ਕੈਰੋਂ-ਪਾਸਵਾਨ ਮੀਟਿੰਗ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਬਾਰੇ ਰੇੜਕਾ ਮੁੱਕਿਆ

0
1119

 

Adhesh-partap-singhPaswan

ਐਨ ਐਨ ਬੀ

ਚੰਡੀਗੜ੍ਹ – ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਅਤੇ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਨਵੀਂ ਦਿੱਲੀ ਮੀਟਿੰਗ ਦੌਰਾਨ ਬਣੀ ਸਹਿਮਤੀ ਪਿੱਛੋਂ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਸ਼ੈਲਰ ਮਾਲਕਾਂ, ਮਜ਼ਦੂਰਾਂ ਅਤੇ ਸਰਕਾਰ ਦਰਮਿਆਨ ਚੱਲ ਰਿਹਾ ਰੇੜਕਾ ਖ਼ਤਮ ਹੋ ਗਿਆ ਹੈ। ਕੇਂਦਰੀ ਖ਼ੁਰਾਕ ਮੰਤਰਾਲੇ ਨੇ ਬੋਰੀਆਂ ਵਿੱਚ ਝੋਨੇ ਦੀ ਭਰਾਈ 40 ਤੋਂ ਘਟਾ ਕੇ 37.50 ਕਿਲੋ ਕਰਨ ਅਤੇ ਚਾਵਲ ਵਿੱਚ ਨਮੀ ਦੀ ਮਾਤਰਾ 14 ਤੋਂ ਵਧਾ ਕੇ 15 ਫ਼ੀਸਦੀ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਵਿਭਾਗ ਦੇ ਸਕੱਤਰ ਧਰਮਜੀਤ ਸਿੰਘ ਗਰੇਵਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕੇਂਦਰ ਵੱਲੋਂ ਇਹ ਮੰਗਾਂ ਮੰਨੇ ਜਾਣ ਤੋਂ ਬਾਅਦ ਝੋਨੇ ਦੀ ਖ਼ਰੀਦ ਦਾ ਅਮਲ ਤੇਜ਼ ਹੋਣ ਦੀ ਆਸ ਬੱਝ ਗਈ ਹੈ।

ਧਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਏਜੰਸੀਆਂ ਨੂੰ ਨਵੀਆਂ ਸ਼ਰਤਾਂ ਮੁਤਾਬਕ ਝੋਨਾ ਖ਼ਰੀਦਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸੂਬਾ ਸਰਕਾਰ ਨੇ ਝੋਨੇ ਦੀ ਖ਼ਰੀਦ ਪਹਿਲੀ ਅਕਤੂਬਰ ਤੋਂ ਕਰਨ ਦਾ ਐਲਾਨ ਕੀਤਾ ਸੀ ਪਰ ਅੜਿੱਕਿਆਂ ਕਾਰਨ ਸਰਕਾਰੀ ਏਜੰਸੀਆਂ ਝੋਨੇ ਦੀ ਖ਼ਰੀਦ ਨਹੀਂ ਕਰ ਰਹੀਆਂ ਸਨ ਕਿਉਂਕਿ ਸ਼ਰਤਾਂ ਦੇ ਰੇੜਕੇ ਕਾਰਨ ਸਰਕਾਰ ਤੇ ਸ਼ੈਲਰ ਮਾਲਕਾਂ ਦਰਮਿਆਨ ਸਮਝੌਤੇ ਨਹੀਂ ਲਿਖੇ ਜਾ ਰਹੇ ਸਨ।

