ਐਨ ਐਨ ਬੀ
ਐਸ.ਏ.ਐਸ. ਨਗਰ -ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਨਾਲ ਜਬਰ ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਜਰਨੈਲ ਜੈਲੀ ਦੇ ਮਾਪਿਆਂ ਅਤੇ ਲਾਇਰਜ਼ ਫਾਰ ਹਿਊਮੈਨਟੀਜ ਮੁਤਾਬਕ ਜੈਲੀ ਨਿਰਦੋਸ਼ ਹੈ ਅਤੇ ਸ਼ਿਕਾਇਤਕਰਤਾ ਜੈਲੀ ਨੂੰ ਬਦਨਾਮ ਅਤੇ ‘ਬਲੈਕਮੇਲ’ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 22 ਅਕਤੂਬਰ ਨੂੰ ਇੱਕ ਅਦਾਕਾਰਾ ਦੀ ਸ਼ਿਕਾਇਤ ’ਤੇ ਮੁਹਾਲੀ ਪੁਲੀਸ ਨੇ ਗਾਇਕ ਜਰਨੈਲ ਜੈਲੀ, ਦੋਸਤ ਗਾਇਕ ਮਨਿੰਦਰ ਮੰਗਾ, ਗੀਤਕਾਰ ਸਵਰਨ ਸਿੰਘ ਛਿੰਦਾ ਤੇ ਚਰਨਪ੍ਰੀਤ ਸਿੰਘ ਗੋਲਡੀ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 363, 364, 376, 376ਡੀ, 506, 313, 328, 120ਬੀ ਤੇ 66 ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ।
ਫੇਜ਼-4 ਸਥਿਤ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਲਾਇਰਜ਼ ਫਾਰ ਹਿਊਮੈਨਟੀਜ ਦੇ ਪ੍ਰਧਾਨ ਰਵਿੰਦਰ ਸਿੰਘ ਬਾਸੀ, ਗਾਇਕ ਜਰਨੈਲ ਜੈਲੀ ਦੇ ਪਿਤਾ ਬਲਬੀਰ ਸਿੰਘ, ਭੈਣ ਗੁਰਜੀਤ ਕੌਰ, ਭਰਾ ਰਣਬੀਰ ਸਿੰਘ ਲੱਕੀ ਤੇ ਦੋਸਤ ਸੁਖਜੰਟ ਸਿੰਘ ਨੇ ਅਦਾਕਾਰਾ ਵੱਲੋਂ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਪੁਲੀਸ ’ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ। ਜੈਲੀ ਦੇ ਵਕੀਲ ਰਵਿੰਦਰ ਸਿੰਘ ਬਾਸੀ ਅਤੇ ਪਿਤਾ ਨੇ ਬਲਬੀਰ ਸਿੰਘ ਨੇ ਕਿਹਾ ਕਿ ਜੈਲੀ ਨੇ 24 ਸਤੰਬਰ ਨੂੰ ਸ਼ਿਕਾਇਤਕਰਤਾ ਨੂੰ ਆਪਣੀ ਪਤਨੀ ਦੱਸਦੇ ਹੋਏ ਤਲਾਕ ਲਏ ਬਿਨਾ ਵਿਆਹ ਕਰਨ ਦੀ ਧੋਖਾਧੜੀ ਦੀ ਰਿਪੋਰਟ ਦਰਜ ਕਰਵਾਈ ਸੀ, ਪਰ ਪੁਲੀਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਅਦਾਕਾਰਾ ਵੱਲੋਂ ਕਈ ਦਿਨਾਂ ਬਾਅਦ ਕੀਤੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ ਆਖਿਆ ਕਿ ਪੁਲੀਸ ਨੇ ਇਸ ਕਾਰਵਾਈ ਨੂੰ ਸਮੇਟਣ ਲੱਗਿਆ ਉਨ੍ਹਾਂ ਦਾ ਪੱਖ ਤੱਕ ਨਹੀਂ ਸੁਣਿਆ ਅਤੇ ਨਾ ਹੀ ਦੋਵਾਂ ਧਿਰਾਂ ਦੀ ਕੌਂਸਲਿੰਗ ਕਰਨ ਦੀ ਲੋੜ ਸਮਝੀ ਹੈ।
