ਮਹਾਰਾਸ਼ਟਰ : ਮੁੱਖ ਮੰਤਰੀ ਦੀ ਚੋਣ ਲਈ ਮੀਟਿੰਗ ਭਲਕੇ ਹੋਵੇਗੀ
ਐਨ ਐਨ ਬੀ
ਚੰਡੀਗੜ੍ਹ/ਪੰਚਕੂਲਾ – ਹਰਿਆਣਾ ’ਚ ਭਾਜਪਾ ਦੀ ਪਲੇਠੀ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਨੇ ਪੰਚਕੂਲਾ ਦੇ ਮੇਲਾ ਗਰਾਊਂਡ ਵਿੱਚ 10ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਉਨ੍ਹਾਂ ਨਾਲ ਵਜ਼ਾਰਤ ‘ਚ ਛੇ ਕੈਬਨਿਟ ਅਤੇ ਤਿੰਨ ਰਾਜ ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ. ਪ੍ਰਕਾਸ਼ ਸਿੰਘ ਬਾਦਲ, ਇਨੈਲੋ ਆਗੂ ਅਭੈ ਚੌਟਾਲਾ ਸਮੇਤ ਕਈ ਪ੍ਰਮੁੱਖ ਸਿਆਸਤਦਾਨ ਹਾਜ਼ਰ ਸਨ, ਜਦਕਿ ਤੀਜੀ ਸਟੇਜ ‘ਤੇ ਸੂਬੇ ਦੇ ਵਿਧਾਇਕ ਅਤੇ ਭਗਵੇ ਵਸਤਰ ਪਹਿਨੀ ਸਾਧੂ ਅਤੇ ਸੰਤ ਬੈਠੇ ਹੋਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਬਜ਼ੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਖੱਟਰ ਇਕੱਠੇ ਹੀ ਮੰਚ ‘ਤੇ ਆਏ। ਸਭ ਤੋਂ ਪਹਿਲਾਂ ਆਉਣ ਵਾਲੇ ਆਗੂਆਂ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਜਨਰਲ ਸਕੱਤਰ ਜਗਤ ਪ੍ਰਕਾਸ਼ ਨੱਢਾ, ਕੇਂਦਰੀ ਮੰਤਰੀ ਮੇਨਕਾ ਗਾਂਧੀ, ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ, ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਸ਼ਾਮਲ ਸਨ। ਇਸੇ ਦੌਰਾਨ ਸਾਬਕਾ ਸੰਸਦ ਮੈਂਬਰ ਨਵਜੋਤ ਸਿੱਧੂ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਵੀ ਪਹੁੰਚੇ। ਫਿਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸਟੇਜ ‘ਤੇ ਪਹੁੰਚੇ। ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਬੈਠੇ ਹੋਏ ਸਨ। ਨਵਜੋਤ ਸਿੱਧੂ ਨੇ ਪਹਿਲੀ ਕਤਾਰ ਵਿੱਚ ਬੈਠੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਘੁਸਰ-ਮੁਸਰ ਕੀਤੀ, ਪਰ ਪੰਜਾਬ ਦੇ ਮੁੱਖ ਮੰਤਰੀ ਬਾਦਲ ਨਾਲ ਨਿਗਾਹ ਨਹੀਂ ਮਿਲਾਈ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਨੇ ਬਾਦਲ ‘ਤੇ ਤਿੱਖੇ ਹਮਲੇ ਕੀਤੇ ਸਨ, ਕਿਉਂਕਿ ਸ਼੍ਰੋਮਣੀ ਅਕਾਲੀ ਨੇ ਪੰਜਾਬ ‘ਚ ਭਾਈਵਾਲ ਭਾਜਪਾ ਦੀ ਥਾਂ ਹਰਿਆਣਾ ‘ਚ ਅਕਾਲੀ ਇਨੈਲੋ ਨਾਲ ਦੋਸਤੀ ਪੁਗਾਈ ਸੀ।
ਸਟੇਜ ‘ਤੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ, ਗੋਆ ਦੇ ਮੁੱਖ ਮੰਤਰੀ ਪਰੀਕਰ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ, ਕੇਂਦਰੀ ਮੰਤਰੀ ਵੀ ਕੇ ਸਿੰਘ ਸਮੇਤ ਕਈ ਹੋਰ ਆਗੂ ਵੀ ਹਾਜ਼ਰ ਸਨ। ਸਟੇਜ ਦੇ ਸੱਜੇ ਪਾਸੇ ਮੰਚ ‘ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਵਿਧਾਇਕ ਦਲ ਦੇ ਨੇਤਾ ਅਭੈ ਚੌਟਾਲਾ, ਲੋਕ ਸਭਾ ਮੈਂਬਰ ਧਰਮਵੀਰ ਸਮੇਤ ਕਈ ਹੋਰ ਆਗੂ ਸਜੇ ਹੋਏ ਸਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ।
