ਐਨ ਐਨ ਬੀ
ਅੰਮ੍ਰਿਤਸਰ – ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰਨ ਦੇ ਮੰਤਵ ਨਾਲ ਚਾਰ ਖੱਬੇ ਪੱਖੀ ਪਾਰਟੀਆਂ ਵੱਲੋਂ ਅੱਜ ਜਲ੍ਹਿਆਂਵਾਲਾ ਬਾਗ ਤੋਂ ਜਥਾ ਮਾਰਚ ਸ਼ੁਰੂ ਕੀਤਾ ਗਿਆ, ਜੋ ਮਾਝੇ ਦੇ ਚਾਰ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰੇਗਾ। ਇਸ ਤਰ੍ਹਾਂ ਦੇ ਚਾਰ ਜਥਾ ਮਾਰਚ ਸੂਬੇ ਦੀਆਂ ਵੱਖ ਵੱਖ ਇਤਿਹਾਸਕ ਥਾਵਾਂ ਤੋਂ ਸ਼ੁਰੂ ਕੀਤੇ ਗਏ ਹਨ। ਇਸ ਬਾਰੇ ਸੂਬਾ ਪੱਧਰੀ ਰੈਲੀ 28 ਨਵੰਬਰ ਨੂੰ ਲੁਧਿਆਣਾ ਵਿਖੇ ਕਰਨ ਦਾ ਐਲਾਨ ਕੀਤਾ ਗਿਆ। ਚਾਰ ਖੱਬੇਪੱਖੀ ਧਿਰਾਂ ਵਿੱਚ ਸ਼ਾਮਲ ਸੀ.ਪੀ.ਆਈ., ਸੀ.ਪੀ.ਆਈ. (ਐਮ), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸਾਂਝੇ ਮੋਰਚੇ ਵੱਲੋਂ ਜਥਾ ਮਾਰਚ ਸ਼ੁਰੂ ਕੀਤਾ ਗਿਆ। ਇਹ ਜਥਾ ਮਾਰਚ 30 ਅਕਤੂਬਰ ਤੱਕ ਪੰਜਾਬ ਭਰ ਵਿੱਚ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕਾਂ ਨੂੰ ਜਾਗਰੂਕ ਕਰੇਗਾ। ਜਲ੍ਹਿਆਂਵਾਲਾ ਬਾਗ਼ ਤੋਂ ਸ਼ੁਰੂ ਹੋਏ ਜਥਾ ਮਾਰਚ ਵਿੱਚ ਸੀ.ਪੀ.ਆਈ. ਦੇ ਹਰਭਜਨ ਸਿੰਘ ਤੇ ਭੁਪਿੰਦਰ ਸਿੰਘ, ਸੀ.ਪੀ.ਆਈ. (ਐਮ) ਦੇ ਵਿਜੈ ਮਿਸ਼ਰਾ ਤੇ ਅਮਰੀਕ ਸਿੰਘ, ਸੀ.ਪੀ.ਐਮ. ਪੰਜਾਬ ਦੇ ਰਤਨ ਸਿੰਘ ਰੰਧਾਵਾ ਤੇ ਡਾ. ਸਤਨਾਮ ਸਿੰਘ ਅਜਨਾਲਾ, ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਦੇ ਸੁਖਦੇਵ ਸਿੰਘ ਤੇ ਗੁਰਮੀਤ ਸਿੰਘ ਬਖਤੂਪੁਰਾ ਦੀ ਅਗਵਾਈ ਹੇਠ ਮਾਰਚ ਸ਼ੁਰੂ ਹੋਇਆ। ਪਾਰਟੀਆਂ ਦੇ ਝੰਡੇ ਚੁੱਕੀ ਇਨ੍ਹਾਂ ਕਾਰਕੁਨਾਂ ਨੇ ਸਰਕਾਰ ਖ਼ਿਲਾਫ਼ ਇਨਕਲਾਬੀ ਨਾਅਰੇ ਲਾਏ।
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਬੁਲਾਰਿਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਲਾਮਬੰਦ ਹੋਣ ਲਈ ਆਖਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਜਨਤਕ ਖੇਤਰ ਨੂੰ ਮਜ਼ਬੂਤ ਕੀਤਾ ਜਾਵੇ, ਗਰੀਬੀ ਤੇ ਮਹਿੰਗਾਈ ਨੂੰ ਦੂਰ ਕਰਨ ਲਈ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ, ਹੁਨਰਮੰਦ ਕਾਮਿਆਂ ਲਈ ਘੱਟੋ ਘੱਟ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਉਜਰਤ ਦਿੱਤੀ ਜਾਵੇ, ਗਰੀਬਾਂ ਤੇ ਬਜ਼ੁਰਗਾਂ ਲਈ ਘੱਟੋ ਘੱਟ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਤੈਅ ਕੀਤੇ ਜਾਣ। ਇਹ ਕਾਫ਼ਲਾ ਆਪਣੀਆਂ ਮੰਗਾਂ ਦੇ ਹੱਕ ਵਿੱਚ ਅਤੇ ਸਰਕਾਰ ਵਿਰੁੱਧ ਨਾਅਰੇ ਲਾਉਂਦਾ ਹੋਇਆ ਵੱਖ ਵੱਖ ਬਾਜ਼ਾਰਾਂ ਵਿੱਚੋਂ ਲੰਘ ਕੇ ਹਾਲ ਗੇਟ ਪੁੱਜਿਆ, ਜਿਥੋਂ ਝਬਾਲ ਲਈ ਰਵਾਨਾ ਹੋਇਆ ਅਤੇ ਭਿਖੀਵਿੰਡ, ਪੱਟੀ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਤਰਨ ਤਾਰਨ ਪੁੱਜਿਆ। ਜਥੇ ਦੀ ਅਗਵਾਈ ਹਰਭਜਨ ਸਿੰਘ, ਭੁਪਿੰਦਰ ਸਿੰਘ ਸਾਂਭਰ, ਰਤਨ ਸਿੰਘ ਰੰਧਾਵਾ, ਡਾ. ਸਤਨਾਮ ਸਿੰਘ ਅਜਨਾਲਾ, ਵਿਜੈ ਮਿਸ਼ਰਾ, ਰਘਬੀਰ ਸਿੰਘ ਵਿਰਕ ਤੇ ਗੁਰਮੀਤ ਸਿੰਘ ਬਖਤਪੁਰਾ ਨੇ ਕੀਤੀ।