23.4 C
Chandigarh
spot_img
spot_img

Top 5 This Week

Related Posts

ਚਿੰਤਪੁਰਨੀ ਕਾਲਜ ਦੇ ਵਿਦਿਆਰਥੀ ਵੱਲੋਂ ਜੋਸ਼ੀ ਦੀ ਕੋਠੀ ਅੱਗੇ ਖ਼ੁਦਕੁਸ਼ੀ ਦਾ ਯਤਨ

ਸੰਘਰਸ਼ ਕਰਦੀਆਂ ਤਿੰਨ ਵਿਦਿਆਰਥਣਾਂ ਬੇਹੋਸ਼ ਹੋਈਆਂ

Chintpurni

ਐਨ ਐਨ ਬੀ
ਅੰਮ੍ਰਿਤਸਰ – ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਇੱਕ ਵਿਦਿਆਰਥੀ ਨੇ ਕੈਬਨਿਟ ਮੰਤਰੀ  ਅਨਿਲ ਜੋਸ਼ੀ ਦੇ ਘਰ ਕੋਲ ਆਪਣੀ ਕਲਾਈ ਦੀ ਨਸ ਕੱਟ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਜਿਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਖੁਦਕੁਸ਼ੀ ਦਾ ਯਤਨ ਕਰਨ ਵਾਲੇ ਇਸ ਵਿਦਿਆਰਥੀ ਦੀ ਸ਼ਨਾਖਤ ਹਰਸੁਖਦੀਪ ਸਿੰਘ ਵਾਸੀ ਨਵਾਂ ਸ਼ਹਿਰ ਵਜੋਂ ਹੋਈ ਹੈ। ਉਸ ਨੂੰ ਜ਼ਖਮੀ ਹਾਲਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ, ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ।

ਖੁਦਕੁਸ਼ੀ ਦਾ ਯਤਨ ਕਰਨ ਵਾਲੇ ਵਿਦਿਆਰਥੀ ਦੀ ਜੇਬ ਵਿੱਚੋਂ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਪਣੇ ਭਵਿੱਖ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਮੰਗ ਵੱਲ ਧਿਆਨ ਦਿੱਤਾ ਜਾਵੇ ਅਤੇ ਵਿਦਿਆਰਥੀਆਂ ਨੂੰ ਕਿਸੇ ਮਾਨਤਾ ਪ੍ਰਾਪਤ ਕਾਲਜ ਵਿੱਚ ਤਬਦੀਲ ਕੀਤਾ ਜਾਵੇ ਤਾਂ ਜੋ ਉਹ ਆਪਣੀ ਐਮ.ਬੀ.ਬੀ.ਐਸ ਦੀ ਪੜ੍ਹਾਈ ਪੂਰੀ ਕਰ ਸਕਣ।

ਇਸੇ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਸਰਕਾਰੀ ਮੈਡੀਕਲ ਕਾਲਜ ਦੇ ਬਾਹਰੋਂ ਆਪਣੇ ਧਰਨੇ ਦੀ ਥਾਂ ਨੂੰ ਤਬਦੀਲ ਕਰ ਦਿੱਤਾ। ਇਹ ਧਰਨਾ ਹੁਣ ਮੈਡੀਕਲ ਇਨਕਲੇਵ ਨੇੜੇ ਜਿਥੇ ਮੈਡੀਕਲ ਸਿੱਖਿਆ ਬਾਰੇ ਮੰਤਰੀ ਅਨਿਲ ਜੋਸ਼ੀ ਦੀ ਰਿਹਾਇਸ਼ ਹੈ, ਵਿਖੇ ਲਾ ਦਿੱਤਾ ਹੈ। ਨਵੀਂ ਥਾਂ ਤੇ ਧਰਨੇ ਦੌਰਾਨ ਵਿਦਿਆਰਥੀਆਂ ਨੇ ਅਨਿਲ ਜੋਸ਼ੀ ਦੇ ਖਿਲਾਫ਼ ਨਾਅਰੇਬਾਜੀ ਕੀਤੀ ਅਤੇ ਰੋਹ ਦੌਰਾਨ ਚਰਨਜੋਤ ਕੌਰ, ਜਗਤਦੀਪ ਕੌਰ ਅਤੇ ਉਪਿੰਦਰ ਕੌਰ ਨਾਂ ਦੀਆਂ ਵਿਦਿਆਰਥਣਾਂ ਬੇਹੋਸ਼ ਹੋ ਗਈਆਂ। ਇਨ੍ਹਾਂ ਨੂੰ ਤੁਰੰਤ ਨੇੜੇ ਇੱਕ ਕਲੀਨਕ ਵਿਚ ਲੈ ਜਾਇਆ ਗਿਆ, ਜਿਥੋਂ ਇਨ੍ਹਾਂ ਵਿਚੋਂ ਉਪਿੰਦਰ ਕੌਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਤਬਦੀਲ ਕਰ ਦਿੱਤਾ ਗਿਆ। ਡਾਕਟਰਾਂ ਨੇ ਆਖਿਆ ਕਿ ਪਾਣੀ ਦੀ ਕਮੀ ਕਾਰਨ ਉਹ ਅਜਿਹੀ ਸਥਿਤੀ ਪੈਦਾ ਹੋਈ ਹੈ।

