ਖੱਟਰ ਦੇ ਹਲਫ਼ਦਾਰੀ ਸਮਾਗਮ ਲਈ ਤਬਦੀਲ ਕੀਤੀ ਥਾਂ ਦਾ ਅਧਿਕਾਰੀਆਂ ਨੇ ਜਾਇਜ਼ਾ ਲਿਆ

0
863

GROUND-PKL

ਐਨ ਐਨ ਬੀ

ਚੰਡੀਗੜ੍ਹ – ਤਾਊ ਦੇਵੀ ਲਾਲ ਸਟੇਡੀਅਮ ਦੀ ਥਾਂ ਚੁਣੀ ਗਈ ਸੈਕਟਰ 5 ਦੇ ਸ਼ਾਲੀਮਾਰ ਗਰਾਊਂਡ ਵਿੱਚ 2 ਹਜ਼ਾਰ ਤੋਂ ਵੱਧ ਅਫਸਰਾਂ ਅਤੇ ਹਜ਼ਾਰਾਂ ਵਰਕਰਾਂ ਨੇ ਸਾਰੇ ਪ੍ਰਬੰਧਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਗਰਾਊਂਡ ਵਿੱਚ ਭਾਵੇਂ ਇਕ ਲੱਖ ਲੋਕਾਂ ਦੇ ਆਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ, ਪ੍ਰੰਤੂ ਪੰਜ ਹਜ਼ਾਰ ਵੀ ਆਈ ਪੀਜ਼ ਦੇ ਬੈਠਣ ਅਤੇ 30 ਹਜ਼ਾਰ ਆਮ ਭਾਜਪਾ ਦੇ ਨੇਤਾਵਾਂ ਅਤੇ ਲੋਕਾਂ ਲਈ ਬੈਠਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪੂਰੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲੀਸ ਇਥੇ ਬੁਲਾਈ ਜਾ ਰਹੀ ਹੈ। ਗਰਾਊਂਡ ਪੂਰੀ ਤਰ੍ਹਾਂ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ।ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋ ਰਹੇ ਹਨ, ਜੋ ਅਸੰਤੁਸ਼ਟ ਭਾਜਪਾ ਨੇਤਾਵਾਂ ਲਈ ਚੇਤਾਵਨੀ ਦੀ ਤਰ੍ਹਾਂ ਹਾਜ਼ਰ ਰਹਿਣਗੇ।
ਸੈਕਟਰ 5 ਦੇ ਹੁੱਡਾ ਗਰਾਊਂਡ ਵਿੱਚ ਬੀਤੇ ਤਿੰਨ ਦਿਨਾਂ ਤੋਂ 15 ਜੇ ਸੀ ਬੀ ਮਸ਼ੀਨਾਂ ਅਤੇ 15 ਡੰਪਰ ਪੂਰੇ ਗਰਾਊਂਡ ਨੂੰ ਠੀਕ ਕਰਨ ਲਈ ਚੱਲ ਰਹੇ ਹਨ। ਜੰਗੀ ਪੱਧਰ ਉੱਤੇ ਸ਼ੁਰੂ ਕੀਤੇ ਗਏ ਇਸ ਕੰਮ ਦੀ ਦੇਖ-ਰੇਖ ਲੋਕ ਨਿਰਮਾਣ ਵਿਭਾਗ ਹਰਿਆਣਾ ਅਤੇ ਅਰਬਨ ਵਿਕਾਸ ਅਥਾਰਟੀ ਹੁੱਡਾ ਦੇ ਵੱਲੋਂ ਕੀਤੀ ਜਾ ਰਹੀ ਹੈ। ਹੁੱਡਾ ਇਸ ਗਰਾਊਂਡ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲੋਕ ਨਿਰਮਾਣ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸੰਜੀਵ ਕੌਂਸਲ ਨੇ ਵੀ ਲਿਆ ਅਤੇ ਮੌਕੇ ’ਤੇ ਪ੍ਰਸ਼ਾਸਨ ਦੇ ਅਫਸਰਾਂ ਨਾਲ ਮੀਟਿੰਗ ਕੀਤੀ। ਵੀ ਆਈ ਪੀਜ਼ ਗੱਡੀਆਂ ਲਈ ਗਰਾਊਂਡ ਦੇ ਆਸ-ਪਾਸ ਤਿੰਨ ਪਾਰਕਿੰਗ ਸਥਾਨ ਤੈਅ ਕੀਤੇ ਗਏ ਹਨ।
ਨਵੇਂ ਬਣੇ ਭਾਜਪਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ 9 ਮੰਤਰੀ ਵੀ  ਬਣਾਏ ਜਾਣੇ ਹਨ, ਜਿਨ੍ਹਾਂ ਨੂੰ ਸਮਾਰੋਹ ਵਿੱਚ ਅਹੁਦਾ ਦਿੱਤੇ ਜਾਣ ਤੋਂ ਬਾਅਦ ਸਹੁੰ ਚੁਕਾਈ ਜਾ ਸਕਦੀ ਹੈ।