ਐਨ ਐਨ ਬੀ
ਚੰਡੀਗੜ੍ਹ – ਹੁਣ ਸ਼ਾਤਿਰ ਅਨਸਰਾਂ ਬੰਦੂਕ ਦੀ ਨੋਕ ਦਾ ਮਾਊਸ ਨੂੰ ਕਲਿੱਕ ਨੂੰ ਬਣਾ ਲਿਆ ਹੈ ਅਤੇ ਉਹ ਏ.ਸੀ. ਕਮਰਿਆਂ ਵਿਚ ਬੈਠ ਕੇ ਕਰਕੇ ਲੁੱਟਾਂ-ਖੋਹਾਂ ਕਰ ਰਹੇ ਹਨ। ਇਹ ‘ਸਿਟੀ ਬਿਊਟੀਫੁੱਲ’ ਦਾ ਨਵਾਂ ਚਿਹਰਾ ਹੈ। ਪੁਲੀਸ ਇੰਟਰਨੈਟ ਠੱਗੀ-ਠੋਰੀ ਦੇ ਰੁਝਾਨ ਤੋਂ ਪਰੇਸ਼ਾਨ ਹੈ, ਜਿਸ ਵਿਚ ਬੀਤੇ ਸਾਲਾਂ ਦੌਰਾਨ ਭਾਰੀ ਵਾਧਾ ਹੋਇਆ ਹੈ। ਕਈ ਕੇਸਾਂ ਵਿੱਚ ਔਰਤ ਹੀ ਅਪਰਾਧ ਕਰਦੀਆਂ ਹਨ। ਇਸ ਦੀ ਮਿਸਾਲ ਅਜਿਹੀ ਔਰਤ ਖਿਲਾਫ਼ ਕੇਸ ਦਰਜ ਹੋਣਾ ਹੈ, ਜੋ ਆਪਣੇ ਸੈੱਲ ਫੋਨ ’ਤੇ ਪਤੀ ਨੂੰ ਅਸ਼ਲੀਲ ਸੁਨੇਹੇ ਭੇਜ ਰਹੀ ਸੀ।
ਚੰਡੀਗੜ੍ਹ ਪੁਲੀਸ ਦੇ ਸਾਈਬਰ ਕਰਾਈਮ ਸੈੱਲ ਵਿਚ ਏ ਟੀ ਐਮ ਕਲੋਨਿੰਗ, ਐਮ ਡੀ, ਐਮ ਐਸ ਦੇ ਦਾਖਲਿਆਂ, ਰੇਲਵੇ ਅਤੇ ਪੁਲੀਸ ਆਦਿ ਵਿਚ ਭਰਤੀ ਟੈਸਟਾਂ ,ਆਨਲਾਈਨ ਫਰਜ਼ੀ ਬ੍ਰਾਂਡਿਡ ਸਾਜ਼ੋ–ਸਾਮਾਨ ਵੇਚਣ, ਈਮੇਲ ਤੇ ਵੈਬਸਾਈਟ ਹੈਕ ਕਰਨ ਆਦਿ ਸ਼ਿਕਾਇਤਾਂ ਵੱਡੇ ਪੱਧਰ ’ਤੇ ਪੁੱਜ ਰਹੀਆਂ ਹਨ। ਸਾਈਬਰ ਕਰਾਈਮ ਸੈੱਲ ਕੋਲ਼ ਇਸ ਵਰ੍ਹੇ ਇਕੱਲੇ ਏ ਟੀ ਐਮ ਕਾਰਡਾਂ ਦੀ ਕਲੋਨਿੰਗ ਕਰਕੇ ਹੋਰਾਂ ਦੇ ਖਾਤਿਆਂ ਵਿਚੋਂ ਲੱਖਾਂ ਰੁਪਏ ਠੱਗਣ ਦੀਆਂ 40 ਤੋਂ ਵੱਧ ਸ਼ਿਕਾਇਤਾਂ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਆਨਲਾਈਨ ਟਰੇਡਿੰਗ ਰਾਹੀਂ ਠੱਗੀਆਂ ਮਾਰਨ ਦੇ 12 ਮਾਮਲੇ ਦਰਜ ਹੋਏ ਹਨ। ਆਨਲਾਈਨ ਜੌਬ ਅਤੇ ਕਰਜ਼ੇ ਦਿਵਾਉਣ ਦੀ ਆੜ ਹੇਠ ਠੱਗੀਆਂ ਮਾਰਨ ਦੇ 4 ਕੇਸ ਦਰਜ ਹੋ ਚੁੱਕੇ ਹਨ। ਇਸ ਤੋਂ ਇਲਾਵਾ ਈ-ਮੇਲ ਹੈਕ ਕਰਨ ਦੀਆਂ 22 ਅਤੇ ਵੈੱਬਸਾਈਟ ਹੈਕ ਕਰਨ ਦੀਆਂ 15 ਸ਼ਿਕਾਇਤਾਂ ਦਰਜ ਹੋਈਆਂ ਹਨ। ਇੰਟਰਨੈਟ ਰਾਹੀਂ ਹੋਰ ਕਈ ਢੰਗਾਂ ਨਾਲ ਠੱਗੀਆਂ ਮਾਰਨ ਦੀਆਂ 15 ਸ਼ਿਕਾਇਤਾਂ ਪੁਲੀਸ ਕੋਲ ਪੁੱਜੀਆਂ ਹਨ। ਇਨ੍ਹਾਂ ਸ਼ਿਕਾਇਤਾਂ ਰਾਹੀਂ ਲੱਖਾਂ-ਕਰੋੜਾਂ ਰੁਪਏ ਦੀਆਂ ਠੱਗੀਆਂ ਵੱਜੀਆਂ ਹਨ।
ਸਾਈਬਰ ਸੈੱਲ ਨੇ 24 ਸਤੰਬਰ ਨੂੰ ਹੀ ਕੁੱਝ ਵਿਅਕਤੀਆਂ ਵੱਲੋਂ ਕੌਮਾਂਤਰੀ ਪੱਧਰ ਦੇ ਬਰਾਂਡਾਂ ਦੀ ਆੜ ਹੇਠ ਵੇਚੇ ਜਾ ਰਹੇ ਕਰੋੜਾਂ ਰੁਪਏ ਦੇ ਸਾਜ਼ੋ-ਸਾਮਾਨ, ਜਿਨ੍ਹਾਂ ਵਿਚ ਘੜੀਆਂ, ਕੱਪੜੇ, ਐਨਕਾਂ ਅਤੇ ਹੋਰ ਕਈ ਤਰ੍ਹਾਂ ਦੀਆਂ ਆਈਟਮਾਂ ਹਨ, ਕਬਜ਼ੇ ਹੇਠ ਲਈਆਂ ਹਨ। ਪੁਲੀਸ ਨੇ ਪਿਛਲੇ ਸਮੇਂ ਦੋ ਮੁਲਜ਼ਮਾਂ ਮੁਕੁਲ ਗਰਗ ਅਤੇ ਰਮਨਦੀਪ ਕੌਰ ਨੂੰ ਏ ਟੀ ਐਮ ਕਾਰਡ ਕਲੋਨਿੰਗ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ 80 ਸ਼ਿਕਾਇਤਾਂ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਰੇਲਵੇ ਭਰਤੀ ਟੈਸਟ ਵਿਚ ਇੰਟਰਨੈਟ ਰਾਹੀਂ ਨਕਲ ਮਾਰਨ ਦੇ ਦੋਸ਼ ਹੇਠ 6 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਇੰਟਰਨੈਟ ਦੀ ਆੜ ਹੇਠ ਐਮ.ਡੀ. ਅਤੇ ਐਮ.ਐਸ. ਦੇ ਦਾਖਲਿਆਂ ਵਿਚ ਠੱਗੀ ਮਾਰਨ ਦੇ ਦੋਸ਼ ਹੇਠ ਡਾਕਟਰ ਐਨ.