ਐਨ ਐਨ ਬੀ
ਬੁਢਲਾਡਾ – ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਸਿੱਖਾਂ ਨੇ ਕਾਂਗਰਸ ਦਾ ਸਾਥ ਦਿੱਤਾ ਤਾਂ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਹੀ ਬਣੇਗੀ। ਉਹ ਸ਼ਹਿਰ ਦੇ ਰਾਇਲ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਸਨ ਅਤੇ ਇਸ ਤੋਂ ਬਾਅਦ ਅੰਬਾਲਾ ਦੇ ਦਿਹਾਤੀ ਇਲਾਕੇ, ਵਿਧਾਨ ਸਭਾ ਹਲਕੇ ਰਤੀਆ, ਟੋਹਾਣਾ ਤੇ ਫਤਿਆਬਾਦ ਵਿੱਚ ਚੋਣ ਪ੍ਰਚਾਰ ਲਈ ਚਲੇ ਗਏ।
ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਚੋਣ ਪ੍ਰਚਾਰ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ ਹੈ। ਜੇਕਰ ਇਨੈਲੋ ਦੀ ਸਰਕਾਰ ਬਣਦੀ ਹੈ ਤਾਂ ਬਾਦਲਾਂ ਦੀ ਸਲਾਹ ਨਾਲ ਚੌਟਾਲੇ ਹਰਿਆਣਾ ਨੂੰ ਨਸ਼ਿਆਂ ਦੇ ਦਰਿਆ ਵਿੱਚ ਡੋਬ ਦੇਣਗੇ। ਹਰਿਆਣਾ ਦੇ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਉਪਰਾਲਾ ਹੈ। ਇਸੇ ਕਰਕੇ ਹਰਿਆਣਾ ਦੀ ਕਾਂਗਰਸ ਨੂੰ ਭਰੋਸਾ ਹੈ ਕਿ ਸਿੱਖ, ਪਾਰਟੀ ਦਾ ਪੂਰਾ ਸਾਥ ਦੇਣਗੇ।
ਬਾਦਲ ਸਰਕਾਰ ਨਸ਼ਾ ਛਡਾਉ ਕੈਂਪ ਸੂਬੇ ਦੇ ਲੋਕਾਂ ਨੂੰ ਆਧੁਨਿਕ ਨਸ਼ਿਆਂ ਵੱਲ ਮੋੜਨ ਲੱਗ ਪਏ ਹਨ। ਇਨ੍ਹਾਂ ਕੈਪਾਂ ਵਿੱਚ ਜਿਹੜੀਆਂ ਦਵਾਈਆਂ ਨਸ਼ੇੜੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਕੰਪਨੀ ਮਾਲਕਾਂ ਨਾਲ ਬਾਦਲਾਂ ਦਾ ਸਾਂਝ ਹੈ। ਕੁਝ ਸਮੇਂ ਬਾਅਦ ਹਾਲਾਤ ਅਜਿਹੇ ਬਣ ਜਾਣਗੇ ਕਿ ਲੋਕ ਇਨ੍ਹਾਂ ਸਿਨਥੈਟਿਕ ਦਵਾਈਆਂ ਦੇ ਸਹਾਰੇ ਹੀ ਰਹਿ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਦਿੱਤੀਆਂ ਜਾ ਰਹੀਆਂ ਗੋਲੀਆਂ ਰਵਾਇਤੀ ਨਸ਼ਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹਨ। ਇਸ ਕਰਕੇ ਲੋਕ ਅਕਾਲੀ-ਭਾਜਪਾ ਸਰਕਾਰ ਤੋਂ ਦੁਖੀ ਹਨ।