ਜਮਾਲਪੁਰ ਕਾਂਡ ਦੀ ‘ਨਿਰਪੱਖ ਜਾਂਚ’ ਦੌਰਾਨ ਮ੍ਰਿਤਕਾਂ ਨੂੰ ਅਪਰਾਧੀ ਸਾਬਿਤ ਕਰਨ ਦੀ ਮੁਹਿੰਮ ਤੇਜ਼

0
1226

ਮ੍ਰਿਤਕ ਭਰਾਵਾਂ ਦੇ ਪਿਤਾ ਨੂੰ ਸਮਾਜਸੇਵੀ ਸੰਸਥਾ ਵੱਲੋਂ ਇਕ ਲੱਖ ਰੁਪਏ ਦੀ ਰਾਸ਼ੀ ਭੇਟ

PHILLAUR

 

ਐਨ ਐਨ ਬੀ
ਮਾਛੀਵਾੜਾ – ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਦੇ ਫਰਜ਼ੀ ਪੁਲੀਸ ਮੁਕਾਬਲੇ ਦੀ ਜਾਂਚ ਕਰ ਰਹੀ ਐਸ ਟੀ ਆਈ ਕੋਲ ਅਜਿਹੇ ਗਵਾਹ ਆ ਰਹੇ ਹਨ, ਜਿਨ੍ਹਾਂ ਦੇ ਬਿਆਨ ਹੁਣੇ ਤੋਂ ਜਾਹਰ ਹਨ ਕਿ ਉਹ ਨੌਜਵਾਨ ਅਪਰਾਧੀ ਸਨ, ਜਿਨ੍ਹਾਂ ਨੂੰ ਪੁਲੀਸ ਨੇ ‘ਝੂਠੇ ਮੁਕਾਬਲੇ’ ਵਿੱਚ ਮਾਰ ਮੁਕਾਇਆ ਸੀ। ਇਸ ‘ਨਿਰਪੱਖ ਜਾਂਚ’ ਲਈ ਐਸ ਆਈ ਟੀ. ਵਿੱਚ ਸ਼ਾਮਲ ਪੁਲੀਸ ਦੇ ਉਚ ਅਧਿਕਾਰੀਆਂ ਨੇ ਪਿੰਡ ਬੋਹਾਪੁਰ ਪਹੁੰਚ ਕੇ ਮ੍ਰਿਤਕਾਂ ਦਾ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ।

ਇਸੇ ਦੌਰਾਨ ਫਰਜ਼ੀ ਮੁਕਾਬਲੇ ’ਚ ਪਿੰਡ ਬੋਹਾਪੁਰ ਦੇ ਮਾਰੇ ਗਏ ਦੋ ਭਰਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ, ਜਿਸ ਕਾਰਨ ਸਮਾਜ ਸੇਵੀ ਸੰਸਥਾ ਵਰਲਡ ਵਾਈਡ ਯੂ.ਕੇ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹੈ। ਗੁਰਾਇਆ ਅਤੇ ਫਿਲੌਰ ਦਰਮਿਆਨ ਇਕ ਸਾਦਾ ਸਮਾਗਮ ’ਚ ਇਸ ਪਰਿਵਾਰ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਦੋਨਾਂ ਭਰਾਵਾਂ ਦੇ ਭੋਗ ’ਤੇ ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਵਲੋਂ ਇਕ ਲੱਖ ਰੁਪਏ ਮ੍ਰਿਤਕ ਭਰਾਵਾਂ ਦੀ ਭੈਣ ਰੁਪਿੰਦਰ ਕੌਰ ਦੀ ਪੜ੍ਹਾਈ ਲਈ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਾਰਨ ਮ੍ਰਿਤਕ ਨੌਜਵਾਨਾਂ ਦੀ 20 ਸਾਲਾ ਭੈਣ ਰੁਪਿੰਦਰ ਕੌਰ ਬੀ ਏ ਭਾਗ-2 ਦੀ ਵਿਦਿਆਰਥਣ ਹੈ ਅਤੇ ਕਬੱਡੀ ਦੀ ਵਧੀਆ ਖਿਡਾਰਨ ਵੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤੱਗੜ ਨੇ ਦੱਸਿਆ ਕਿ ਇਹ ਦੋਵੇਂ ਭਰਾ ਵੀ ਕਬੱਡੀ ਦੇ ਖਿਡਾਰੀ ਸਨ ਅਤੇ ਜਿਨ੍ਹਾਂ ਦੇ ਸਹਾਰੇ ਘਰ ਅਤੇ ਰੁਪਿੰਦਰ ਦੀ ਪੜ੍ਹਾਈ ਦਾ ਖਰਚਾ ਹੁੰਦਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪੜ੍ਹਾਈ ਅਤੇ ਖਰਚ ਦੀ ਜ਼ਿੰਮੇਵਾਰੀ ਇਲਾਕੇ ਦੀ ਸਮਾਜ ਸੇਵੀ ਸੰਸਥਾ ਵਰਲਡ ਵਾਈਡ ਯੂ ਕੇ ਦੇ ਸਤਨਾਮ ਸਿੰਘ ਬਾਹੜਾ ਯੂ ਕੇ, ਪਿੰਦੂ ਜੌਹਲ ਨੇ ਚੁੱਕੀ ਹੈ। ਇਨ੍ਹਾਂ ਦੀ ਪਹਿਲਕਦਮੀ ’ਤੇ ਇਕ ਲੱਖ ਰੁਪਏ ਦੀ ਰਾਸ਼ੀ ਰੁਪਿੰਦਰ ਦੇ ਪਿਤਾ ਸਤਪਾਲ ਸਿੰਘ ਨੂੰ ਦਿੱਤੀ ਗਈ।