ਹੁੱਡਾ ਨੂੰ ਸੱਦਾ ਪੱਤਰ ਦਿੱਤਾ ਸੀ : ਹਰਿਆਣਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਿਧਾਇਕ ਭੁਪਿੰਦਰ ਸਿੰਘ ਹੁੱਡਾ ਨੇ ਸੱਦਾ ਪੱਤਰ ਨਾ ਦੇਣ ਦਾ ਬਿਆਨ ਦਿੱਤਾ ਸੀ, ਜਿਸਦਾ ਭਾਜਪਾ ਵੱਲੋਂ ਖੰਡਨ ਕੀਤਾ ਹੈ। ਰਾਜ ਸਰਕਾਰ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਡਿਪਟੀ ਕਮਿਸ਼ਨਰ ਦਫ਼ਤਰ, ਰੋਹਤਕ ਵੱਲੋਂ ਹੁੱਡਾ ਤੇ ਉਨ੍ਹਾਂ ਦੇ ਪੁੱਤਰ ਤੇ ਲੋਕ ਸਭਾ ਮੈਂਬਰ ਦੀਪੇਂਦਰ ਹੁੱਡਾ ਨੂੰ ਰੋਹਤਕ ਸਥਿਤ ਰਿਹਾਇਸ਼ ‘ਤੇ ਸੱਦਾ ਪੱਤਰ 25 ਅਕਤੂਬਰ ਨੂੰ ਦੁਪਹਿਰੇ ਇਕ ਵਜੇ ਦਿੱਤਾ ਗਿਆ।
ਹੁੱਡਾ ਦੇ ਫ਼ੈਸਲਿਆਂ ਦੀ ਹੋਏਗੀ ਜਾਂਚ:ਰਾਮ ਬਿਲਾਸ ਸ਼ਰਮਾ
ਸਹੁੰ ਚੁੱਕਣ ਤੋਂ ਬਾਅਦ ਕੈਬਨਿਟ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਭਾਜਪਾ ਸਰਕਾਰ ਪਿਛਲੀ ਹੁੱਡਾ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਕਰਾਏਗੀ। ਉਨ੍ਹਾਂ ਕਿਹਾ ਕਿ ਵਾਡਰਾ ਜ਼ਮੀਨ ਸਕੈਂਡਲ ਦੀ ਜਾਂਚ ਕਰਵਾਉਣ ਲਈ ਹਾਈਕੋਰਟ ਦੇ ਜੱਜ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਜਾਏਗੀ।
ਮਹਾਰਾਸ਼ਟਰ : ਮੁੱਖ ਮੰਤਰੀ ਦੀ ਚੋਣ ਲਈ ਮੀਟਿੰਗ ਭਲਕੇ ਹੋਵੇਗੀ
ਮੁੰਬਈ/ ਨਵੀਂ ਦਿੱਲੀ – ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਚੋਣ ਲਈ ਭਾਜਪਾ ਦੇ ਵਿਧਾਇਕਾਂ ਦੀ ਮੀਟਿੰਗ 28 ਅਕਤੂਬਰ ਨੂੰ ਹੋ ਰਹੀ ਹੈ. ਜਦਕਿ ਸਰਕਾਰ ਬਣਾਉਣ ਲਈ ਸੰਭਾਵੀ ਗੱਠਜੋੜ ਲਈ ਸਾਬਕਾ ਸਮਰਥਕ ਰਹੀ ਸ਼ਿਵ ਸੈਨਾ ਨਾਲ ਅਸਿੱਧੇ ਤੌਰ ‘ਤੇ ਗੱਲਬਾਤ ਜਾਰੀ ਹੈ। ਭਾਵੇਂ ਮੁੱਖ ਮੰਤਰੀ ਦੇ ਅਹੁਦੇ ਲਈ ਕਈ ਨਾਵਾਂ ‘ਤੇ ਚਰਚਾ ਹੋ ਰਹੀ ਹੈ ਪਰ ਭਾਜਪਾ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਦੇਵੇਂਦਰ ਫੜਨਵੀਸ ਇਸ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਸੀਨੀਅਰ ਭਾਜਪਾ ਆਗੂ ਏਕਨਾਥ ਖਡਸੇ ਨੇ ਦੱਸਿਆ ਕਿ ਵਿਧਾਇਕ ਦਲ ਦੇ ਨੇਤਾ ਅਤੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੀ ਚੋਣ 28 ਅਕਤੂਬਰ ਨੂੰ ਵਿਧਾਨ ਭਵਨ ਵਿਖੇ ਸਵੇਰੇ 11 ਵਜੇ ਹੋਵੇਗੀ। ਇਸ ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਮਹਾਰਾਸ਼ਟਰ ਵਿੱਚ ਭਾਜਪਾ ਦੇ ਇੰਚਾਰਜ ਜੇ.ਪੀ. ਨੱਡਾ ਹਾਜ਼ਰ ਰਹਿਣਗੇ। ਸੂਤਰਾਂ ਮੁਤਾਬਕ ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਗਮ 30 ਅਕਤੂਬਰ ਨੂੰ ਹੋਵੇਗਾ।