ਗਾਇਕ ਜੈਲੀ ਦੇ ਪਿਤਾ ਅਤੇ ਛੋਟੀ ਭੈਣ ਨੇ ਦੱਸਿਆ ਕਿ ਬੀਤੀ 3 ਸਤੰਬਰ ਨੂੰ ਜੈਲੀ ਨੇ ਅਦਾਕਾਰਾ ਨਾਲ ਗੁਰਦੁਆਰਾ ਗੁਰੂ ਨਾਨਕ ਨਿਵਾਸ ਸਾਹਿਬ ਪਿੰਡ ਕਰੋਰ ਕਲਾਂ, ਜ਼ਿਲ੍ਹਾ ਮੁਹਾਲੀ ਵਿੱਚ ਸਿੱਖ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਸੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਉਨ੍ਹਾਂ ਨੂੰ ਵਿਆਹ ਸਬੰਧੀ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਸੀ। ਕੁਝ ਦਿਨ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਅਦਾਕਾਰਾ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਦਿੱਤੇ ਬਗੈਰ ਹੀ ਜੈਲੀ ਨਾਲ ਦੂਜਾ ਵਿਆਹ ਕਰਵਾਇਆ ਹੈ, ਜਦਕਿ ਵਿਆਹ ਕਰਵਾਉਣ ਤੋਂ ਪਹਿਲਾਂ ਅਦਾਕਾਰਾ ਨੇ ਦੱਸਿਆ ਸੀ ਕਿ ਉਸ ਦਾ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਝਗੜਾ ਰਹਿਣ ਲੱਗ ਪਿਆ ਅਤੇ ਬਾਅਦ ਵਿੱਚ ਆਪਣੀ ਗੱਲ ਮਨਾਉਣ ਲਈ ਅਦਾਕਾਰਾ ਨੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਸਨ। ਉਨ੍ਹਾਂ ਆਖਿਆ ਕਿ ਜੈਲੀ ਨੇ ਉਸ ਨੇ ਕੋਈ ਧੋਖਾਧੜੀ ਜਾਂ ਜਬਰ ਜਨਾਹ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਅਸ਼ਲੀਲ ਵੀਡੀਓ ਬਣਾਈ ਹੈ, ਸਗੋਂ ਸਭ ਕੁਝ ਸਹਿਮਤੀ ਵਿੱਚ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਦਾਕਾਰਾ ਨੇ ਆਪਣੇ ਪਹਿਲੇ ਪਤੀ ਦੇ ਖ਼ਿਲਾਫ਼ ਸਾਲ 2007 ਵਿੱਚ ਸੈਕਟਰ-39 ਦੇ ਥਾਣੇ ਵਿੱਚ ਧਾਰਾ 406/498-ਏ ਤਹਿਤ ਦਾਜ ਲਈ ਕੁੱਟਮਾਰ ਕਰਨ ਦਾ ਕੇਸ ਦਰਜ ਕਰਵਾਇਆ ਸੀ। ਉਸ ਦੇ ਪਹਿਲੇ ਪਤੀ ਦੀ ਸ਼ਿਕਾਇਤ ’ਤੇ ਪਾਸਪੋਰਟ ਅਥਾਰਟੀ ਨੇ ਅਦਾਕਾਰਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਸੀ, ਕਿਉਂਕਿ ਉਸ ਨੇ ਕੁਆਰੀ ਦੱਸ ਕੇ ਪਾਸਪੋਰਟ ਬਣਵਾਇਆ ਸੀ। ਗੁਰਜੀਤ ਕੌਰ ਨੇ ਦੱਸਿਆ ਕਿ ਅਦਾਕਾਰਾ ਕਰੀਬ ਛੇ ਮਹੀਨੇ ਪਹਿਲਾਂ ਇੱਕ ਪ੍ਰੋਗਰਾਮ ਦੀ ਬੁਕਿੰਗ ਦੌਰਾਨ ਉਸ ਦੇ ਭਰਾ ਜੈਲੀ ਦੇ ਸੰਪਰਕ ਵਿੱਚ ਆਈ ਸੀ। ਉਨ੍ਹਾਂ ਮੰਗ ਕੀਤੀ ਕਿ ਜੈਲੀ ਦੇ ਖ਼ਿਲਾਫ਼ ਦਰਜ ਝੂਠਾ ਕੇਸ ਰੱਦ ਕੀਤਾ ਜਾਵੇ ਤੇ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ।