ਜੰਗ-ਏ-ਆਜ਼ਾਦੀ ਦੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਇੱਕਮੁਠਤਾ ਦੀ ਲੋੜ : ਬਾਦਲ

0
1046

CM Badal

ਐਨ ਐਨ ਬੀ

ਜਲੰਧਰ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੀਆਂ ਰਾਜਸੀ ਪਾਰਟੀਆਂ ਨੂੰ ਸਿਆਸੀ ਵਖਰੇਵਿਆਂ ਤੋਂ ਉਪਰ ਉੱਠ ਕੇ ਸੂਬੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਲਈ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਤੇ ਦੇਸ਼ ਨੂੰ ਆਲਮੀ ਪੱਧਰ ਉੱਤੇ ਮੋਹਰੀ ਬਣਾਉਣ ਦਾ ਤਹੱਈਆ ਕੀਤਾ ਜਾਵੇ ਤਾਂ ਕਿ ਆਪਣੀ ਮਾਤ-ਭੂਮੀ ਨੂੰ ਬਰਤਾਨਵੀ ਸਾਮਰਾਜਵਾਦ ਦੇ ਜੂਲੇ ਤੋਂ ਮੁਕਤੀ ਦਿਵਾਉਣ ਲਈ ਆਪਣੀਆਂ ਅਣਮੁੱਲੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਵੱਲੋਂ ਸੰਜੋਏ ਸੁਪਨੇ ਸਾਕਾਰ ਕੀਤੇ ਜਾ ਸਕਣ। ਇੱਥੇ 25 ਏਕੜ ਰਕਬੇ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ  ਜੰਗ-ਏ-ਆਜ਼ਾਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਮੌਕੇ  ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਯਾਦਗਾਰ ਕੌਮੀ ਆਜ਼ਾਦੀ ਸੰਘਰਸ਼ ਵਿੱਚ ਲਾਮਿਸਾਲ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਜਾਣੇ-ਅਣਜਾਣੇ ਨਾਇਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੇ ਵਤਨ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਉਣ ਲਈ ਕੀਮਤੀ ਜਾਨਾਂ ਨਿਛਾਵਰ ਕਰ ਦਿੱਤੀਆਂ ਅਤੇ ਬਰਤਾਨਵੀ ਹਕੂਮਤ ਦੇ  ਅਕਿਹ ਤਸ਼ੱਦਦ ਝੱਲੇ।
ਇਸ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਮਹਾਨ ਸ਼ਹੀਦਾਂ ਵੱਲੋਂ ਕਿਆਸੇ ਬੇਰੁਜ਼ਗਾਰੀ,ਗਰੀਬੀ ਅਤੇ ਅਨਪੜ੍ਹਤਾ ਮੁਕਤ ਅਗਾਂਹਵਧੂ ਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨ ਦੀ ਇੱਛਾ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ ਜਾਵੇ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਬਹਾਦਰੀ ਤੇ ਕੁਰਬਾਨੀ ਦਾ ਜਜ਼ਬਾ  ਪੰਜਾਬੀਆਂ ਦੇ ਖੂਨ ਵਿੱਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਦੇ ਵਿੱਚ ਦੇਸ਼ ਭਗਤੀ ਤੇ ਆਪਾ ਵਾਰਨ ਦੀਆਂ ਕਦਰਾਂ-ਕੀਮਤਾਂ ਨੂੰ ਉਭਾਰਦੇ ਹਨ  ਤੇ ਅਜਿਹੇ ਕਾਰਜਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ।
ਜੰਗ-ਏ-ਆਜ਼ਾਦੀ ਫਾਊਂਡੇਸ਼ਨ  ਕਾਰਜਕਾਰਣੀ ਦੇ ਪ੍ਰਧਾਨ ਡਾ.ਬਰਜਿੰਦਰ ਸਿੰਘ ਹਮਦਰਦ ਨੇ ਆਪਣੇ ਭਾਸ਼ਣ ਵਿੱਚ ਇਸ ਯਾਦਗਾਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਉੱਘੇ ਇਤਿਹਾਸਕਾਰਾਂ ਤੇ ਬੁੱਧੀਜੀਵੀਆਂ ਖਾਸ ਤੌਰ ’ਤੇ  ਡਾ. ਕ੍ਰਿਪਾਲ ਸਿੰਘ, ਡਾ. ਜੇ.ਐਸ. ਗਰੇਵਾਲ ਅਤੇ ਸ੍ਰੀ ਕੇ.ਐਲ. ਟੁਟੇਜਾ ’ਤੇ ਆਧਾਰਤ ਸੰਕਲਪ ਕਮੇਟੀ ਵੱਲੋਂ ਬਹੁਤ ਦੀ ਡੂੰਘੀ ਖੋਜ ਤੇ ਅਧਿਐਨ ਤੋਂ ਬਾਅਦ ਇਸ ਸੁਪਨਮਈ ਪ੍ਰਾਜੈਕਟ ਨੂੰ ਸਾਕਾਰ ਕਰਨ ਵਿੱਚ ਸਫਲਤਾ ਮਿਲੀ ਹੈ। ਸਵਾਗਤੀ ਭਾਸ਼ਣ ਵਿੱਚ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ  ਸੋਹਣ ਸਿੰਘ ਠੰਡਲ ਨੇ ਕਿਹਾ ਕਿ ਇਸ ਯਾਦਗਾਰ ਦੇ ਨੀਂਹ ਪੱਥਰ ਨਾਲ ਸੂਬਾ ਸਰਕਾਰ ਨੇ ਆਪਣੇ ਮਹਾਨ ਵਿਰਸੇ ਨੂੰ ਸੰਭਾਲਣ ਲਈ ਇੱਕ ਨਵਾਂ ਅਧਿਆਏ ਸਿਰਜਿਆ ਹੈ।
ਇਸ ਮੌਕੇ ਮੁੱਖ ਮੰਤਰੀ ਨੇ  ਉੱਘੇ ਇਤਿਹਾਸਕਾਰ ਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ, ਡਾ. ਪ੍ਰਿਥੀਪਾਲ ਸਿੰਘ ਕਪੂਰ ਤੇ ਡਾ. ਹਰੀਸ਼ ਸ਼ਰਮਾ ਤੋਂ ਇਲਾਵਾ ਨਾਮਵਰ ਫਿਲਮ ਨਿਰਦੇਸ਼ਕ ਡਾ. ਸ਼ਿਆਮ ਬੈਨੇਗਲ ਦਾ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਡਲਾਂ ਨਾਲ ਸਨਮਾਨ ਕੀਤਾ।

