ਜੰਮੂ ਕਸ਼ਮੀਰ ਦੇ ਹੜ੍ਹ ਪੀੜਤ ਢੁਕਵੀਂ ਮਦਦ ਲਈ ਸਿੱਖ ਸੰਸਥਾਵਾਂ ਦੇ ਸ਼ੁਕਰਗੁਜ਼ਾਰ

0
3135

ਸ਼੍ਰੋਮਣੀ ਕਮੇਟੀ ਨੇ ਕਸ਼ਮੀਰੀ ਸਿੱਖਾਂ ਦੀ ਮਦਦ ਲਈ ਉਪ ਕਮੇਟੀ ਬਣਾਈ

 Vadi

ਮਾਲੀ ਸਹਾਇਤਾ ਸਿੱਖਾਂ ਤੱਕ ਸੀਮਤ, ਪਰ ਰਾਹਤ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ

ਐਨ ਐਨ ਬੀ

ਸ੍ਰੀਨਗਰ – ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜ੍ਹਤਾਂ ਨੂੰ ਮਦਦ ਦੇਣ ਦੇ ਮਾਮਲੇ ਵਿੱਚ ਸਿੱਖ ਸੰਸਥਾਵਾਂ ਨੇ ਅਹਿਮ ਰੋਲ ਨਿਭਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਇਹ ਸਿੱਖ ਸੰਸਥਾਵਾਂ ਪੀੜ੍ਹਤਾਂ ਲਈ ਵੱਡੇ ਮਦਦਗਾਰ ਵਜੋਂ ਉਭਰੀਆਂ ਹਨ ਜਿਸ ਨਾਲ ਭਾਈਚਾਰੇ ਦਾ ਮਾਣ ਵਧਿਆ ਹੈ। ਕਸ਼ਮੀਰ ਵਾਦੀ ਵਿੱਚ 7 ਸਤੰਬਰ ਦੀ ਰਾਤ ਨੂੰ ਅਚਨਚੇਤੀ ਹੜ੍ਹ ਆ ਗਿਆ ਸੀ ਜਿਸ ਨਾਲ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋਇਆ ਸੀ। ਇਸ ਮੌਕੇ ਸਿੱਖ ਸੰਸਥਾਵਾਂ ਨੇ ਬਿਨਾਂ ਕਿਸੇ ਭੇਦਭਾਵ ਤੋਂ ਰਾਸ਼ਨ, ਗਰਮ ਕੱਪੜੇ, ਕੰਬਲ ਤੇ ਬਿਸਤਰੇ ਆਦਿ ਵੰਡੇ ਜਦਕਿ ਮੈਡੀਕਲ ਕੈਂਪ ਲਾ ਕੇ ਮੁਫ਼ਤ ਦਵਾਈਆਂ ਵੰਡੀਆਂ ਤੇ ਲੋਕਾਂ ਦਾ ਇਲਾਜ ਕੀਤਾ। ਹੜ੍ਹ ਦੌਰਾਨ ਲੋਕਾਂ ਨੂੰ ਗੁਰਦੁਆਰਿਆਂ ਵਿੱਚ ਠਹਿਰਾਇਆ ਗਿਆ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਰਬੱਤ ਦਾ ਭਲਾ ਟਰਸੱਟ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਅਤੇ ਹੋਰ ਸਵੈਸੇਵੀ ਜਥੇਬੰਦੀਆਂ ਨੇ ਅਹਿਮ ਯੋਗਦਾਨ ਪਾਇਆ ਹੈ ਜਿਨ੍ਹਾਂ ’ਚੋਂ ਸਭ ਤੋਂ ਅੱਗੇ ਸ਼੍ਰੋਮਣੀ ਕਮੇਟੀ ਹੈ।