ਐਸ. ਸਹਿਗਲ ਨੂੰ 19 ਲੱਖ ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੰਟਰਨੈਟ ਰਾਹੀਂ ਅਸ਼ਲੀਲ ਤੇ ਭੱਦੇ ਸੁਨੇਹੇ ਭੇਜਣ, ਫੇਸਬੁੱਕ ਉਪਰ ਇਤਰਾਜ਼ਯੋਗ ਟਿੱਪਣੀਆਂ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਨਿਰੰਤਰ ਸਾਈਬਰ ਸੈੱਲ ਵਿਚ ਆ ਰਹੇ ਹਨ। ਸਾਈਬਰ ਸੈਲ ਕੋਲ ਇਸ ਵਰ੍ਹੇ ਫੇਸਬੁੱਕ ਉਪਰ ਅਸ਼ਲੀਲ ਟਿੱਪਣੀਆਂ ਕਰਨ ਦੇ 30 ਅਤੇ ਹੋਰ ਸੋਸ਼ਲ ਮੀਡੀਆ ਰਾਹੀਂ ਅਸ਼ਲੀਲ ਤੇ ਧਮਕੀ ਭਰੇ ਸੁਨੇਹੇ ਦੇਣ ਦੇ 22 ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ। ਸਾਈਬਰ ਕਰਾਈਮ ਸੈੱਲ ਦੇ ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਫੇਸਬੁੱਕ, ਐਸਐਮਐਸ ਆਦਿ ਰਾਹੀਂ ਅਸ਼ਲੀਲ ਸੁਨੇਹੇ ਭੇਜਣ ਦੇ ਮਾਮਲਿਆਂ ਵਿਚ ਜ਼ਿਆਦਾਤਰ ਮੁੰਡੇ-ਕੁੜੀਆਂ ਸ਼ਾਮਲ ਹਨ। ਜਦੋਂ ਮੁੰਡੇ-ਕੁੜੀਆਂ ਦੇ ਆਪਸੀ ਸਬੰਧ ਵਿਗੜ ਜਾਂਦੇ ਹਨ ਤਾਂ ਫਿਰ ਉਹ ਮਾਊਸ ਨੂੰ ਕਲਿੱਕ ਕਰਕੇ ਇਕ–ਦੂਸਰੇ ਉਪਰ ਅਸ਼ਲੀਲ ਹਮਲੇ ਕਰਦੇ ਹਨ। ਸਾਈਬਰ ਸੈੱਲ ਵਿਚ ਇਕ ਡੀ ਐਸ ਪੀ, ਦੋ ਇੰਸਪੈਕਟਰ ਅਤੇ ਦੋ ਸਬ ਇੰਸਪੈਕਟਰਾਂ ਸਮੇਤ 38 ਮੁਲਾਜ਼ਮ ਸਾਈਬਰ ਅਪਰਾਧਾਂ ਦੇ ਨਿਰੰਤਰ ਵੱਧ ਰਹੇ ਕੇਸਾਂ ਕਾਰਨ ਹੁਣ ਘੱਟ ਪੈਂਦੇ ਜਾਪਦੇ ਹਨ। ਸਾਈਬਰ ਸੈੱਲ ਵੱਲੋਂ ਅਜਿਹੇ ਮਾਮਲਿਆਂ ਤੋਂ ਇਲਾਵਾ ਕਤਲਾਂ ਤੱਕ ਦੇ ਕੇਸ ਵੀ ਹੁਣ ਅਪਰਾਧੀਆਂ ਦੇ ਮੋਬਾਈਲ ਫੋਨਾਂ ਦੀ ਤਕਨੀਕੀ ਢੰਗ ਨਾਲ ਪੈੜ ਨੱਪ ਕੇ ਹੱਲ ਕੀਤੇ ਜਾ ਰਹੇ ਹਨ।