ਡਾ. ਮਨਮੋਹਨ ਸਿੰਘ ਨੇ ਕਦੇ ਵੀ ਬਾਦਲ ਨੂੰ ਖਾਲੀ ਹੱਥ ਨਹੀਂ ਸੀ ਮੋੜਿਆ
ਐਨ ਐਨ ਬੀ ਚੰਡੀਗੜ੍ਹ – ਵਿਧਾਨ ਸਭਾ ਵਿੱਚ ਕਾਂਗਰਸ ਧਿਰ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੇਂਦਰ ਤੋਂ ਸੂਬੇ ਸਿਰ ਚੜ੍ਹੇ 1.02 ਲੱਖ ਕਰੋੜ ਰੁਪਏ ਦੀ ਕਰਜ਼ੇ ਦੀ ਮੁਆਫ਼ੀ ਦੇਣ ਸਬੰਧੀ ਵਿਸ਼ੇਸ਼ ਮੰਗ ਦਾ ਮਜ਼ਾਕ ਉਡਾਦਿਆਂ ਕਹਾ ਕਿ ਲੰਬੇ ਸਮੇਂ ਤੱਕ ਬਤੌਰ ਮੁੱਖ ਮੰਤਰੀ ਸੇਵਾ ਨਿਭਾਉਣ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਸੂਬੇ ਤੇ ਕੇਂਦਰ ਵਿਚਾਲੇ ਵੱਖ ਵੱਖ ਵਿੱਤੀ ਮਾਮਲਿਆਂ ਦੇ ਹੱਲ ਸਬੰਧੀ ਤਰੀਕਿਆਂ ਤੇ ਨਿਯਮਾਂ ਤੋਂ ਅਨਜਾਣ ਹਨ। ਪੰਜਾਬ ਵਿੱਚ ਵਰਤਮਾਨ ਮਾੜੇ ਵਿੱਤੀ ਹਾਲਾਤ ਦਾ ਅਤਿਵਾਦ ‘ਤੇ ਦੋਸ਼ ਲਾਉਣਾ ਗਲਤ ਹੈ, ਕਿਉਂਕਿ ਅਸਲ ਵਿੱਚ ਇਹ ਸ੍ਰੀ ਬਾਦਲ ਦੀ ਅਰਥਵਿਵਸਥਾ ਨੂੰ ਸੰਭਾਲਣ ਨੂੰ ਲੈ ਕੇ ਅਸਫਲਤਾ, ਬੇਨਿਯਮੀ ਅਤੇ ਦੂਰਅੰਦੇਸ਼ੀ ਸੋਚ ਦੀ ਘਾਟ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਸ੍ਰੀ ਬਾਦਲ ਅਰਾਜਕਤਾਵਾਦੀ ਤਰੀਕੇ ਨਾਲ ਸੰਗਤ ਦਰਸ਼ਨਾਂ ਦੌਰਾਨ ਗ੍ਰਾਂਟਾਂ ਵੰਡਦੇ ਹਨ, ਉਸ ਨਾਲ ਸੂਬੇ ਦੀ ਪਲਾਨਿੰਗ ਬਦਤਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸ੍ਰੀ ਮੋਦੀ ਤੇ ਸ੍ਰੀ ਜੇਤਲੀ ਤੋਂ ਪੰਜਾਬ ਨੂੰ ਪੈਸਿਆਂ ਦੇ ਟਰੱਕ ਭੇਜਣ ਦੀ ਆਸ ਰੱਖੀ ਹੈ, ਜਦਕਿ ਕੇਂਦਰ ਦਾ ਕਹਿਣਾ ਹੈ ਕਿ ਜਦੋਂ ਤੱਕ ਬਾਦਲ ਆਪਣਾ ਘਰ ਨਹੀਂ ਸੁਧਾਰਦੇ ਕੋਈ ਕੁਝ ਨਹੀਂ ਕਰ ਸਕਦਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਮਾਮਲਾ ਉਠਾਇਆ ਜਾ ਰਿਹਾ ਹੈ, ਉਸ ਬਾਰੇ ਪਹਿਲਾਂ ਹੀ ਵਿੱਤ ਕਮਿਸ਼ਨ ਫੈਸਲਾ ਲੈ ਚੁੱਕਿਆ ਹੈ, ਜਿਸਨੇ ਪੰਜਾਬ ਅਤੇ ਦੋ ਹੋਰਨਾਂ ਸੂਬਿਆਂ ਪੱਛਮੀ ਬੰਗਾਲ ਤੇ ਕੇਰਲਾ ਨੂੰ ਨਿਸ਼ਚਿਤ ਸ਼ਰਤਾਂ ਪੂਰੀਆਂ ਕਰਨ ਸਮੇਤ ਖ਼ਜ਼ਾਨੇ ਦਾ ਘਾਟਾ ਦੂਰ ਕਰਨ ਲਈ ਕਿਹਾ ਹੈ। ਇਸ ਲੜੀ ਹੇਠ ਵਿੱਤ ਕਮਿਸ਼ਨ ਵੱਲੋਂ ਰੱਖੀਆਂ ਸ਼ਰਤਾਂ ਨੂੰ ਪੂਰਾ ਕਰਦਿਆਂ ਆਪਣਾ ਘਰ ਸੁਧਾਰਨ ਦੀ ਲੋੜ ਹੈ, ਜਦਕਿ ਮੁੱਖ ਮੰਤਰੀ ਆਪਣੇ ਪੁਰਾਣੇ ਅੰਦਾਜ਼ ਵਿੱਚ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਨੇ ਕੇਂਦਰ ਦੀ ਕਾਂਗਰਸ ਸਰਕਾਰ ‘ਤੇ ਪੰਜਾਬ ਨਾਲ ਪੱਖਪਾਤ ਕਰਨ ਦਾ ਦੋਸ਼ ਲਾਉਣ ‘ਤੇ ਕਿਹਾ ਕਿ ਸ੍ਰੀ ਮੋਦੀ ਦੇ ਮੁਕਾਬਲੇ ਪੰਜਾਬ ਲਈ ਡਾ. ਮਨਮੋਹਨ ਸਿੰਘ ਬਿਹਤਰ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਕਦੇ ਵੀ ਸ੍ਰੀ ਬਾਦਲ ਨੂੰ ਖਾਲੀ ਹੱਥ ਨਹੀਂ ਮੋੜਿਆ ਸੀ।