ਸ਼ਬਦੀਸ਼
ਮੁਹਾਲੀ – ਅਧਿਆਪਕ ਬੱਚੇ ਲਈ ਰੱਬ ਤੋਂ ਉਰੇ ਦਾ ਰੱਖਿਅਕ ਮੰਨਿਆ ਜਾਂਦਾ ਹੈ, ਸੈਕਟਰ-66 ਦੇ ਸ਼ਿਸ਼ੂ ਨਿਕੇਤਨ ਪਬਲਿਕ ਸਕੂਲ ਦੀ ਅਧਿਆਪਕਾ ਚੌਥੀ ਜਮਾਤ ਦੇ ਇੱਕ ਮਾਸੂਮ ਬੱਚੇ ਨੂੰ ਕਮਰੇ ਵਿੱਚ ਬੰਦ ਕਰਕੇ ਭੁੱਲ ਹੀ ਗਈ। ਇਸ ਗੱਲ ਦਾ ਖੁਲਾਸਾ ਓਦੋਂ ਹੋਇਆ, ਜਦੋਂ ਛੁੱਟੀ ਹੋਣ ਮਗਰੋਂ ਜਦੋਂ ਬੱਚਾ ਘਰ ਨਾ ਪਹੁੰਚਿਆ ਅਤੇ ਮਾਪੇ ਪਤਾ ਕਰਨ ਸਕੂਲ ਆ ਗਏ। ਜਦੋਂ ਬੱਚੇ ਦੇ ਮਾਪਿਆਂ ਨੇ ਸਕੂਲ ਦਾ ਕਮਰਾ ਖੁੱਲ੍ਹਵਾ ਕੇ ਦੇਖਿਆ ਤਾਂ ਬੱਚਾ ਕਮਰੇ ਵਿੱਚ ਬੈਠਾ ਹੋਇਆ ਸੀ। ਇਸ ਮਾਮਲੇ ਦੀ ਦੋਸ਼ੀ ਮੰਨੀ ਜਾਂਦੀ ਅਧਿਆਪਕਾ ਸ਼ਿਵਾਨੀ ਨੇ ਬੱਚੇ ਨੂੰ ‘ਕਲਾਸ ਰੂਮ’ ਵਿੱਚ ਬੰਦ ਕਰਨ ਗ਼ਲਤੀ ਮੰਨ ਲਈ ਹੈ ਅਤੇ ਲਿਖ਼ਤੀ ਮੁਆਫ਼ੀ ਮੰਗ ਲਈ ਹੈ, ਜਦਕਿ ਪੀੜਤ ਮਾਪੇ ਮਹਿਜ਼ ਮੁਆਫ਼ੀ ਮੰਗੇ ਜਾਣ ਤੋਂ ਸੰਤੁਸ਼ਟ ਨਹੀਂ ਹਨ ਅਤੇ ਬਣਦੀ ਸਜਾ ਦੀ ਮੰਗ ਕਰ ਰਹੇ ਹਨ।
ਜਿਕਰਯੋਗ ਹੈ ਕਿ ਕੌਸ਼ਿਕ ਸੈਣੀ ਸ਼ਿਸ਼ੂ ਨਿਕੇਤਨ ਸਕੂਲ ਦੀ ਚੌਥੀ ਜਮਾਤ ਵਿੱਚ ਪੜ੍ਹਦਾ ਹੈ ਅਤੇ ਇਸੇ ਸਕੂਲ ਵਿੱਚ ਉਸ ਦਾ ਵੱਡਾ ਭਰਾ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਇਹ ਘਟਨਾ ਸ਼ਨਿੱਚਰਵਾਰ ਦੀ ਹੈ, ਜਦੋਂ ਚੌਥੀ ਕਲਾਸ ਦੇ ਕੁਝ ਬੱਚੇ ਸ਼ਰਾਰਤਾਂ ਕਰਦੇ-ਕਰਦੇ ਝਗੜ ਰਹੇ ਸਨ। ਅਧਿਆਪਕਾ ਸ਼ਿਵਾਨੀ ਨੇ ਕੌਸ਼ਿਕ ਸੈਣੀ ਨੂੰ ਕਸੂਰਵਾਰ ਮੰਨ ਲਿਆ ਅਤੇ ਕਲਾਸ ਰੂਮ ਵਿੱਚ ਬੰਦ ਕਰ ਦਿੱਤਾ, ਪਰ ਸਕੂਲ ਵਿੱਚ ਛੁੱਟੀ ਤੱਕ ਵੀ ਉਸਨੂੰ ਆਪਣੀ ਦਿੱਤੀ ਸਜਾ ਚੇਤੇ ਨਾ ਆਈ ਅਤੇ ਉਹ ਘਰ ਚਲੇ ਗਈ।
