ਐਨ ਐਨ ਬੀ
ਅੰਮ੍ਰਿਤਸਰ – ਖ਼ਾਲਸਾ ਕਾਲਜ ਫ਼ਾਰ ਵਿਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ, ਜਿਸਨੇ ਕੋਰੀਆ ’ਚ ਹੋਈਆਂ ਏਸ਼ੀਅਨ ਖੇਡਾਂ ’ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਦਾ ਅੱਜ ਕਾਲਜ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਸਦੀਆਂ ਸਾਥਣਾਂ, ਅਧਿਆਪਕਾਂ ਤੇ ਖਿਡਾਰੀਆਂ ਨੇ ਖੁਸ਼ਬੀਰ ਨੂੰ ਵਧਾਈ ਦਿੱਤੀ। ਇਸ ਤੋਂ ਪਹਿਲਾਂ ਖੁਸ਼ਬੀਰ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਉਸਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਖੁਸ਼ਬੀਰ ਕੌਰ ਨੂੰ ਖੁੱਲ੍ਹੀ ਜੀਪ ’ਚ ਚੜ੍ਹਾ ਕੇ ਜਲੂਸ ਦੇ ਰੂਪ ’ਚ ਕਾਲਜ ਵਿੱਚ ਲੈਜਾਇਆ ਗਿਆ, ਜਿੱਥੇ ਕਾਲਜ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਢੋਲ ਦੇ ਡੱਗੇ ਉੱਤੇ ਉਸਨੂੰ ਜੀ ਆਇਆਂ ਕਿਹਾ।
ਜ਼ਿਕਰਯੋਗ ਹੈ ਕਿ ਇੰਚਿਓਨ ਏਸ਼ਿਆਈ ਖੇਡਾਂ ’ਚ ਖੁਸ਼ਬੀਰ ਨੇ 20 ਕਿਲੋਮੀਟਰ ਦੀ ਦੂਰੀ 1 ਘੰਟੇ 33 ਮਿੰਟ ’ਚ ਪੈਦਲ ਚਾਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਇਸ ਮੁਕਾਬਲੇ ਵਿੱਚ ਉਸਨੇ ਭਾਰਤ ਦੀ ਪਹਿਲੀ ਔਰਤ ਖਿਡਾਰੀ ਹੋਣ ਦਾ ਮਾਣ ਵੀ ਹਾਸਲ ਕੀਤਾ। ਆਪਣੇ ਵਰਗੀਆਂ ਹੋਰ ਕੁੜੀਆਂ ਨੂੰ ਸੰਦੇਸ਼ ਦਿੰਦੇ ਹੋਏ ਖੁਸ਼ਬੀਰ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਲੜਕੀਆਂ ਖਾਸ ਕਰ ਪੇਂਡੂ ਇਲਾਕੇ ’ਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਅੱਗੇ ਵੱਧਣ ਦਾ ਮੌਕਾ ਮਿਲੇ। ਖੁਸ਼ਬੀਰ ਨੇ ਦ੍ਰਿੜ ਇਰਾਦੇ ਨਾਲ ਕਿਹਾ ਕਿ ਆਉਣ ਵਾਲੇ ਉਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤਮਗਾ ਹਾਸਲ ਕਰੇਗੀ।