ਕੈਪਟਨ ਖੇਮੇ ਵੱਲੋਂ ਬਾਜਵਾ ਨੂੰ ਸਿੱਧੀ ਚੁਣੌਤੀ : ਜਾਖੜ ਵੱਲੋਂ ਲੰਚ ਲਈ ਬਾਜਵਾ ਨੂੰ ਸੱਦਾ ਤੱਕ ਨਹੀਂ

0
1202

 

Capt-1

ਸ਼ਬਦੀਸ਼

ਚੰਡੀਗੜ੍ਹ -ਪੰਜਾਬ ਕਾਂਗਰਸ ਸਿਆਸੀ ਵੱਕਾਰ ਦੀ ਪ੍ਰਵਾਹ ਕੀਤੇ ਬਿਨਾ ਧੜੇਬੰਦਕ ਕਾਰਵਾਰਈਆਂ ’ਚ ਲੀਨ ਹੈ। ਕੈਪਟਨ ਅਮਰਿੰਦਰ ਸਿੰਘ  ਧੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਨੀਵਾਂ ਵਿਖਾਉਣ ਲਈ ਹਰ ਹੱਦ ਤੱਕ ਜਾਣ ਲਈ ਕਮਰਕੱਸੇ ਕਰੀ ਫਿਰਦਾ ਹੈ। ਇਸਦੀ ਤਾਜਾ ਮਿਸਾਲ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਦੀ ਲੰਚ ਡਿਪਲੋਮੇਸੀ ਹੈ, ਜਿਸ ਵਿੱਚ ਸੂਬਾਈ ਪ੍ਰਧਾਨ ਬਾਜਵਾ ਨੂੰ ਰਸਮੀ ਸੱਦਾ ਤੱਕ ਨਹੀਂ ਦਿੱਤਾ ਗਿਆ।
ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਣੀਤ ਕੌਰ ਵੱਲੋਂ ਵਿਧਾਨ ਸਭਾ ਵਿੱਚ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਸਥਾਨਕ ਪੰਜ ਤਾਰਾ ਹੋਟਲ ਵਿਖੇ ਸਮੂਹ ਕਾਂਗਰਸੀ ਵਿਧਾਇਕਾਂ ਨੂੰ ਲੰਚ ਲਈ ਬੁਲਾ ਰੱਖਿਆ ਸੀ। ਇਸਨੂੰ ਜਾਖੜ ਦੀ ਸਿਆਸੀ ਚਲਾਕੀ ਵੀ ਮੰਨਿਆ ਜਾ ਰਿਹਾ ਹੈ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧ ਕਰਦਿਆਂ ਪ੍ਰਣੀਤ ਕੌਰ ਨੂੰ ਵਿਧਾਇਕ ਦਲ ਦੀ ਨੇਤਾ ਚੁਣੇ ਜਾਣ ਦੀ ਸੰਭਾਵਨਾ ਦਾ ਵੀ ਭੋਗ ਪਾ ਦੇਣਾ ਚਾਹੁੰਦੇ ਹਨ। ਇਸ ‘ਪ੍ਰੀਤੀ ਭੋਜ’ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ, ਲਾਲ ਸਿੰਘ, ਅਸ਼ਵਨੀ ਸੇਖੜੀ, ਡਾ. ਰਾਜ ਕੁਮਾਰ ਵੇਰਕਾ ਸਮੇਤ 35 ਦੇ ਕਰੀਬ ਕਾਂਗਰਸੀ ਵਿਧਾਇਕ ਸ਼ਾਮਲ ਹੋਏ ਸਨ। ਇਨ੍ਹਾਂ ਤੋਂ ਇਲਾਵਾ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਸਮੇਤ ਕੈਪਟਨ ਦੇ ਕਈ ਸਮਰਥਕ ਮੌਜੂਦ ਸਨ, ਜਦਕਿ ਸ੍ਰੀ ਬਾਜਵਾ ਦੀ ਵਿਧਾਇਕਾ ਪਤਨੀ ਚਰਨਜੀਤ ਕੌਰ ਬਾਜਵਾ ਤੇ ਸੀਨੀਅਰ ਵਿਧਾਇਕ ਬ੍ਰਹਮਮਹਿੰਦਰ ਲੰਚ ਵਿੱਚ ਸ਼ਾਮਲ ਨਹੀਂ ਹੋਏ।