ਕੌਸ਼ਿਕ ਦੇ ਪਿਤਾ ਰਾਜੇਸ਼ ਸੈਣੀ ਨੇ ਦੱਸਿਆ ਕਿ ਰੋਜ਼ਾਨਾ ਸਕੂਲ ਵਿੱਚ ਦੁਪਹਿਰੇ 2:10 ਵਜੇ ਛੁੱਟੀ ਹੋ ਜਾਂਦੀ ਹੈ। ਉਹ ਬੱਚਿਆਂ ਨੂੰ ਲੈਣ ਜਦੋਂ ਸਕੂਲ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਵੱਡਾ ਬੇਟਾ ਆਪਣੇ ਦੋਸਤ ਨਾਲ ਸਕੂਲ ਦੇ ਮੁੱਖ ਗੇਟ ’ਤੇ ਖੜ੍ਹਾ ਸੀ, ਜਦਕਿ ਉਸ ਦਾ ਛੋਟਾ ਬੇਟਾ ਕੌਸ਼ਿਕ ਸੈਣੀ ਅਜੇ ਬਾਹਰ ਨਹੀਂ ਆਇਆ ਸੀ। ਉਸ ਨੇ ਵੱਡੇ ਬੇਟੇ ਨੂੰ ਕੌਸ਼ਿਕ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ, ”ਮੈਂ ਵੀ ਉਸ ਦਾ ਇੰਤਜ਼ਾਰ ਕਰ ਰਿਹਾ ਹਾਂ ਪਰ ਉਹ ਹੁਣ ਅੰਦਰੋਂ ਹੀ ਨਹੀਂ ਆਇਆ ਹੈ।” ਇਸ ਤੋਂ ਬਾਅਦ ਉਨ੍ਹਾਂ ਬੱਚੇ ਨੂੰ ਸਕੂਲ ਵਿੱਚ ਇਧਰ-ਉਧਰ ਲੱਭਿਆ ਪਰ ਉਹ ਕਿਤੋਂ ਨਾ ਮਿਲਿਆ। ਉਨ੍ਹਾਂ ਕੌਸ਼ਿਕ ਨਾਲ ਪੜ੍ਹਦੇ ਦੋਸਤਾਂ ਦੇ ਘਰਾਂ ਵਿੱਚ ਵੀ ਪਤਾ ਕੀਤਾ, ਪਰ ਕਿਸੇ ਪਾਸਿਓਂ ਵੀ ਤਸੱਲੀਬਖ਼ਸ਼ ਜਵਾਬ ਨਾ ਮਿਲ਼ ਸਕਿਆ। ਇਸ ਦੌਰਾਨ ਇੱਕ ਬੱਚੇ ਨੇ ਦੱਸਿਆ ਕਿ ਕੌਸ਼ਿਕ ਨੂੰ ਸ਼ਰਾਰਤਾਂ ਕਰਦੇ ਸਮੇਂ ਸ਼ਿਵਾਨੀ ਮੈਡਮ ਨੇ ਕਲਾਸ ਰੂਮ ਵਿੱਚ ਬੰਦ ਕਰ ਦਿੱਤਾ ਸੀ। ਉਹ ਸ਼ਾਮੀ ਮੁੜ ਸਕੂਲ ਪਹੁੰਚੇ ਅਤੇ ਚਪੜਾਸੀ ਕੋਲੋਂ ਬੱਚੇ ਬਾਰੇ ਪੁੱਛਿਆ, ਜਿਸ ਨੇ ਆਖਿਆ ਕਿ ਸਾਰੇ ਬੱਚੇ ਆਪਣੇ ਆਪਣੇ ਘਰ ਚਲੇ ਗਏ ਹਨ। ਇਸ ਦੌਰਾਨ ਉਨ੍ਹਾਂ ਇੱਕ ਸਫ਼ਾਈ ਸੇਵਕ ਦੇ ਮਿੰਨਤਾਂ ਤਰਲੇ ਕਰਕੇ ਚੌਥੀ ਕਲਾਸ ਦਾ ਕਮਰਾ ਖੁੱਲ੍ਹਵਾਇਆ ਅਤੇ ਦੇਖਿਆ ਕਿ ਬੱਚਾ ਭੁੱਖਣ ਭਾਣਾ ਕਮਰੇ ਵਿੱਚ ਬੈਂਚ ‘ਤੇ ਡਰਿਆ ਹੋਇਆ ਬੈਠਾ ਸੀ।
