ਹਾਈ ਕੋਰਟ ਵੱਲੋਂ ਜ਼ਮਾਨਤ ਦੌਰਾਨ ਚੋਣ ਪ੍ਰਚਾਰ ਦਾ ਸਖ਼ਤ ਨੋਟਿਸ
ਉਹ ਤਕਲੀਫ ਕਾਰਨ ਮਿਲੀ ਰਾਹਤ ਨੂੰ ਮੌਜ ਮੇਲੇ ’ਚ ਨਹੀਂ ਬਦਲ ਸਕਦੇ
ਐਨ ਐਨ ਬੀ
ਚੰਡੀਗੜ੍ਹ – ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੱਲੋਂ ਜ਼ਮਾਨਤ ਦੀ ਦੁਰਵਰਤੋਂ ਕਰਕੇ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਜੇਲ੍ਹ ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਮੁਖੀ ਅਦਾਲਤ ਨੂੰ ਗੁੰਮਰਾਹ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਅਦਾਲਤ ਦੇ ਮਾਣ-ਸਨਮਾਨ ਉਪਰ ਸਵਾਲ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਚੌਟਾਲਾ ਨੂੰ 17 ਅਕਤੂਬਰ ਤੱਕ ਦਿੱਤੀ ਜ਼ਮਾਨਤ ਵੀ ਰੱਦ ਕਰ ਦਿੱਤਾ ਹੈ।
ਜਸਟਿਸ ਸਿਧਾਰਥ ਮ੍ਰਿਦੁਲ ਨੇ 79 ਵਰ੍ਹਿਆਂ ਦੇ ਇਨੈਲੋ ਮੁਖੀ ਦੀ 17 ਅਕਤੂਬਰ ਤੱਕ ਜੇਲ੍ਹੋਂ ਬਾਹਰ ਰਹਿਣ ਜਾਂ ਘੱਟੋ ਘੱਟ ਐਤਵਾਰ ਤੱਕ ਛੋਟ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਉਹ ਤੁਰੰਤ ਆਤਮ-ਸਮਰਪਣ ਕਰਨ ਅਤੇ ਇਸ ਬਾਰੇ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸੀ ਬੀ ਆਈ ਤਾਂ ਅੱਜ ਹੀ ਚੌਟਾਲਾ ਨੂੰ ਜੇਲ੍ਹ ‘ਚ ਬੰਦ ਕਰਨਾ ਚਾਹੁੰਦੀ ਸੀ। ਕੋਰਟ ਨੇ ਕਿਹਾ, “ਜੇਕਰ ਉਹ ਸਫ਼ਰ ਅਤੇ ਪ੍ਰਚਾਰ ਕਰਨ ਲਈ ਤੰਦਰੁਸਤ ਹਨ ਤਾਂ ਉਨ੍ਹਾਂ ਨੂੰ ਆਤਮ-ਸਮਰਪਣ ਕਰਨਾ ਪਏਗਾ।” ਜੇਕਰ ਜੇਲ੍ਹ ਅਧਿਕਾਰੀ ਜ਼ਰੂਰੀ ਸਮਝਦੇ ਹਨ ਤਾਂ ਉਹ ਸ੍ਰੀ ਚੌਟਾਲਾ ਨੂੰ ਇਲਾਜ ਲਈ ਏਮਜ਼ ਹਸਪਤਾਲ ਲਿਜਾ ਸਕਦੇ ਹਨ। ਕੋਰਟ ਨੇ ਕਿਹਾ ਕਿ ਉਹ ਤਕਲੀਫ ਕਾਰਨ ਮਿਲੀ ਰਾਹਤ ਨੂੰ ਮੌਜ ਮੇਲੇ ‘ਚ ਨਹੀਂ ਬਦਲ ਸਕਦੇ। ਹਰ ਗੱਲ ਦੀ ਹੱਦ ਹੁੰਦੀ ਹੈ ਅਤੇ ਉਸ ਨੂੰ ਲੰਘਣਾ ਨਹੀਂ ਚਾਹੀਦਾ ਹੈ। ਸੀ ਬੀ ਆਈ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਚੌਟਾਲਾ ਨਿਆਂਪਾਲਿਕਾ ਦਾ ਮਾਖੌਲ ਉਡਾ ਕੇ ਚੋਣ ਪ੍ਰਚਾਰ ਕਰ ਰਹੇ ਹਨ।