ਜੰਮੂ ਕਸ਼ਮੀਰ ਵਿੱਚ ਭਾਜਪਾ ਇਕੱਲਿਆਂ ਹੀ ਚੋਣਾਂ ਲੜੇਗੀ : ਜਿਤੇਂਦਰ ਸਿੰਘ

0
1288

ਧਾਰਾ 370 ਭਾਜਪਾ ਦੇ ਏਜੰਡੇ ਦਾ ਹਿੱਸਾ ਹੈ, ਪਰ ਅੱਖ ਚੋਣਾਂ ’ਤੇ ਹੈ

BJP

ਐਨ ਐਨ ਬੀ

ਜੰਮੂ – ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਭਾਜਪਾ ਆਪਣੇ ਬਲਬੂਤੇ ਉਤੇ ਇਕੱਲਿਆਂ ਦੀ ਲੜੇਗੀ। ਇਹ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਧਾਰਾ 370 ਸਬੰਧੀ ਭਾਜਪਾ ਦੀ ਪਹੁੰਚ ਸਪਸ਼ਟ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਖਵਾਦ ਦੇ ਹੱਕ ਵਿੱਚ ਨਹੀਂ ਹੈ ਅਤੇ ਧਾਰਾ 370 ਸਬੰਧੀ ਭਾਜਪਾ ਦਾ ਸਟੈਂਡ ਪੂਰੀ ਤਰ੍ਹਾਂ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਧਾਰਾ 370 ਸਮੇਤ ਹੋਰ ਮਾਮਲੇ ਭਾਜਪਾ ਦੇ ਏਜੰਡੇ ਵਿੱਚ ਸ਼ਾਮਲ ਹਨ। ਇਹ ਪ੍ਰਗਟਾਵਾ ਉਨ੍ਹਾਂ ਨੇ ਉਦੋਂ ਕੀਤਾ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਭਾਜਪਾ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਲਈ ਧਾਰਾ 370 ਸਬੰਧੀ ਆਪਣੇ ਸਟੈਂਡ ਉਤੇ ਚੁੱਪ ਸਾਧ ਲਈ ਹੈ। ਉਨ੍ਹਾਂ ਧਾਰਾ 370 ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਹਰ ਚੋਣ ਸਮੇਂ ਇਹ ਦੇਖਣਾ ਪੈਂਦਾ ਹੈ ਕਿ ਲੋਕਾਂ ਦੀਆਂ ਮੌਕੇ ਅਨੁਸਾਰ ਤਰਜੀਹਾਂ ਕੀ ਹਨ ਤੇ ਸਾਡਾ ਧਿਆਨ ਨਵੰਬਰ-ਦਸੰਬਰ 2014 ਉੱਤੇ ਹੈ। ਸੂਬੇ ਦੇ ਲੋਕ ਲੰਬੇ ਸਮੇਂ ਤੋਂ ਕੁਸ਼ਾਸਨ, ਭ੍ਰਿਸ਼ਟਾਚਾਰ ਤੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਤੋਂ ਦੁਖੀ ਹਨ ਤੇ ਮੌਜੂਦਾ ਸਰਕਾਰ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੀ  ਇਕੱਲੀ ਅਜਿਹੀ ਪਾਰਟੀ ਹੈ ਜਿਸ ਵਿੱਚ ਪਰਿਵਾਰਵਾਦ ਨਹੀਂ ਹੈ। ਉਮੀਦਵਾਰਾਂ ਦੀ ਚੋਣ ਪੈਨਲ ਵਿੱਚੋਂ ਹੁੰਦੀ ਹੈ ਤੇ ਸੰਸਦੀ ਬੋਰਡ ਇਸ ਉੱਤੇ ਮੋਹਰ ਲਾਉਂਦਾ ਹੈ।