ਬਾਜਵਾ ਨੇ ਖੁਦ ਨੂੰ ਰੰਕ ਤੇ ਕੈਪਟਨ ਨੂੰ ਰਾਜਾ ਦੱਸਿਆ
ਸ਼ਬਦੀਸ਼
ਚੰਡੀਗੜ੍ਹ – ਜਿਵੇਂ ਤਵੱਕੋ ਹੋ ਰਹੀ ਸੀ, ਪੰਜਾਬ ਕਾਂਗਰਸ ਦਾ ਬਾਜਵਾ-ਕੈਪਟਨ ਵਿਵਾਦ ਸੋਨੀਆ-ਰਾਹੁਲ ਦੀ ਕਚਿਹਰੀ ਵਿੱਚ ਚਲਾ ਗਿਆ ਹੈ। ਪੰਜਾਬ ਇਕਾਈ ’ਚ ਚਲਦੇ ਰਹੇ ਰੇੜਕੇ ਦਾ ਮਾਮਲਾ ਹਾਈਕਮਾਂਡ ਕੋਲ ਪਹੁੰਚਣ ਦਾ ਖ਼ੁਲਾਸਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੀਤਾ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਤਨਜ਼ ਕੱਸਦਿਆਂ ਕਿਹਾ ਕਿ ਕੈਪਟਨ ‘ਰਾਜਾ’ ਅਤੇ ਅਸੀਂ ‘ਰੰਕ’ ਹਾਂ। ਰਾਜੇ ਨੂੰ ਤਾਂ ਕੁਝ ਵੀ ਕਹਿਣ ਦਾ ਜੱਦੀ-ਪੁਸ਼ਤੀ ਅਧਿਕਾਰ ਹੁੰਦਾ ਹੈ, ਪਰ ਉਹ ਇਸ ਅਧਿਕਾਰ ਦੇ ਪੰਜਾਬ ਕਾਂਗਰਸ ਨੂੰ ਹੋਣ ਜਾ ਰਹੇ ਨੁਕਸਾਨ ਪ੍ਰਤੀ ਬੇਫਿਕਰ ਹਨ।
ਇਸੇ ਦੌਰਾਨ ਕਾਂਗਰਸ ਦੇ ਵਫ਼ਦ ਨੇ ਕਿਸਾਨੀ ਮਸਲਿਆਂ ਬਾਰੇ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਮੁੱਚੇ ਮਾਮਲੇ ਦੀ ਜਾਣਕਾਰੀ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਪੁੱਜ ਚੁੱਕੀ ਹੈ। ਪਾਰਟੀ ਦੇ ਅਨੁਸ਼ਾਸਨ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਹਾਈਕਮਾਂਡ ਕੋਲ ਹੈ ਅਤੇ ਕੌਮੀ ਲੀਡਰਸ਼ਿਪ ਹੀ ਇਸ ਬਾਰੇ ਕੁਝ ਕਹਿ ਸਕਦੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਨੇ ਸੋਮਵਾਰ ਨੂੰ ਕਿਹਾ ਸੀ ਕਿ ਸ੍ਰੀ ਬਾਜਵਾ ਨਾ ਤਾਂ ਉਨ੍ਹਾਂ ਦੇ ਦੋਸਤ ਹਨ ਤੇ ਨਾ ਹੀ ਸਮਰਥਕ ਅਤੇ ਉਹ ਪਹਿਲਾਂ ਹੀ ਹਾਈਕਮਾਂਡ ਨੂੰ ਪ੍ਰਧਾਨ ਬਦਲਣ ਬਾਰੇ ਆਖ ਚੁੱਕੇ ਹਨ।
ਸ੍ਰੀ ਬਾਜਵਾ ਨੇ ਕੈਪਟਨ ਵੱਲੋਂ ਵਿਧਾਇਕਾਂ ਦਾ ਇਕੱਠ ਕਰਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਗੱਲ ਨੂੰ ਨਕਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਸੇ ਦਿਨ ਹੀ ਕਾਂਗਰਸ ਭਵਨ ਵਿਖੇ ਪਾਰਟੀ ਅਹੁਦੇਦਾਰਾਂ ਦੀ ਵਿਸ਼ਾਲ ਮੀਟਿੰਗ ਰੱਖੀ ਗਈ ਸੀ। ਕਾਂਗਰਸ ਆਗੂ ਨੇ ਥੋੜ੍ਹਾ ਨਰਮ ਰੁਖ ਅਪਣਾਉਂਦਿਆਂ ਕਿਹਾ ਕਿ ਉਹ ਕੈਪਟਨ ਦੀ ਸਰਕਾਰ ਵਿੱਚ ਪੰਜ ਸਾਲ ਮੰਤਰੀ ਰਹੇ ਹਨ। ਉਹ ਕੈਪਟਨ ਨਾਲ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ, “ਉਹ ਮੇਰੇ ਵੱਡੇ ਭਰਾ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਗੱਲ ਕਹਿਣ ਦਾ ਹੱਕ ਹੈ।”
