖੜ੍ਹੇ ਹੋਣ ਦੇ ਸੰਭਾਵੀ ਐਲਾਨ ਨੂੰ ਸੁਣਨ ਆਏ ਸਨ ਪਰ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ। ਕੈਨੇਡਾ ਦੀ 42ਵੀਂ ਸੰਸਦ ਵਾਸਤੇ ਚੋਣਾਂ ਅਗਲੇ ਸਾਲ 9 ਅਕਤੂਬਰ ਨੂੰ ਹੋਣੀਆਂ ਹਨ, ਜਿਸ ਵਾਸਤੇ ਉਮੀਦਵਾਰਾਂ ਦੀ ਨਾਮਜ਼ਦਗੀ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੇ ਪੰਜਾਬੀ ਵੀ ਟਿਕਟ ਦੇ ਚਾਹਵਾਨ ਹਨ।
2004 ਤੋਂ 2011 ਤੱਕ ਬਰੈਂਪਟਨ ਤੋਂ ਐਮ ਪੀ ਰਹੀ 40 ਸਾਲਾ ਬੀਬੀ ਢਾਲਾ ਦੇ ਮੁੜ ਸਿਆਸਤ ਵਿੱਚ ਆਉਣ ਬਾਰੇ ਲੋਕਾਂ ਅਤੇ ਮੀਡੀਆ ’ਚ ਕਈ ਕਿਸਮ ਦੀਆਂ ਅਟਕਲਾਂ ਲੱਗ ਰਹੀਆਂ ਸਨ। ਰੂਬੀ ਢਾਲਾ ਨੇ ਆਖਿਆ ਹੈ ਕਿ ਉਸ ਦੇ ਇਸ ਫ਼ੈਸਲੇ ਪਿੱਛੇ ਲਿਬਰਲ ਪਾਰਟੀ ਦਾ ਕੋਈ ਦਬਾਅ ਨਹੀਂ ਸੀ ਪਰ ਸਮਾਗਮ ਮੌਕੇ ਲੱਗੇ ਬੈਨਰਾਂ ਵਿੱਚ ਲਿਬਰਲ ਪਾਰਟੀ ਦਾ ਨਾਂ ਅਤੇ ਲੋਗੋ ਦਾ ਕਾਲੇ ਰੰਗ ਨਾਲ ਮਿਟਾਇਆ ਜਾਣਾ ਕੁਝ ਇਸ਼ਾਰਾ ਜ਼ਰੂਰ ਕਰਦਾ ਹੈ।
ਉਨ੍ਹਾਂ ਆਖਿਆ ਕਿ ਬਰੈਂਪਟਨ ਤੋਂ ਚੋਣ ਲੜਨ ਵਾਸਤੇ ਉਸ ਦੇ ਹਮਾਇਤੀਆਂ ਵੱਲੋਂ ਕਾਫੀ ਦਬਾਅ ਪਾਇਆ ਜਾ ਰਿਹਾ ਸੀ ਪਰ ਸਿਆਸਤ ਤੋਂ ਪਿੱਛੇ ਹਟਣ ਦਾ ਫ਼ੈਸਲਾ ਉਨ੍ਹਾਂ ਖੁਦ ਕੀਤਾ ਹੈ। ਕੁਝ ਚਿੰਤਕਾਂ ਮੁਤਾਬਕ ਪਾਰਟੀ ਹਾਈਕਮਾਨ ਵਿੱਚ ਢਾਲਾ ਦੀ ਉਮੀਦਵਾਰੀ ਪ੍ਰਤੀ ਕੋਈ ਉਤਸ਼ਾਹ ਨਹੀਂ ਰਿਹਾ। ਉਧਰ ਲਿਬਰਲ ਪਾਰਟੀ ਦੇ ਕੌਮੀ ਡਾਇਰੈਕਟਰ ਜਰਮੀ ਬਰਾਡਹਰਸਟ ਨੇ ਕਿਹਾ ਕਿ ਰੂਬੀ ਢਾਲਾ ਨੇ ਨਾਮਜ਼ਦਗੀ ਵਾਸਤੇ ਕੋਈ ਪਹੁੰਚ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੇ ਉਸ ਨੂੰ ਰੋਕਿਆ ਹੈ। 2011 ਦੀਆਂ ਚੋਣਾਂ ਵਿੱਚ ਰੂਬੀ ਢਾਲਾ ਕੰਜ਼ਰਵੇਟਿਵ ਉਮੀਦਵਾਰ ਪਰਮ ਗਿੱਲ ਤੋਂ ਹਾਰ ਗਈ ਸੀ ਅਤੇ ਹੁਣ ਉਹ ਕੈਨੇਡਾ ਦੇ ਸਿਆਸੀ ਮੰਚ ਤੋਂ ਗਾਇਬ ਹੈ।