ਐਨ ਐਨ ਬੀ
ਮੋਹਾਲੀ – ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਅਤੇ ਪੰਜਾਬ ਟੂਰਿਜ਼ਮ ਐਂਡ ਹੈਰੀਟੇਜ ਪ੍ਰਮੋਸ਼ਨ ਬੋਰਡ ਵੱਲੋਂ ਇੱਥੋਂ ਦੇ ਸੈਕਟਰ-91 ਸਥਿਤ ਪਿੰਡ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਵਿਖੇ ਸਰਕਾਰੀ ਪੱਧਰ ‘ਤੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ 344ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸੋਹਨ ਸਿੰਘ ਠੰਡਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ, ਕਿਉਂਕਿ ਉਨ੍ਹਾਂ ਨੇ ਜਬਰ-ਜ਼ੁਲਮ ਦਾ ਟਾਕਰਾ ਕਰਦਿਆਂ ਮੁਗਲ ਰਾਜ ਦਾ ਖ਼ਾਤਮਾ ਕਰਕੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਣ ਦੇ ਨਾਲ-ਨਾਲ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ।
ਇਸ ਤੋਂ ਪਹਿਲਾਂ ਠੰਡਲ ਨੇ ਜੰਗੀ ਯਾਦਗਾਰ ਦੇ ਓਪਨ ਥੀਏਟਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ‘ਤੇ ਆਧਾਰਤ ਅਤੇ ਉਨ੍ਹਾਂ ਵੱਲੋਂ ਮੁਗਲਾਂ ਖ਼ਿਲਾਫ਼ ਲੜੀਆਂ ਗਈਆਂ ਲੜਾਈਆਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਨ੍ਹਾਂ ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਵੱਲੋਂ ਚੱਪੜਚਿੜੀ ਦੇ ਇਤਿਹਾਸ ਬਾਰੇ ਲਾਈ ਗਈ ਫੋਟੋ ਪ੍ਰਦਰਸ਼ਨ ਦਾ ਵੀ ਨਿਰੀਖਣ ਕੀਤਾ ਅਤੇ ਚੱਪੜਚਿੜੀ ਦੀ ਜੰਗ ਸਬੰਧੀ ਇਤਿਹਾਸ ਨੂੰ ਸੰਭਾਲ ਕੇ ਰੱਖਣ ਲਈ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਸਰਕਾਰ ਇੱਕ ਹਜ਼ਾਰ ਕਰੋੜ ਰੁਪਏ ਖ਼ਰਚ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੁਰਾਤਨ ਅਤੇ ਇਤਿਹਾਸਕ ਇਮਾਰਤਾਂ/ ਯਾਦਗਾਰਾਂ ਦੀ ਸਾਂਭ-ਸੰਭਾਲ ਕਾਰਜਾਂ ‘ਤੇ 25 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸੋਹਨ ਸਿੰਘ ਠੰਡਲ ਨੇ ਕਿਹਾ ਕਿ ਕਰਤਾਰਪੁਰ (ਜਲੰਧਰ) ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਣ ਵਾਲੀ ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ ਪੱਥਰ 19 ਅਕਤੂਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਜਾਵੇਗਾ। ਇਸ ਸਬੰਧੀ ਤਿਆਰੀਆਂ ਜੰਗੀ ਪੱਧਰ ‘ਤੇ ਚੱਲ ਰਹੀਆਂ ਹਨ। ਜੰਗ-ਏ-ਆਜ਼ਾਦੀ ਯਾਦਗਾਰ ਵਿੱਚ 150 ਫੁੱਟ ਉੱਚੇ ਮੀਨਾਰ-ਏ-ਸ਼ਹੀਦਾਂ ਸਮੇਤ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਦੀ ਝਲਕ, ਆਜ਼ਾਦੀ ਦੇ ਸਮੁੱਚੇ ਸੰਗਰਾਮ ਦੀਆਂ ਝਲਕ ਪੇਸ਼ ਕਰਦੀਆਂ ਗੈਲਰੀਆਂ, ਓਪਨ ਏਅਰ ਥੀਏਟਰ ਅਤੇ ਆਡੀਟੋਰੀਅਮ, ਲਾਇਬਰੇਰੀ ਆਦਿ ਦੀ ਵਿਵਸਥਾ ਕੀਤੀ ਜਾਵੇਗੀ।