ਸ਼ਰਾਬ ਪੀਤੇ ਜਾਣ ਦੀ ਜਗ੍ਹਾ ਬਣੇ ਦੀਵਾਨ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਜਾਣਗੇ
ਐਨ ਐਨ ਬੀ
ਬਠਿੰਡਾ – ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਾਇਆ ਹੈ ਕਿ ਉਹ ਤਖ਼ਤ ਦਮਦਮਾ ਸਾਹਿਬ ਵਿੱਚ ਆਉਣ ਵਾਲੇ ਮਾੜੇ ਅਨਸਰਾਂ ਨੂੰ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਤੋਂ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਆਖਿਆ ਕਿ ਲੰਘੇ ਚਾਰ ਮਹੀਨੇ ਤੋਂ ਸੰਗਤ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਸ਼ਿਕਾਇਤਾਂ ਕਰ ਰਹੀ ਹੈ ਕਿ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਵਾਲੇ ਲੋਕਾਂ ਨੂੰ ਰੋਕਿਆ ਜਾਵੇ। ਉਨ੍ਹਾਂ ਗੁੱਸੇ ਵਿੱਚ ਆਖਿਆ ਕਿ ਸ਼੍ਰੋਮਣੀ ਕਮੇਟੀ ਜੇ ਅਜਿਹੇ ਲੋਕਾਂ ਨੂੰ ਰੋਕ ਨਹੀਂ ਸਕਦੀ ਤਾਂ ਦੀਵਾਨ ਹਾਲ ਵਾਲਾ ਬੋਰਡ ਹਟਾ ਦੇਵੇ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਜਥੇਦਾਰ ਨੰਦਗੜ੍ਹ ਨੇ ਦੀਵਾਨ ਹਾਲ ਵਿੱਚ ਸ੍ਰੀ ਗ੍ਰੰਥ ਸਾਹਿਬ ਦੇ ਸਰੂਪ ਲਿਜਾਣ ਨਹੀਂ ਦਿੱਤੇ ਸਨ। ਜਥੇਦਾਰ ਨੰਦਗੜ੍ਹ ਨੇ ਬਠਿੰਡਾ ਜੇਲ੍ਹ ਵਿੱਚ ਬੰਦ ਸ਼੍ਰੋਮਣੀ ਕਮੇਟੀ ਦੇ ਗ੍ਰੰਥੀ ਅਤੇ ਇੱਕ ਸੇਵਾਦਾਰ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਵਾਲੇ ਇੱਕ ਵਿਅਕਤੀ ਨੂੰ ਰੋਕਿਆ ਸੀ। ਰੋਕਣ ਸਮੇਂ ਝਗੜਾ ਵਧ ਗਿਆ ਸੀ, ਜਿਸ ਕਰਕੇ ਤਲਵੰਡੀ ਸਾਬੋ ਪੁਲੀਸ ਨੇ ਗ੍ਰੰਥੀ ਅਤੇ ਸੇਵਾਦਾਰ ਖ਼ਿਲਾਫ਼ ਪੁਲੀਸ ਕੇਸ ਦਰਜ ਕਰ ਦਿੱਤਾ ਸੀ। ਜਥੇਦਾਰ ਨੰਦਗੜ੍ਹ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਮਰਿਯਾਦਾ ਲਾਗੂ ਕਰਨ ਵਾਲੇ ਗ੍ਰੰਥੀ ਅਤੇ ਸੇਵਾਦਾਰ ਦੇ ਹੱਕ ਵਿਚ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਜੇਲ੍ਹ ਵਿੱਚ ਮੁਲਾਕਾਤ ਕਰਨ ਮਗਰੋਂ ਉਨ੍ਹਾਂ ਆਖਿਆ ਕਿ ਦੀਵਾਨ ਹਾਲ ਵਿੱਚ ਕੁਝ ਦਿਨ ਪਹਿਲਾਂ ਸ਼ਰਾਬ ਪੀ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਪਹਿਲਾਂ ਵੀ ਮਾੜੇ ਅਨਸਰ ਦੀਵਾਨ ਹਾਲ ਵਿੱਚ ਬੈਠ ਕੇ ਸ਼ਰਾਬ ਪੀਂਦੇ ਹਨ, ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਜਾਂ ਹੋਰਨਾਂ ਨੇ ਉਨ੍ਹਾਂ ਨੂੰ ਰੋਕਣ ਲਈ ਕੋਈ ਯਤਨ ਨਹੀਂ ਕੀਤਾ। ੳਨ੍ਹਾਂ ਧਮਕੀ ਦਿੱਤੀ ਕਿ ਜਿੰਨਾ ਸਮਾਂ ਸ਼੍ਰੋਮਣੀ ਕਮੇਟੀ ਦੀਵਾਨ ਹਾਲ ਵਿੱਚ ਸ਼ਰਾਬ ਪੀਣ ਵਾਲਿਆਂ ਨੂੰ ਨਹੀਂ ਰੋਕਦੀ, ਓਨਾ ਸਮਾਂ ਉਹ ਸ੍ਰੀ ਗੁਰੂ ਗ੍ਰੰਥੀ ਸਾਹਿਬ ਦੇ ਸਰੂਪ ਦੀਵਾਨ ਹਾਲ ਵਿੱਚ ਲਿਜਾਣ ਨਹੀਂ ਦੇਣਗੇ। ਉਨ੍ਹਾਂ ਦੱਸਿਆ ਕਿ ਉਹ ਜ਼ਿਲ੍ਹਾ ਪੁਲੀਸ ਨੂੰ ਭਲਕੇ ਗਰੰਥੀ ਤੇ ਸੇਵਾਦਾਰ ਵਾਲੇ ਮਾਮਲੇ ਦੀ ਮੁੜ ਪੜਤਾਲ ਕਰਨ ਵਾਸਤੇ ਆਖਣਗੇ ਤਾਂ ਜੋ ਝੂਠੇ ਪੁਲੀਸ ਕੇਸ ਨੂੰ ਰੱਦ ਕਰਾਇਆ ਜਾ ਸਕੇ।