Capt

ਲੰਚ ਡਿਪਲੋਮੇਸੀ ਤੋਂ ਬਾਅਦ ਵੱਡੇ ਕਾਫ਼ਲੇ ਸਮੇਤ ਪੰਜਾਬ ਵਿਧਾਨ ਸਭਾ ਵਿਖੇ ਪ੍ਰਨੀਤ ਕੌਰ ਨੂੰ ਅਹੁਦੇ ਦੀ ਸਹੁੰ ਚੁਕਾਉਣ ਆਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾਕਿ ਬਾਜਵਾ ਵਿਧਾਇਕ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਲੰਚ ’ਤੇ ਨਹੀਂ ਸੱਦਿਆ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਆਪਣੇ ਖੇਮੇ ਦੇ ਵਿਧਾਇਕਾਂ ਤੇ ਸਮਰਥਕਾਂ ਨਾਲ ਲੰਚ ਡਿਪਲੋਮੇਸੀ ਦੌਰਾਨ ਕਿਹਾ ਕਿ ਬਾਜਵਾ ਨਾ ਤਾਂ ਉਨ੍ਹਾਂ ਦੇ ਦੋਸਤ ਹਨ ਤੇ ਨਾ ਹੀ ਉਨ੍ਹਾਂ ਦੇ ਸਮਰਥਕ ਹਨ। ਇਸ ਮੌਕੇ ਉਨ੍ਹਾਂ ਬੇਬਾਕੀ ਨਾਲ ਕਿਹਾ ਕਿ ਉਹ ਪਹਿਲਾਂ ਹੀ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲੋਂ ਮੰਗ ਕਰ ਚੁੱਕੇ ਹਨ ਕਿ ਬਾਜਵਾ ਨੂੰ ਚੱਲਦਾ ਕੀਤਾ ਜਾਵੇ।

ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਵਿੱਤੀ ਮਾਮਲਿਆਂ ਦੀ ਸਮਝ ਨਹੀਂ ਆਈ। ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਦਿੱਲੀ ਜਾ ਕੇ ਤਾਂ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਨ ਦੀ ਗੱਲ ਕਰਦੇ ਹਨ, ਜਦਕਿ ਪੰਜਾਬ ਵਿੱਚ ਖੁਦ ਕਾਂਗਰਸੀਆਂ ਵਿਰੁੱਧ ਝੂਠੇ ਕੇਸ ਦਰਜ ਕਰਵਾ ਰਹੇ ਹਨ। ਉਨ੍ਹਾਂ ਪੰਜਾਬ ਵਿੱਚ ਹੋ ਰਹੇ ਫਰਜ਼ੀ ਪੁਲੀਸ ਮੁਕਾਬਲਿਆਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਬਾਦਲ ਵੱਲੋਂ ਫ਼ੌਜ ਵਿੱਚ ਭਰਤੀ ਦੌਰਾਨ ਪੰਜਾਬੀਆਂ ਦੀ ਪੁਰਾਣਾ ਅਨੁਪਾਤ ਬਰਕਰਾਰ ਰੱਖਣ ਦੀ ਮੰਗ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਹਵਾ ਵਿੱਚ ਡਾਂਗਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਹਨ ਤਾਂ ਬਾਦਲ ਗੁਜਰਾਤ ਦੇ ਸਿੱਖ ਕਿਸਾਨਾਂ ਦੇ  ਉਜਾੜੇ ਦੇ ਮੁੱਦੇ ਉਪਰ ਖਾਮੋਸ਼ ਹੋ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਧੜਾ ਪ੍ਰਤਾਪ ਸਿੰਘ ਬਾਜਵਾ ਨੂੰ ਸਿਆਸੀ ਝਟਕਾ ਦੇਣ ਲਈ  ਪੰਜਾਬ ਕਾਂਗਰਸ ਵਿੱਚ ਅਜਿਹੀ ਸਥਿਤੀ ਪੈਦਾ ਕਰ ਰਹੇ ਹਨ, ਜਿਸ ਵਿੱਚ ਸਿਆਸੀ ਵੱਕਾਰ ਵੀ ਦਾਅ ’ਤੇ ਲੱਗ ਜਾਂਦਾ ਹੈ। ਜਦੋਂ ਡਰੱਗ ਮਾਫ਼ੀਆ ਦੇ ਸਰਗਨਾ ਜਗਦੀਸ਼ ਭੋਲਾ ਨੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸ਼ਾਮਲ ਹੋਣ ਦੇ ਦੋਸ਼ ਲਗਾਏ ਸਨ ਤਾਂ ਬਾਜਵਾ ਨੇ ਸੀ ਬੀ ਆਈ ਜਾਂਚ ਲਈ ਭੁੱਖ ਹੜਤਾਲ ਦੀ ਲੜੀ ਚਲਾਈ ਸੀ, ਜਦਕਿ ਕੈਪਟਨ ਡਰੱਗ ਦਾ ਮਾਮਲਾ ਸੀ ਬੀ ਆਈ ਹਵਾਲੇ ਕਰਨ ਦੇ ਵਿਰੋਧ ਵਿੱਚ ਬਿਆਨਬਾਜੀ ਕਰ ਰਹੇ ਸਨ। ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਕੈਪਟਨ ਭਗਤੀ ਦੀ ਮਿਸਾਲ ਪੈਦਾ ਕਰਦਿਆਂ ਵਿਧਾਨ ਸਭਾ ਵਿੱਚ ਮਜੀਠੀਆ ਨੂੰ ‘ਕਲੀਨ ਚਿੱਟ’ ਦੇਣ ਤੋਂ ਵੀ ਗੁਰੇਜ਼ ਨਹੀਂ ਸੀ ਕੀਤਾ। ਇਸ ਤਰ੍ਹਾਂ ਪੰਜਾਬ ਕਾਂਗਰਸ ਦੇ ਸੰਘਰਸ਼ ਦੀ ਫੂਕ ਨਿਕਲ ਗਈ ਸੀ।