ਸ਼੍ਰੋਮਣੀ ਕਮੇਟੀ ਵੱਲੋਂ 9 ਸਤੰਬਰ ਨੂੰ ਬਡਗਾਮ ਸਥਿਤ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਰਾਹਤ ਕੈਂਪ ਸਥਾਪਤ ਕਰ ਦਿੱਤਾ ਗਿਆ ਸੀ ਅਤੇ ਰਾਹਤ ਸਮੱਗਰੀ ਵੰਡਣ ਲਈ ਲਗਪਗ 20 ਕਰਮਚਾਰੀ ਤਾਇਨਾਤ ਕਰ ਦਿੱਤੇ ਸਨ। ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਡਾਕਟਰਾਂ ਦੀ ਟੀਮ ਵੀ ਪੱਕੇ ਤੌਰ ’ਤੇ ਤਾਇਨਾਤ ਕਰ ਦਿੱਤੀ ਗਈ ਸੀ। ਵੇਰਵਿਆਂ ਅਨੁਸਾਰ ਸ਼੍ਰੋਮਣੀ ਕਮੇਟੀ ਹੁਣ ਤਕ 800 ਟਨ ਤੋਂ ਵਧੇਰੇ ਰਾਹਤ ਸਮੱਗਰੀ ਵੰਡ ਚੁੱਕੀ ਹੈ। ਸਿੱਖ ਸੰਸਥਾਵਾਂ ਦੇ ਇਸ ਸਹਿਯੋਗ ਤੋਂ ਕਸ਼ਮੀਰ ਵਾਦੀ ਦੇ ਮੁਸਲਿਮ ਭਾਈਚਾਰੇ ਸਮੇਤ ਹਰ ਧਰਮ ਦੇ ਲੋਕ ਸੰਤੁਸ਼ਟ ਹਨ। ਸਿੱਖ ਸੰਸਥਾਵਾਂ ਤੋਂ ਮਿਲ ਰਹੀ ਮਦਦ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਵਾਹਰ ਨਗਰ ਦੇ ਵਾਸੀ ਹਾਜੀ ਗੁਲਾਮ ਮੁਹੰਮਦ ਮੋਤੂ ਨੇ ਆਖਿਆ ਕਿ ਹੁਣ ਤਕ ਹੜ੍ਹ ਪੀੜ੍ਹਤਾਂ ਦੀ ਪੰਜਾਬ ਅਤੇ ਅੰਮ੍ਰਿਤਸਰ ਤੋਂ ਆਏ ਲੋਕਾਂ ਨੇ ਹੀ ਮਦਦ ਕੀਤੀ ਹੈ ਜਦੋਂਕਿ ਕੋਈ ਵੀ ਕਸ਼ਮੀਰੀ ਸੰਸਥਾ ਮਦਦ ਲਈ ਅੱਗੇ ਨਹੀਂ ਆਈ ਹੈ। ਇਸ ਬਜ਼ੁਰਗ ਨੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਰਿਆਜ ਅਹਿਮਦ ਨੇ ਵੀ ਸਿੱਖ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਮਦਦ ਦੀ ਸ਼ਲਾਘਾ ਕੀਤੀ। ਰਾਹਤ ਕੈਂਪ ਵਿੱਚ ਮਦਦ ਲੈਣ ਲਈ ਆ ਰਹੇ ਹਰ ਵਰਗ ਦੇ ਲੋਕਾਂ ਨੇ ਵੀ ਸਿੱਖ ਸੰਸਥਾਵਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ। ਗੁਰਦੁਆਰਾ ਸਥਿਤ ਰਾਹਤ ਕੈਂਪ ਦੇ ਉਸ ਰਜਿਸਟਰ ਵਿੱਚ ਵਧੇਰੇ ਹੋਰ ਫ਼ਿਰਕਿਆਂ ਦੇ ਲੋਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੂੰ ਰਾਹਤ ਸਮੱਗਰੀ ਵੰਡੀ ਗਈ ਹੈ।
ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਕੇ ਪਰਤੇ ਹਨ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸਿੱਖ ਸੰਸਥਾਵਾਂ ਵੱਲੋਂ ਕੀਤੀ ਗਈ ਮਦਦ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਮਾਣ ਵਧਿਆ ਹੈ। ਉਨ੍ਹਾਂ ਆਖਿਆ ਕਿ ਸਿੱਖ ਸੰਸਥਾਵਾਂ ਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਭਵਿੱਖ ਵਿੱਚ ਸਿੱਖ ਭਾਈਚਾਰੇ ਦੇ ਨੁਕਸਾਨੇ ਗਏ ਘਰਾਂ ਅਤੇ ਕਾਰੋਬਾਰ ਦੀ ਮੁੜ ਸਥਾਪਤੀ ਲਈ ਸਿੱਖ ਸੰਸਥਾਵਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਮੁਸਲਿਮ ਭਾਈਚਾਰੇ ਦੇ ਆਗੂ ਜਿਨ੍ਹਾਂ ਵਿੱਚ ਯਾਸਿਨ ਮਲਿਕ, ਸਈਅਦ ਅਲੀ ਸ਼ਾਹ ਗਿਲਾਨੀ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼ਮੀਮਾ ਫਿਰਦੋਸ ਤੇ ਹੋਰ ਕਈ ਆਗੂ ਸ਼ਾਮਲ ਹਨ, ਸਿੱਖ ਸੰਸਥਾਵਾਂ ਕੋਲੋਂ ਮਦਦ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਆਗੂਆਂ ਨੇ ਇਸ ਕਾਰਜ ਲਈ ਸਿੱਖ ਸੰਸਥਾਵਾਂ ਦੀ ਭਰਵੀਂ ਸ਼ਲਾਘਾ ਵੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਨੇ ਕਸ਼ਮੀਰੀ ਸਿੱਖਾਂ ਦੀ ਮਦਦ ਲਈ ਉਪ ਕਮੇਟੀ ਬਣਾਈ
ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਸਿੱਖਾਂ  ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲੋੜੀਂਦੀ ਮਦਦ ਦੇਣ ਲਈ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਆਪਣੀ ਰਾਇ ਜਲਦੀ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਸੌਂਪੇਗੀ। ਇਸ ਦੌਰਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਗਈ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਇਸ ਸਬੰਧੀ ਵੇਰਵੇ ਸਹਿਤ ਰਿਪੋਰਟ ਪ੍ਰਧਾਨ ਨੂੰ ਸੌਂਪ ਦਿੱਤੀ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ੍ਰੀਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿਨ੍ਹਾਂ ਸਿੱਖਾਂ ਦੇ ਘਰਾਂ ਦੀਆਂ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ ਅਤੇ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਨੂੰ ਢੁੱਕਵੀਂ ਮਦਦ ਦੇਣ ਲਈ ਜਲਦੀ ਹੀ ਫ਼ੈਸਲਾ ਕੀਤਾ ਜਾਵੇਗਾ। ਇਹ ਮਦਦ ਕਿਸ ਰੂਪ ਵਿੱਚ ਹੋਵੇਗੀ ਅਤੇ ਕਿੰਨੀ ਹੋਵੇਗੀ, ਇਸ ਬਾਰੇ ਫ਼ੈਸਲਾ ਸਬ ਕਮੇਟੀ ਦੀ ਰਿਪੋਰਟ ਉਪਰ ਆਧਾਰਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਵਿੱਚ ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਕਰਨੈਲ ਸਿੰਘ ਪੰਜੋਲੀ, ਗੁਰਬਚਨ ਸਿੰਘ ਕਰੰਮੂਵਾਲ, ਸਕੱਤਰ ਮਨਜੀਤ ਸਿੰਘ ਤੇ ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਸ਼ਾਮਲ ਹਨ। ਮਿਲੇ ਵੇਰਵਿਆਂ ਅਨੁਸਾਰ ਕਮੇਟੀ ਦੀ ਪਹਿਲੀ ਮੀਟਿੰਗ ਸੋਮਵਾਰ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਪ੍ਰਭਾਵਿਤ ਹੋਏ ਸਿੱਖਾਂ ਬਾਰੇ ਵੇਰਵੇ ਇਕੱਠੇ ਕੀਤੇ ਗਏ ਹਨ। ਇਸ ਸਬੰਧ ਵਿੱਚ ਪ੍ਰਭਾਵਿਤ ਹਰੇਕ ਸਿੱਖ ਕੋਲੋਂ ਇਕ ਫਾਰਮ ਭਰਵਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਘਰਾਂ ਅਤੇ ਕਾਰੋਬਾਰ ਦੇ ਹੋਏ ਨੁਕਸਾਨ ਸਬੰਧੀ ਮਦਦ ਸਿਰਫ਼ ਸਿੱਖ ਭਾਈਚਾਰੇ ਨੂੰ ਹੀ ਮੁਹੱਈਆ ਕੀਤੀ ਜਾਵੇਗੀ, ਜਦਕਿ ਰਾਹਤ ਸਮੱਗਰੀ ਅਤੇ ਮੈਡੀਕਲ ਸਹਾਇਤਾ ਬਿਨਾਂ ਕਿਸੇ ਭੇਦ ਭਾਵ ਦੇ ਹਰ ਧਰਮ ਅਤੇ ਜਾਤ ਦੇ ਲੋਕਾਂ ਨੂੰ ਮੁਹੱਈਆ ਕਰਾਈ ਗਈ ਸੀ। ਇਹ ਰਾਹਤ ਹੁਣ ਵੀ ਜਾਰੀ ਹੈ ਅਤੇ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਲਗਭਗ 800 ਟਨ ਰਾਸ਼ਨ ਵਜੋਂ ਵੰਡਿਆ ਜਾ ਚੁੱਕਾ ਹੈ। ਇਸ ‘ਚ ਹਜ਼ਾਰਾਂ ਦੀ ਗਿਣਤੀ ਵਿੱਚ ਕੰਬਲ ਅਤੇ ਗਰਮ ਕੱਪੜੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਲੱਖਾਂ ਰੁਪਇਆਂ ਦੀ ਮੈਡੀਕਲ ਮਦਦ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀਨਗਰ ਦੇ ਬੜਗਾਮ ਸਥਿਤ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਰਾਹਤ ਕੈਂਪ ਸਥਾਪਤ ਕੀਤਾ ਗਿਆ ਹੈ, ਜੋ 9 ਸਤੰਬਰ ਤੋਂ ਲਗਾਤਾਰ ਜਾਰੀ ਹੈ।

