ਐਨ ਐਨ ਬੀ
ਦੀਨਾਨਗਰ – ਫ਼ੌਜ ਵਿੱਚ ਨੌਕਰੀ ਕਰਦਿਆਂ ਦੇਸ਼ ਲਈ ਜਾਨ ਖ਼ਤਰੇ ’ਚ ਪਾ ਕੇ ਅਤਿਵਾਦ ਦੀ ਲੜਾਈ ਜਿੱਤਣ ਵਾਲੇ ਜਾਂਬਾਜ਼ ਸੈਨਿਕ ਨੇ ਸਰਕਾਰ ਦੀਆਂ ਲਾਰੇਬਾਜ਼ ਨੀਤੀਆਂ ਅੱਗੇ ਹਾਰ ਮੰਨ ਲਈ ਹੈ ਅਤੇ ਆਪਣੇ ਵੀਰਤਾ ਮੈਡਲ ਰਾਸ਼ਟਰਪਤੀ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਰੁਖ਼ ਤੋਂ ਨਿਰਾਸ਼ ਇਸ ਸੈਨਿਕ ਨੇ ਕਿਹਾ ਕਿ ਉਸਨੇ ਕਦੇ ਸੁਪਨੇ ਵਿੱਚ ਵੀ ਏਨੇ ਮਾੜੇ ਦਿਨ ਦੀ ਕਲਪਨਾ ਨਹੀਂ ਸੀ ਕੀਤੀ, ਜਿਸ ਕਿਸਮ ਦਾ ਸੱਚ ਉਹ ਤਨ ਮਨ ’ਤੇ ਹੰਢਾ ਰਿਹਾ ਹੈ। ਇਸ ਫੌਜੀ ਨੂੰ ਸਰਕਾਰੀ ਤੰਤਰ ਦੇ ਝੂਠੇ ਵਾਅਦਿਆਂ ਨੇ ਦੁੱਖ ਅਤੇ ਪ੍ਰੇਸ਼ਾਨੀਆਂ ਤੋਂ ਸਿਵਾ ਕੁਝ ਵੀ ਨਹੀਂ ਦਿੱਤਾ।
ਰਘੁਨਾਥ ਪ੍ਰਸਾਦ ਸ਼ਰਮਾ ਨਾਂ ਦਾ ਇਹ ਸੈਨਿਕ ਦੀਨਾਨਗਰ ਦੇ ਨਜ਼ਦੀਕੀ ਪਿੰਡ ਸੈਦੀਪੁਰ ਦਾ ਵਸਨੀਕ ਹੈ ਅਤੇ 2003 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਦਿਲ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਅਤੇ ਪਿਛਲੇ 4 ਮਹੀਨਿਆਂ ਤੋਂ ਬਿਸਤਰ ’ਤੇ ਪਿਆ ਹੈ। ਉਸ ਦੀਆਂ ਪੰਜ ਧੀਆਂ ਹਨ, ਜਿਨ੍ਹਾਂ ਵਿੱਚੋਂ ਚਾਰ ਵਿਆਹੀਆਂ ਹਨ। ਉਸ ਦੀ ਸਾਰੀ ਜਮ੍ਹਾਂ ਪੂੰਜੀ ਧੀਆਂ ਦੇ ਵਿਆਹਾਂ ’ਤੇ ਖਰਚ ਹੋ ਚੁੱਕੀ ਹੈ ਅਤੇ ਉੱਤੋਂ ਭਿਆਨਕ ਬੀਮਾਰੀ ਨੇ ਅਜਿਹਾ ਲਪੇਟਿਆ ਕਿ ਚੱਲਣਾ ਫਿਰਨਾ ਵੀ ਮੁਸ਼ਕਲ ਹੋ ਗਿਆ ਹੈ। ਲਾਂਸਨਾਇਕ ਰਘੂਨਾਥ ਪ੍ਰਸਾਦ ਸ਼ਰਮਾ ਕੇਂਦਰੀ ਰਿਜ਼ਰਵ ਪੁਲੀਸ ਦੀ 33ਵੀਂ ਬਟਾਲੀਅਨ ਵਿੱਚ 1970 ’ਚ ਭਰਤੀ ਹੋਇਆ ਸੀ। ਇਸ ਦੌਰਾਨ ਉਸ ਨੇ ਬਹਾਦਰੀ ਦੇ ਕਈ ਕਾਰਨਾਮੇ ਕੀਤੇ। ਜਿਨ੍ਹਾਂ ਵਿੱਚੋਂ 24 ਮਈ 1983 ਨੂੰ ਤ੍ਰਿਪੁਰਾ ਵਿਖੇ ਉਲਫ਼ਾ ਅਤਿਵਾਦੀਆਂ ਨਾਲ ਲੜਦਿਆਂ ਇਕ ਖ਼ਤਰਨਾਕ ਅਤਿਵਾਦੀ ਨੂੰ ਮਾਰ ਮੁਕਾਉਣ, ਦੂਜੇ ਨੂੰ ਜਿਉਂਦਾ ਫੜ ਲੈਣ ਤੋਂ ਇਲਾਵਾ 26 ਜੂਨ 1991 