ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਤਿੰਨ ਖਾੜਕੂ ਪ੍ਰੋਡਕਸ਼ਨ ਵਾਰੰਟ ’ਤੇ ਜਲੰਧਰ ਲਿਆਂਦੇ

0
1011

KLF logo

ਐਨ ਐਨ ਬੀ

ਜਲੰਧਰ – ਪੰਜਾਬ ਪੁਲੀਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਦੱਸੇ ਜਾਂਦੇ ਤਿੰਨ ਦਹਿਸ਼ਤਗਰਦਾਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਇਥੇ ਲਿਆਂਦਾ ਹੈ। ਅਦਾਲਤ ਨੇ ਇਨ੍ਹਾਂ ਤਿੰਨਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਥਾਈਲੈਂਡ ਤੋਂ ਲਿਆਂਦੇ ਗੁਰਪ੍ਰੀਤ ਸਿੰਘ ਗੋਪੀ ਨੂੰ ਪੁਲੀਸ ਗੁਰਦਾਸਪੁਰ ਜੇਲ੍ਹ ਵਿਚੋਂ, ਹਰਪ੍ਰੀਤ ਸਿੰਘ ਉਰਫ ਪਿੰਟੂ ਨੂੰ ਕਪੂਰਥਲਾ ਜੇਲ੍ਹ ਵਿਚੋਂ ਤੇ ਦਲਜੀਤ ਸਿੰਘ ਨੂੰ ਨਾਭਾ ਜੇਲ੍ਹ ਵਿਚੋਂ ਲੈ ਕੇ ਆਈ ਹੈ। ਇਨ੍ਹਾਂ ਤਿੰਨੋਂ ਖਾੜਕੂਆਂ ਦਾ ਸਬੰਧ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲੀਸ ਨੇ ਬੀਤੀ ਰਾਤ ਥਾਈਲੈਂਡ ’ਚੋਂ ਫੜ ਕੇ ਲਿਆਂਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ ਨੂੰ ਚਾਰ ਦਿਨ ਦਾ ਪੁਲੀਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ ਸੀ। ਉਸ ਨੂੰ ਮੁੜ ਚਾਰ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਅਦਾਲਤ ਨੂੰ ਇਹ ਦਲੀਲ ਦਿੱਤੀ ਹੈ ਕਿ ਮਿੰਟੂ ਦਾ ਪੰਜਾਬ ਵਿਚ ਹੋਰ ਅਤਿਵਾਦੀਆਂ ਨਾਲ ਵੀ ਨੈੱਟਵਰਕ ਜੁੜਿਆ ਹੋਇਆ ਹੈ, ਜਿਸ ਦਾ ਅਜੇ ਪਤਾ ਲਾਉਣਾ ਬਾਕੀ ਹੈ।

ਜ਼ਿਕਰਯੋਗ ਹੈ ਕਿ ਦੋ ਹਫਤੇ ਪਹਿਲਾਂ ਪੁਲੀਸ ਥਾਈਲੈਂਡ ਤੋਂ ਹਰਮਿੰਦਰ ਸਿੰਘ ਮਿੰਟੂ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਫੜ ਕੇ ਲਿਆਈ ਸੀ। ਉਦੋਂ ਪੁਲੀਸ ਨੇ ਇਹ ਦਾਅਵਾ ਕੀਤਾ ਸੀ ਕਿ ਇਨ੍ਹਾਂ ਫੜੇ ਗਏ ਖਾੜਕੂਆਂ ਨੇ ਇਹ ਗੱਲ ਸਵੀਕਾਰ ਕੀਤੀ ਸੀ ਕਿ ਉਨ੍ਹਾਂ ਨੇ ਥਾਈਲੈਂਡ ਵਿਚ ਆਈ.ਐਸ.ਆਈ. ਤੋਂ ਬੰਬ ਬਣਾਉਣ ਦੀ ਟ੍ਰੇਨਿੰਗ ਲਈ ਹੈ। ਇਹ ਪਹਿਲੀ ਵਾਰ ਹੈ ਕਿ ਆਈ.ਐਸ.ਆਈ. ਨੇ ਪਾਕਿਸਤਾਨ ਤੋਂ ਬਾਅਦ ਥਾਈਲੈਂਡ ’ਚ ਸਿਖਲਾਈ ਕੈਂਪ ਲਾਇਆ ਸੀ ਤੇ ਇਹ ਸਿਖਲਾਈ ਉਨ੍ਹਾਂ ਨੇ ਥਾਈਲੈਂਡ ਦੀ ਬਰਮਾ ਦੇਸ਼ ਨਾਲ ਲੱਗਦੀ ਸਰਹੱਦ ਨੇੜੇ ਲੱਗੇ ਕੈਂਪ ਵਿਚ ਲਈ ਸੀ। ਜ਼ਿਲਾ ਜਲੰਧਰ ਦੀ ਦਿਹਾਤੀ ਪੁਲੀਸ ਨੇ ਪਹਿਲਾਂ ਵੀ ਜੰਮੂ-ਕਸ਼ਮੀਰ ਤੋਂ ਅਤਿਵਾਦੀਆਂ ਨੂੰ ਫੜਨ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨਾਲ ਹੀ ਥਾਈਲੈਂਡ ਤੋਂ ਫੜੇ ਗਏ ਖਾੜਕੂਆਂ ਦਾ ਸਬੰਧ ਜੋੜ ਕੇ ਦੇਖਿਆ ਜਾ ਰਿਹਾ ਹੈ। ਹਰਮਿੰਦਰ ਸਿੰਘ ਉਰਫ ਮਿੰਟੂ ਭੋਗਪੁਰ ਦੇ ਪਿੰਡ ਡੱਲੀ ਦਾ ਰਹਿਣ ਵਾਲਾ ਹੈ। ਉਸ ਦੀ ਪਤਨੀ ਅਤੇ ਬੱਚੇ ਕਨੇਡਾ ਰਹਿੰਦੇ ਹਨ ਜਦਕਿ ਮਾਂ-ਬਾਪ ਗੋਆ ਵਿਚ ਰਹਿੰਦੇ ਹਨ।