Also Read :   Get upto 50% off on your favourite brands for Black Friday Sale at Nexus Elante Mall

 

ਸਿੱਖ ਪਰਿਵਾਰਾਂ ਦੇ 124 ਘਰਾਂ ਦੀ ਨਿਸ਼ਾਨਦੇਹੀ

ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਨੇ ਜੋ ਵੇਰਵੇ ਇਕੱਠੇ ਕੀਤੇ ਹਨ, ਉਸ ਮੁਤਾਬਕ ਸ੍ਰੀਨਗਰ ਵਿੱਚ ਲਗਭਗ 124 ਸਿੱਖ ਪਰਿਵਾਰਾਂ ਦੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਇਨ੍ਹਾਂ ਵਿੱਚੋਂ 50 ਫ਼ੀਸਦੀ ਘਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਹਨ ਅਤੇ ਬਾਕੀ ਘਰਾਂ ਵਿੱਚੋਂ ਕਿਸੇ ਦੀ ਛੱਤ ਨੂੰ ਅਤੇ ਕਿਸੇ ਦੀਆਂ ਕੰਧਾਂ ਨੂੰ ਤੇ ਕਿਸੇ ਦੇ ਫਰਸ਼ ਸਮੇਤ ਸਾਮਾਨ ਨੂੰ ਨੁਕਸਾਨ ਪੁੱਜਾ ਹੈ। ਇਸੇ ਤਰ੍ਹਾਂ ਕਾਰੋਬਾਰ ਨੂੰ ਹੋਏ ਨੁਕਸਾਨ ਸਬੰਧੀ ਵੀ ਵੇਰਵੇ ਇਕੱਠੇ ਕੀਤੇ ਹਨ, ਜਿਸ ਵਿੱਚ ਦੁਕਾਨਾਂ ਤੇ ਨੁਕਸਾਨੇ ਗਏ ਮਾਲ ਦੇ ਅੰਕੜੇ ਸ਼ਾਮਲ ਹਨ। ਸਮੁੱਚੇ ਅੰਕੜਿਆਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

LEAVE A REPLY

Please enter your comment!
Please enter your name here