ਜੰਗ-ਏ-ਆਜ਼ਾਦੀ ਸਮਾਗਮ ਨੇ ਲੋਕਾਂ ਨੂੰ ਕੀਤਾ ਖੱਜਲ-ਖੁਆਰ ਕੀਤਾ

Jang-e-
ਜੰਗ-ਏ-ਆਜ਼ਾਦੀ ਸਮਾਗਮ ਕਾਰਨ ਰੂਟ ਬਦਲੇ ਜਾਣ ’ਤੇ ਟਰੈਫਿਕ ਮੁਲਾਜ਼ਮ ਵਾਹਨ ਲੰਘਾਉਂਦੇ ਹੋਏ

ਪ੍ਰਸ਼ਾਸਨ ਦੇ ਅਗਾਊਂ ਪ੍ਰਬੰਧਾਂ ਦੇ ਬਾਵਜੂਦ ਕਰਤਾਰਪੁਰ ਵਿਖੇ ਜੰਗੇ-ਏ-ਆਜ਼ਾਦੀ ਦੇ ਸ਼ਹੀਦਾਂ ਦੀ ਯਾਦ ’ਚ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਨੇ ਸੁਭਾਨਪੁਰ ਤੋਂ ਪਠਾਨਕੋਟ ਚੌਕ ਜਲੰਧਰ ਤੱਕ ਨੈਸ਼ਨਲ ਹਾਈਵੇਅ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੀ ਟਰੈਫਿਕ ਵਾਇਆ ਕਪੂਰਥਲਾ ਤੇ ਜਲੰਧਰ ਤੋਂ ਬਟਾਲਾ, ਗੁਰਦਾਸਪੁਰ ਜਾਣ ਵਾਲੀ ਟਰੈਫਿਕ ਵਾਇਆ ਭੋਗਪੁਰ ਟਾਂਡਾ ਭੇਜੀ ਗਈ ਸੀ। ਇਸੇ ਤਰ੍ਹਾਂ ਡੇਰਾ ਰਾਧਾ ਸੁਆਮੀ ਬਿਆਸ ਤੋਂ ਜਲੰਧਰ ਲਈ ਟਰੈਫਿਕ ਢਿੱਲਵਾਂ ਤੋਂ ਨਡਾਲਾ, ਭੁਲੱਥ ਭੋਗਪੁਰ ਭੇਜੀ ਗਈ। ਇਸ ਕਾਰਨ ਆਮ ਲੋਕਾਂ ਨੂੰ ਭਾਰੀ ਖ਼ੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਲੰਮੇ ਸਫਰ ਤੋਂ ਬਿਨਾਂ ਵਧੇਰੇ ਡੀਜ਼ਲ ਪੈਟਰੋਲ ਫੂਕਣਾ ਪਿਆ, ਕਈ ਲੋਕ ਰਾਹ ਭੁੱਲ ਗਏ ਤੇ ਕਾਫੀ ਖੱਜਲ-ਖੁਆਰੀ ਤੋਂ ਬਾਅਦ ਆਪਣੀ ਮੰਜ਼ਿਲ ’ਤੇ ਪੁੱਜੇ। ਦੂਜੇ ਪਾਸੇ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਪੂਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ। ਸਕੂਲੀ ਤੇ ਪ੍ਰਾਈਵੇਟ ਬੱਸਾਂ ਜਬਰੀ ਫੜ ਕੇ ਰੈਲੀ ਲਈ ਭੇਜੀਆਂ ਗਈਆਂ।