ਐਨ ਐਨ ਬੀ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸਲਾਹ ਦਿੱਤੀ ਕਿ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਸਬੰਧੀ ਬੇਲੋੜਾ ਵਿਵਾਦ ਨਾ ਖੜ੍ਹਾ ਕੀਤਾ ਜਾਏ, ਬਲਕਿ ਮਹੀਨੇ ਅੰਦਰ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਖੁੱਲ੍ਹੀ ਬਹਿਸ ਕਰਕੇ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ। ਸਰਨਾ ਨੇ ਕਿਹਾ ਕਿ ਬੰਗਲਾ ਸਾਹਿਬ ਦੀ ਪਾਰਕਿੰਗ ਬਾਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਕਿ ਸਰਨਾ ਭਰਾਵਾਂ ਨੇ ਪਾਰਕਿੰਗ ਐਨ.ਡੀ.ਐਮ.ਸੀ. ਕੋਲ ਵੇਚ ਦਿੱਤੀ ਹੈ, ਜਦਕਿ ਐਨ.ਡੀ.ਐਮ.ਸੀ. ਨਾਲ ਸਮਝੌਤੇ ਵਿਚ ਸਪਸ਼ਟ ਲਿਖਿਆ ਹੈ ਕਿ ਪਾਰਕਿੰਗ ਵੇਚੀ ਨਹੀਂ ਗਈ, ਸਗੋਂ 25 ਸਾਲਾਂ ਲਈ ਲੀਜ ’ਤੇ ਲਈ ਗਈ ਹੈ।
ਇਸ ਸਮਝੌਤੇ ’ਤੇ ਦਸਤਖਤ ਵੇਲੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਵੀ ਮੌਜੂਦ ਸਨ ਅਤੇ ਸਮਝੌਤੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ 25 ਸਾਲਾਂ ਤੋਂ ਬਾਅਦ ਲੀਜ਼ ਵਧਾਈ ਵੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਉੱਪਰ ਲਗਾਏ ਗਏ ਬਾਲਾ ਸਾਹਿਬ ਦੇ ਹਸਪਤਾਲ, ਬੰਗਲਾ ਸਾਹਿਬ ਦੀ ਪਾਰਕਿੰਗ ਅਤੇ ਹੋਰ ਕਥਿਤ ਘਪਲਿਆਂ ਦੀ ਜਾਂਚ ਦੀ ਸੱਚਾਈ ਬਾਹਰ ਆਉਣ ਲਈ ਸੰਗਤਾਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਪਰ ਅਕਾਲੀ ਦਲ (ਬਾਦਲ) ਦੇ ਆਗੂ ਨਾ ਤਾਂ ਖੁਦ ਕੋਈ ਜਾਂਚ ਕਰਵਾ ਸਕੇ ਹਨ ਅਤੇ ਨਾ ਹੀ ਕਿਸੇ ਸਾਬਕਾ ਜੱਜ ਕੋਲੋਂ ਆਪਣੀ ਅਤੇ ਉਨ੍ਹਾਂ ਦੇ ਕਾਰਜਕਾਲ ਦੀ ਜਾਂਚ ਕਰਵਾਉਣ ਲਈ ਤਿਆਰ ਹਨ।