ਐਨ.ਐਨ. ਬੀ – ਲੁਧਿਆਣਾ/ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਦੇਹਾਂਤ ਹੋ ਗਿਆ। ਉਹ 85 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਡੀ.ਐਮ.ਸੀ. ਲੁਧਿਆਣਾ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰਨਾਂ ਆਗੂਆਂ ਨੇ ਜਥੇਦਾਰ ਤਲਵੰਡੀ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਤਲਵੰਡੀ ਪੰਥ, ਪੰਜਾਬ ਤੇ ਕੌਮ ਪ੍ਰਤੀ ਵਚਨਬੱਧਤਾ ਦੀ ਮਿਸਾਲ ਸਨ। ਉਨ੍ਹਾਂ ਹਮੇਸ਼ਾ ਕੌਮ ਦੀ ਆਵਾਜ਼ ਬੁਲੰਦ ਕੀਤੀ। ਉਹ ਦ੍ਰਿੜ ਇਰਾਦੇ ਕਰਕੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਨ। ਜਥੇਦਾਰ ਤਲਵੰਡੀ 20 ਅਗਸਤ ਤੋਂ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਵਿੱਚ ਇਲਾਜ ਅਧੀਨ ਸਨ।
ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਮੌਤ ਦੇ ਸੋਗ ਵਜੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਹੋਰ ਸਬੰਧਤ ਅਦਾਰੇ ਬੰਦ ਕਰ ਦਿੱਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਜਥੇਦਾਰ ਤਲਵੰਡੀ ਦੀ ਮੌਤ ਦੀ ਸੂਚਨਾ ਮਿਲਣ ‘ਤੇ ਆਪਣਾ ਜੰਮੂ ਕਸ਼ਮੀਰ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਥੇਦਾਰ ਤਲਵੰਡੀ ਦੇ ਚਲਾਣੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਜਥੇਦਾਰ ਤਲਵੰਡੀ ਦਾ ਜਨਮ 1929 ਨੂੰ ਚੱਕ ਨੰਬਰ 52, ਲਾਇਲਪੁਰ (ਪਾਕਿਸਤਾਨ)’ਚ ਪਿਤਾ ਜਥੇਦਾਰ ਛਾਂਗਾ ਸਿੰਘ ਦੇ ਘਰ ਹੋਇਆ ਸੀ। ਰਾਏਕੋਟ (ਰਾਮ ਗੋਪਾਲ ਰਾਏਕੋਟੀ): ਜਥੇਦਾਰ ਤਲਵੰਡੀ ਦੇ ਦੇਹਾਂਤ ਦੀ ਖ਼ਬਰ ਜਿਵੇਂ ਹੀ ਉਨ੍ਹਾਂ ਦੇ ਇਸ ਇਲਾਕੇ ਅਤੇ ਪਿੰਡ ਤਲਵੰਡੀ ਰਾਏ ਵਿੱਚ ਪੁੱਜੀ ਤਾਂ ਸਾਰੇ ਸੋਗ ਦੀ ਲਹਿਰ ਪਸਰ ਗਈ। ਜਥੇਦਾਰ ਤਲਵੰਡੀ ਦਾ ਸਿਆਸੀ ਸਫ਼ਰ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਹੋਇਆ ਸੀ। ਉਹ 1955 ਤੋਂ 1965 ਤੱਕ ਲਗਾਤਾਰ 10 ਸਾਲ ਪਿੰਡ ਦੇ ਸਰਪੰਚ ਰਹੇ। ਸਾਲ 1960 ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ। ਇਸ ਮਗਰੋਂ ਲਗਾਤਾਰ 50 ਸਾਲ (2011 ਤੱਕ) ਮੈਂਬਰ ਬਣਦੇ ਰਹੇ। ਉਹ 1967 ਵਿੱਚ ਪਹਿਲੀ ਵਾਰ ਹਲਕਾ ਰਾਏਕੋਟ ਤੋਂ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ ਵਿੱਚ ਪੁੱਜੇ। ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵਿੱਚ 1969 ਵਿੱਚ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 1970 ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ। ਸਾਲ 1978 ਵਿੱਚ ਉਹ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਬਣੇ। ਸਾਲ 1978 ਅਤੇ 1988 ਵਿੱਚ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ‘ਤੇ ਰਹੇ। ਜਥੇਦਾਰ ਤਲਵੰਡੀ ਨੇ 1981 ਵਿੱਚ ਕੇਂਦਰ ਸਰਕਾਰ ਵਿਰੁੱਧ ਆਨੰਦਪੁਰ ਦੇ ਮਤੇ ਲਈ ਮੋਰਚੇ ਦੀ ਅਗਵਾਈ ਕੀਤੀ ਤੇ ਇਸ ਸਬੰਧੀ ਮਤਾ ਵੀ ਪੇਸ਼ ਕੀਤਾ। ਉਨ੍ਹਾਂ ਨੇ ਸਾਲ 1980 ਤੋਂ 1986 ਤੱਕ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕੀਤੀ ਤੇ 2000 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਹਲਕਾ ਰਾਏਕੋਟ ਤੋਂ ਉਨ੍ਹਾਂ ਦੇ ਵੱਡੇ ਪੁੱਤਰ ਰਣਜੀਤ ਸਿੰਘ ਤਲਵੰਡੀ 2002 ਵਿੱਚ ਵਿਧਾਇਕ ਚੁਣੇ ਗਏ ਤੇ ਹੁਣ ਉਨ੍ਹਾਂ ਦੇ ਛੋਟੇ ਪੁੱਤਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਅ ਰਹੇ ਹਨ।