ਪੰਜਾਬ ਵਿੱਚ ਝੋਨੇ ਦੀ ਭਰਾਈ 35 ਕਿਲੋ ਪ੍ਰਤੀ ਬੋਰੀ ਕੀਤੀ ਜਾਂਦੀ ਸੀ ਪਰ ਕੇਂਦਰ ਸਰਕਾਰ ਨੇ 40 ਕਿਲੋ ਕਰ ਦਿੱਤੀ ਸੀ, ਜਿਸ ਕਾਰਨ ਸੂਬਾ ਸਰਕਾਰ ਅਤੇ ਮਜ਼ਦੂਰ ਸਹਿਮਤ ਨਹੀਂ ਸਨ। ਸਰਕਾਰ ਦਾ ਦਾਅਵਾ ਸੀ ਕਿ ਥੈਲਿਆਂ ਵਿੱਚ 40 ਕਿਲੋ ਝੋਨੇ ਦੀ ਭਰਾਈ ਨਹੀਂ ਕੀਤੀ ਜਾ ਸਕਦੀ। ਝੋਨੇ ਤੋਂ ਬਾਅਦ ਚਾਵਲ ਲੈਣ ਸਮੇਂ ਨਮੀ ਦੀ ਮਾਤਰਾ ਘਟਾ ਕੇ 14 ਫ਼ੀਸਦੀ ਕਰ ਦਿੱਤੀ ਗਈ ਸੀ। ਇਸ ਮੁੱਦੇ ’ਤੇ ਸ਼ੈਲਰ ਮਾਲਕ ਅੜੇ ਹੋਏ ਸਨ। ਸ਼ੈਲਰ ਮਾਲਕਾਂ ਦਾ ਤਰਕ ਸੀ ਕਿ ਨਮੀ ਘਟਾਉਣ ਕਾਰਨ ਚਾਵਲ ਦੀ ਮਾਤਰਾ ਘਟ ਜਾਵੇਗੀ ਜਿਸ ਨਾਲ ਸ਼ੈਲਰ ਮਾਲਕਾਂ ਨੂੰ ਵਿੱਤੀ ਨੁਕਸਾਨ ਹੋਵੇਗਾ। ਚਾਵਲ ਦੀ ਨਮੀ ਘੱਟ ਵਾਲੀ ਸ਼ਰਤ ਕਾਰਨ ਸਮਝੌਤੇ ਨਹੀਂ ਹੋ ਰਹੇ ਸਨ।

ਕੇਂਦਰੀ ਖ਼ੁਰਾਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੰਮ੍ਰਿਤਸਰ ਫੇਰੀ ਦੌਰਾਨ ਮੰਗਾਂ ਮੰਨਣ ਬਾਰੇ ਭਰੋਸਾ ਦਿਵਾਇਆ ਸੀ ਪਰ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ ਸੀ। ਹੁਣ ਪਾਸਵਾਨ-ਕੈਰੋਂ ਮੀਟਿੰਗ ਦੌਰਾਨ ਮੰਗਾਂ ਬਾਰੇ ਸਹਿਮਤੀ ਬਣ ਗਈ ਹੈ। ਕੇਂਦਰ ਸਰਕਾਰ ਨੇ ਕੁਝ ਹੋਰ ਮੰਗਾਂ ਮੰਨਣ ਬਾਰੇ ਵੀ ਸਹਿਮਤੀ ਦੇ ਦਿੱਤੀ ਹੈ।

ਇਨ੍ਹਾਂ ਹਾਲਾਤ ਵਿੱਚ ਝੋਨੇ ਦੀ ਖ਼ਰੀਦ ਵਿੱਚ ਤੇਜ਼ੀ ਆ ਜਾਵੇਗੀ ਅਤੇ ਪੰਜਾਬ ਸਰਕਾਰ ਨੁੰ ਸਿਆਸੀ ਵਿਰੋਧੀਆਂ ਤੇ ਕਿਸਾਨ ਜਥੇਬੰਦੀਆਂ ਦੇ ਤਿੱਖੇ ਨਿਸ਼ਾਨੇ ਤੋਂ ਰਾਹਤ ਮਿਲ਼ ਜਾਵੇਗੀ। ਹੁਣ ਤੱਕ ਤਾਂ ਪੰਜਾਬ ਦੀਆਂ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਗੈਰਹਾਜ਼ਰ ਸਨ ਅਤੇ ਵਪਾਰੀ ਸਮਰਥਨ ਮੁੱਲ ਤੋਂ ਘੱਟ ਭਾਅ ਦੇ ਕੇ ਝੋਨੇ ਦੀ ਖ਼ਰੀਦ ਕਰ ਰਹੇ ਸਨ। ਓਧਰ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਪਏ ਹਨ ਅਤੇ ਜਿੱਥੇ ਕਿਤੇ ਝੋਨੇ ਦੀ ਖ਼ਰੀਦ ਹੋ ਗਈ ਸੀ, ਉੱਥੇ ਭਰਾਈ ਦਾ ਕੰਮ ਰੁਕਿਆ ਪਿਆ ਸੀ ਕਿਉਂਕਿ ਆੜ੍ਹਤੀਏ 40 ਕਿਲੋ ਦੀ ਭਰਾਈ ਕਰਨ ਲਈ ਤਿਆਰ ਨਹੀਂ ਸਨ। ਮੰਡੀ ਬੋਰਡ ਵੱਲੋਂ 1806 ਖਰੀਦ ਕੇਂਦਰਾਂ ਤੋਂ ਮਸਾਂ 213175 ਟਨ ਝੋਨਾ ਖ਼ਰੀਦਣ ਦੀ ਜਾਣਕਾਰੀ ਮਿਲੀ ਹੈ।