ਜਦੋਂ ਸਕੂਲ ਦੇ ਪ੍ਰਿੰਸੀਪਲ ਰੂਪਕ ਚੱਢਾ ਨੇ ਅਧਿਆਪਕ ਸ਼ਿਵਾਨੀ ਦੀ ਜਵਾਬ ਤਲਬੀ ਕੀਤੀ ਤਾਂ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਈ ਕਿ ਉਸ ਨੇ ਬੱਚੇ ਨੂੰ ਕਮਰੇ ਵਿੱਚ ਬੰਦ ਕੀਤਾ ਸੀ। ਜਦੋਂ ਮਾਪਿਆਂ ਨੇ ਥੋੜ੍ਹੀ ਸਖ਼ਤੀ ਵਰਤੀ ਤਾਂ ਸਚਾਈ ਸਾਹਮਣੇ ਆ ਗਈ ਕਿ ਅਧਿਆਪਕਾ ਨੇ ਕੌਸ਼ਿਕ ਨੂੰ ਕਲਾਸ ਰੂਮ ਵਿੱਚ ਬੰਦ ਕਰ ਦਿੱਤਾ। ਸਕੂਲ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਹਨ।
ਅਧਿਆਪਕਾ ਨੇ ਲਿਖ਼ਤੀ ਮੁਆਫ਼ੀ ਮੰਗੀ
ਘਟਨਾ ਸਬੰਧੀ ਅਧਿਆਪਕਾ ਸ਼ਿਵਾਨੀ ਨੇ ਦੱਸਿਆ ਕਿ ਉਹ ਕਮਰੇ ’ਚੋਂ ਆਪਣਾ ਸਾਮਾਨ ਲੈਣ ਵਾਪਸ ਗਈ ਸੀ, ਜਦਕਿ ਮਾਪਿਆਂ ਦਾ ਦੋਸ਼ ਸੀ ਕਿ ਅਧਿਆਪਕਾ ਨੇ ਕਮਰੇ ਨੂੰ ਬਾਹਰੋਂ ਕੁੰਢੀ ਲਾਈ ਹੋਈ ਸੀ। ਅੰਤ ਉਸਨੇ ਆਪਣੀ ਗ਼ਲਤੀ ਦੀ ਲਿਖਤੀ ਮੁਆਫ਼ੀ ਮੰਗ ਲਈ।
ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ : ਪ੍ਰਿੰਸੀਪਲ
ਸਕੂਲ ਦੇ ਪ੍ਰਿੰਸੀਪਲ ਰੂਪਕ ਚੱਢਾ ਨੇ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਆਖਿਆ ਕਿ ਇਸ ਮਾਮਲੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਇੱਕ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ ਹੈ ਅਤੇ ਪੜਤਾਲੀਆਂ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਦੁਬਾਰਾ ਅਜਿਹੀ ਕੋਈ ਗ਼ਲਤੀ ਨਾ ਹੋਵੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ।