ਐਨ ਐਨ ਬੀ
ਮੁੰਬਈ – ਜੇ ਭਾਜਪਾ ਦੀ ਅਗਵਾਈ ਵਾਲੀ ਬਹੁਮਤ ਵਿਹੂਣੀ ਸਰਕਾਰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਹਾਸਿਲ ਕਰਨਾ ਚਾਹੇਗੀ ਤਾਂ ਐਨ ਸੀ ਪੀ ਵੋਟਿੰਗ ਤੋਂ ਵੱਖ ਰੱਖੇਗੀ। ਇੱਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੀ ਗਈ ਇੰਟਰਵਿਊ ‘ਚ ਐਨ ਸੀ ਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਜੇਕਰ ਲੋੜ ਹੋਈ ਤੇ ਸਦਨ ‘ਚ ਵੋਟਾਂ ਪਈਆਂ ਤਾਂ ਉਹ ਸਦਨ ‘ਚ ਗ਼ੈਰ-ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਗਿਣਤੀਆਂ ਅਜਿਹੀਆਂ ਹਨ ਕਿ ਉਹ ਅਜਿਹਾ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ‘ਤੇ ਮਹਾਰਾਸ਼ਟਰ ‘ਚ ਕੋਈ ਸਰਕਾਰ ਨਹੀਂ ਬਣੇਗੀ ਤੇ 6 ਮਹੀਨਿਆਂ ‘ਚ ਫਿਰ ਤੋਂ ਚੋਣਾਂ ਹੋਣਗੀਆਂ। ਨਵਾਬ ਮਲਿਕ ਨੇ ਕਿਹਾ ਕਿ ਉਹ ਸਰਕਾਰ ਦਾ ਹਿੱਸਾ ਨਹੀਂ ਹੋਣਗੇ ਪਰ ਉਹ ਘੱਟ ਗਿਣਤੀ ਸਰਕਾਰ ਵਿਰੁੱਧ ਵੋਟਾਂ ਪਾ ਕੇ ਅਸਥਿਰਤਾ ਵੀ ਪੈਦਾ ਨਹੀਂ ਕਰਨਗੇ।
ਓਧਰ ਵਿਰੋਧੀ ਧਿਰ ਦੀ ਕੁਰਸੀ ਨੂੰ ਲੈ ਕੇ ਕਾਂਗਰਸ ਦਾ ਰੁਖ਼ ਐਨ ਸੀ ਪੀ ਲਈ ਦਿੱਕਤ ਪੈਦਾ ਕਰਨ ਜਾ ਰਿਹਾ ਹੈ। ਹੁਣ ਕਾਂਗਰਸ ਇਕੱਲਿਆਂ ਵਿਰੋਧੀ ਧਿਰ ਦੇ ਆਗੂ ਹੋਣ ਦੀ ਦਾਅਵੇਦਾਰ ਬਣੇਗੀ, ਜਿਸਦੇ ਨੇਤਾਵਾਂ ਦਾ ਕਹਿਣਾ ਹੈ ਕਿ ਐਨ ਸੀ ਪੀ ਨੇ ਭਾਜਪਾ ਨੂੰ ਬਾਹਰੋਂ ਸਮਰਥਨ ਦੇਣ ਦਾ ਐਲਾਨ ਕਰਕੇ ਆਪਣੀ ਵਿਚਾਰਧਾਰਕ ਸੇਧ ਗਵਾ ਲਈ ਹੈ। ਇਸੇ ਦੌਰਾਨ ਸ਼ਿਵ ਸੈਨਾ ਨੇ ‘ਸਾਮਨਾ’ ਦੀ ਸੰਪਾਦਕੀ ਵਿੱਚ ਭਾਜਪਾ ਦਾ ਸਮਰਥਨ ਕਰਨ ਦਾ ਨਜ਼ਰੀਆ ਸਪੱਸ਼ਟ ਕਰ ਦਿੱਤਾ ਹੈ। ਹੁਣ ਸੌਦੇਬਾਜ਼ੀ ਬਾਕੀ ਰਹਿ ਗਈ ਹੈ, ਜੋ ਭਾਜਪਾ ਵਿਧਾਇਕ ਦਲ ਦੀ ਚੋਣ ਪਿੱਛੋਂ ਆਪਣੇ ਅਸਲ ਰੂਪ ਵਿੱਚ ਸਾਹਮਣੇ ਆ ਸਕੇਗੀ।