ਵਿੱਚ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ’ਚ ਖ਼ਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਦੋ ਖੂੰਖਾਰ ਅਤਿਵਾਦੀਆਂ ਨੂੰ ਮੌਕੇ ’ਤੇ ਮਾਰ ਮੁਕਾਉਣਾ ਸ਼ਾਮਲ ਹੈ। ਇਨ੍ਹਾਂ ਦੋਵਾਂ ਅਪ੍ਰੇਸ਼ਨਾਂ ਲਈ ਉਸ ਨੂੰ ਰਾਸ਼ਟਰਪਤੀ ਮੈਡਲ, ਪੁਲੀਸ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਓਦੋਂ ਦੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਖੇਤੀ ਲਈ ਜ਼ਮੀਨ ਅਲਾਟ ਕਰਨ ਦਾ ਐਲਾਨ ਵੀ ਕੀਤਾ ਸੀ, ਜਿਸ ਨੂੰ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ।
ਰਘੂਨਾਥ ਪ੍ਰਸਾਦ ਸ਼ਰਮਾ ਨੇ ਦੁਖੀ ਮਨ ਨਾਲ ਕਿਹਾ ਕਿ ਰਾਸ਼ਟਰਪਤੀ ਮੈਡਲ ਕਾਰਨ ਹਰ ਮਹੀਨੇ ਮਿਲਦੇ 3000 ਰੁਪਏ ਵੀ ਪਿਛਲੇ ਤਿੰਨ ਸਾਲਾਂ ਤੋਂ ਮਿਲਣੇ ਬੰਦ ਹੋ ਚੁੱਕੇ ਹਨ ਅਤੇ ਇਨ੍ਹਾਂ ਮੈਡਲਾਂ ਦਾ ਹੁਣ ਉਨ੍ਹਾਂ ਲਈ ਕੋਈ ਮੁੱਲ ਨਹੀਂ। ਉਨ੍ਹਾਂ ਕਿਹਾ ਕਿ ਸਿਰਫ਼ ਮੈਡਲਾਂ ਨਾਲ ਢਿੱਡ ਨਹੀਂ ਭਰਦਾ। ਇਸ ਲਈ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਤਮਾਮ ਮੈਡਲਾਂ ਅਤੇ ਪ੍ਰਸ਼ੰਸਾ ਪੱਤਰਾਂ ਨੂੰ ਉਹ 26 ਜਨਵਰੀ ਨੂੰ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ ਅਤੇ ਸਰਕਾਰ ਨੂੰ ਇਹ ਕਹਿਣਗੇ ਕਿ ਉਹ ਮੁੜ ਕਿਸੇ ਸੈਨਿਕ ਨਾਲ ਅਜਿਹੀਆਂ ਘੋਸ਼ਨਾਵਾਂ ਨਾ ਕਰਨ, ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ।
ਇਸ ਮੌਕੇ ਉਨ੍ਹਾਂ ਕੋਲ ਬੈਠੀ ਰਘੂਨਾਥ ਪ੍ਰਸਾਦ ਦੀ ਪਤਨੀ ਜੈ ਦੇਵੀ ਨੇ ਸਰਕਾਰੀ ਸਿਸਟਮ ’ਤੇ ਗਿਲਾ ਕਰਦਿਆਂ ਕਿਹਾ ਕਿ ਜੇ ਜਾਂਬਾਜ਼ ਸੈਨਿਕਾਂ ਦੀ ਅਣਦੇਖੀ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਇਸਦਾ ਸਿੱਧਾ ਅਸਰ ਬਾਰਡਰ ’ਤੇ ਤਾਇਨਾਤ ਵੀਰ ਸੈਨਿਕਾਂ ਦੇ ਮਨੋਬਲ ’ਤੇ ਪਵੇਗਾ।