ਯਾਦ ਰਹੇ ਕਿ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਵੱਲ ਕਿਸੇ ਵੀ ਅਧਿਕਾਰੀ ਜਾਂ ਮੰਤਰੀ ਨੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹਨ। ਇਸੇ ਮਾਨਸਿਕ ਪ੍ਰੇਸ਼ਾਨੀ ਕਾਰਨ ਹੀ ਉਨ੍ਹਾਂ ਉੱਤੇ ਦਬਾਅ ਵੀ ਵਧ ਰਿਹਾ ਹੈ ਅਤੇ ਗੱਲ ਖੁਦਕੁਸ਼ੀ ਤੱਕ ਪਹੁੰਚ ਗਈ ਹੈ। ਉਸ ਕਾਲਜ ਵਿਚ ਦਾਖਲਾ ਪ੍ਰਾਪਤ ਕਰਨ ਵਾਲੇ ਆਪਣੇ ਭਵਿੱਖ ਨੂੰ ਬਚਾਉਣ ਲਈ ਸੜਕਾਂ ਉੱਤੇ ਹਨ। ਉਨ੍ਹਾਂ ਆਖਿਆ ਕਿ ਉਸ ਵੇਲੇ ਤਕ ਧਰਨਾ ਖਤਮ ਨਹੀਂ ਕਰਨਗੇ, ਜਦੋਂ ਤਕ ਉਨ੍ਹਾਂ ਨੂੰ ਕਿਸੇ ਮਾਨਤਾ ਪ੍ਰਾਪਤ ਕਾਲਜ ਵਿਚ ਤਬਦੀਲ ਨਹੀਂ ਕੀਤਾ ਜਾਂਦਾ।

ਇਸੇ ਦੌਰਾਨ ਮੈਡੀਕਲ ਇਨਕਲੇਵ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਇਕ ਐਸ.ਡੀ.ਐਮ. ਵੀ ਮੌਕੇ ‘ਤੇ ਪੁੱਜਾ ਅਤੇ ਉਸਨੇ ਵਿਦਿਆਰਥੀਆਂ ਨੂੰ ਧਰਨਾ ਖਤਮ ਕਰਨ ਲਈ ਪ੍ਰੇਰਿਆ। ਉਸ ਵਲੋਂ ਵਿਦਿਆਰਥੀਆਂ ਨੂੰ ਅਨਿਲ ਜੋਸ਼ੀ ਨਾਲ ਮੁਲਾਕਾਤ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ ਪਰ ਵਿਦਿਆਰਥੀਆਂ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਅਤੇ ਆਖਿਆ ਕਿ ਹੁਣ ਜੋਸ਼ੀ ਉਨ੍ਹਾਂ ਕੋਲ ਆਉਣ, ਕਿਉਂਕਿ ਇਸ ਤੋਂ ਪਹਿਲਾਂ ਉਹ ਕਈ ਵਾਰ ਉਨ੍ਹਾਂ ਨੂੰ ਮਿਲ ਚੁੱਕੇ ਹਨ, ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ।

Popular Articles