ਓਧਰ ਪੁਲੀਸ ਨ ਮਾਛੀਵਾੜਾ ਥਾਣੇ ਵਿੱਚ ਆ ਕੇ ਇਸ ਮਾਮਲੇ ਦੇ ਸਾਰੇ ਰਿਕਾਰਡ ਦੀ ਜਾਂਚ ਕੀਤੀ। ਜਮਾਲਪੁਰ ਕਾਂਡ ਦੀ ਜਾਂਚ ਕਰ ਰਹੇ ਏ ਡੀ ਜੀ ਪੀ ਵੀ. ਕੇ. ਭਾਵੜਾ, ਆਈ ਜੀ ਈਸ਼ਵਰ ਸਿੰਘ ਤੇ ਡੀ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਨੇ ਮਾਛੀਵਾੜਾ ਥਾਣੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਨਿਰਪੱਖ ਹੋਵੇਗੀ ਤੇ ਸਾਰੇ ਤੱਥਾਂ ’ਤੇ ਗੌਰ ਕਰਨ ਤੋਂ ਬਾਅਦ ਇਸ ਦੀ ਰਿਪੋਰਟ ਜਲਦ ਹੀ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ।  ਇਸ ਮੌਕੇ ਉਨ੍ਹਾਂ ਨਾਲ ਐਸ ਪੀ ਡੀ ਸਤਵਿੰਦਰ ਸਿੰਘ, ਡੀ ਐਸ ਪੀ (ਡੀ) ਵਿਕਾਸ ਸੱਭਰਵਾਲ, ਡੀ ਐਸ ਪੀ ਸਮਰਾਲਾ ਸੁੱਖਅੰਮ੍ਰਿਤ ਸਿੰਘ ਰੰਧਾਵਾ ਵੀ ਮੌਜੂਦ ਸਨ।

 

ਲੜਕੀਆਂ ਵੱਲੋਂ ਨੌਜਵਾਨਾਂ ’ਤੇ ਗੁੰਡਾਗਰਦੀ ਤੇ ਛੇੜਛਾੜ ਦੇ ਦੋਸ਼
ਪਿੰਡ ਬੋਹਾਪੁਰ ਦੀ ਇਕ ਲੜਕੀ ਤੇ ਨਾਲ ਲੱਗਦੇ ਪਿੰਡ ਦੀ ਲੜਕੀ ਨੇ ਮ੍ਰਿਤਕ ਨੌਜਵਾਨਾਂ ਵੱਲੋਂ ਬਣਾਏ ਗਰੋਹ ’ਤੇ ਗੁੰਡਾਗਰਦੀ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਗਾਏ। ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਨੂੰ ਮਿਲਣ ਆਈਆਂ ਦੋਵੇਂ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਤੇ ਉਨ੍ਹਾਂ ਦੇ ਇਕ ਦੋਸਤ ਹਰਜੋਤ ਸਿੰਘ ਸਕੂਲ ਆਉਂਦੇ ਜਾਂਦੇ ਸਮੇਂ ਮੋਟਰਸਾਈਕਲਾਂ ’ਤੇ ਉਨ੍ਹਾਂ ਦਾ ਪਿੱਛਾ ਕਰਦੇ ਸਨ ਤੇ ਤੰਗ ਕਰਦੇ ਸਨ। ਲੜਕੀਆਂ ਨੇ ਦੱਸਿਆ ਕਿ ਤਿੰਨੋ ਲੜਕੇ ਮਾਛੀਵਾੜਾ ਬੱਸ ਸਟੈਂਡ ’ਤੇ ਆਏ ਤੇ ਉਨ੍ਹਾਂ ਨੂੰ ਬੱਸ ਵਿਚੋਂ ਉਤਾਰ ਕੇ ਪਹਿਲਾਂ ਤਾਂ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ। ਜਦੋਂ ਉਸ ਨੂੰ ਰੋਕਿਆ ਤਾਂ ਇਕ ਲੜਕੀ ਦੀ ਕੁੱਟਮਾਰ ਵੀ ਕਰ ਦਿੱਤੀ। ਪੀੜਤ ਲੜਕੀਆਂ ਤੇ ਮਾਪਿਆਂ ਨੇ ਸੋਸ਼ਲ ਮੀਡੀਆ ’ਤੇ ਮ੍ਰਿਤਕ ਨੌਜਵਾਨ ਤੇ ਉਸ ਦੇ ਸਾਥੀਆਂ ਵੱਲੋਂ ਹਥਿਆਰਾਂ ਸਮੇਤ ਪਾਈਆਂ ਫੋਟੋਆਂ ਵੀ ਪੱਤਰਕਾਰਾਂ ਨੂੰ ਵੰਡੀਆਂ। ਇਸ ਤੋਂ ਇਲਾਵਾ ਨੌਜਵਾਨਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਕਾਤਲਾਨਾ ਹਮਲੇ ਦਾ ਸ਼ਿਕਾਰ ਹਰਮਨਪਿੰਦਰ ਸਿੰਘ ਵੀ ਮਾਛੀਵਾੜਾ ਥਾਣਾ ਪੁੱਜਾ ਅਤੇ ਉਸ ਨੇ ਪੱਤਰਕਾਰਾਂ ਨੂੰ ਆਪਣੇ ਨਾਲ ਹੋਈ ਕੁੱਟਮਾਰ ਤੇ ਕਾਤਲਾਨਾ ਹਮਲੇ ਬਾਰੇ ਦੱਸਿਆ।