ਉਨ੍ਹਾਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਹਮੇਸ਼ਾ ਪਾਰਟੀ ਮੁੱਦਿਆਂ ਦੇ ਆਧਾਰ ’ਤੇ ਚੱਲਦੀ ਹੈ, ਧੜੇਬੰਦੀ ਦੇ ਆਧਾਰ ’ਤੇ ਨਹੀਂ। ਉਨ੍ਹਾਂ ਦਾ ਕਹਿਣਾ ਸੀ, “ਮੈਨੂੰ ਸੋਨੀਆ ਗਾਂਧੀ ਨੇ ਇਹ ਜ਼ਿੰੇਮੇਵਾਰੀ ਸੌਂਪੀ ਹੈ ਅਤੇ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਮੇਰੇ ਸਮੇਤ ਪਰਿਵਾਰ ਦੇ ਮੈਂਬਰਾਂ ਨੇ 10 ਵੱਖ ਵੱਖ ਚੋਣਾਂ ਲੜੀਆਂ ਹਨ ਅਤੇ ਮੈਂ ਆਮ ਲੋਕਾਂ ਦਾ ਨੇਤਾ ਹਾਂ।”
ਰਾਜਪਾਲ ਨੂੰ ਸੌਂਪੇ ਮੈਮੋਰੰਡਮ ਬਾਰੇ ਸ੍ਰੀ ਬਾਜਵਾ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ 21 ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਝੋਨੇ ਦੀ ਖ਼ਰੀਦ ਭਾਵੇਂ ਅੱਜ ਤੋਂ ਸ਼ੁਰੂ ਹੋ ਗਈ ਹੈ ਪਰ ਪੰਜਾਬ ਸਰਕਾਰ ਨੇ ਕੋਈ ਤਿਆਰੀ ਨਹੀਂ ਕੀਤੀ ਹੈ। ਪੰਜਾਬ ਸਰਕਾਰ ਵਪਾਰੀਆਂ ਨਾਲ ਮਿਲੀਭੁਗਤ ਕਰਕੇ ਬਾਸਮਤੀ ਦੀ ਮੰਡੀਆਂ ਵਿੱਚ ਲੁੱਟ ਕਰ ਰਹੀ ਹੈ। ਮਹਿਜ਼ 2100-2200 ਰੁਪਏ ਵਿੱਚ ਬਾਸਮਤੀ ਖ਼ਰੀਦ ਕੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦੇ ਯੋਗ ਪ੍ਰਬੰਧ ਕਰਕੇ ਬਾਸਮਤੀ ਦਾ ਬਣਦਾ ਮੁੱਲ ਨਾ ਦਿੱਤਾ ਗਿਆ ਤਾਂ ਕਾਂਗਰਸ ਪਾਰਟੀ ਮੰਡੀਆਂ ਵਿੱਚ ਧਰਨੇ ਮਾਰੇਗੀ ਅਤੇ ਲੋੜ ਪੈਣ ’ਤੇ ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਵੀ ਕੀਤਾ ਜਾਏਗਾ।
ਵਫ਼ਦ ਵਿੱਚ ਕਾਂਗਰਸ ਦੇ ਕਿਸਾਨ ਤੇ ਖੇਤ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਐਚਐਸ ਹੰਸਪਾਲ, ਭਾਰਤੀ ਕਿਸਾਨ ਯੂਨੀਅਨ (ਭਾਰਤੀ) ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਭੁਪਿੰਦਰ ਸਿੰਘ ਮਾਨ ਅਤੇ ਹੋਰ ਅਹੁਦੇਦਾਰਾਂ ਰਾਜਨਬੀਰ ਸਿੰਘ, ਜਸਬੀਰ ਸਿੰਘ ਡਿੰਪਾ, ਹਰਮਿੰਦਰ ਸਿੰਘ ਗਿੱਲ, ਲਖਵਿੰਦਰ ਕੌਰ ਗਰਚਾ, ਗੁਰਪ੍ਰਤਾਪ ਸਿੰਘ ਮਾਨ ਅਤੇ ਸੁਰਿੰਦਰਪਾਲ ਸਿੰਘ ਸਿਬੀਆ ਸਮੇਤ ਹੋਰ ਆਗੂ ਹਾਜ਼ਰ ਸਨ।