ਐਨ. ਐਨ. ਬੀ.
ਹੜ੍ਹ ਨਾਲ ਤਬਾਹ ਕਸ਼ਮੀਰ ਵਾਦੀ ਵਿੱਚ ਹੁਣ ਤੱਕ ਕਰੀਬ ਚਾਰ ਲੱਖ ਲੋਕ ਫਸੇ ਹੋਏ ਹਨ ਤੇ ਮਦਦ ਦੀ ਉਡੀਕ ’ਚ ਹਨ। ਇਸੇ ਨਾਲ ਭਾਰੀ ਮੀਂਹ ਰੁਕਣ ਮਗਰੋਂ ਕਈ ਸਹਾਇਤਾ ਏਜੰਸੀਆਂ ਨੇ ਆਪਣਾ ਕੰਮ ਤੇਜ਼ ਕਰ ਦਿੱਤਾ ਹੈ। ਹੁਣ ਤੱਕ 43 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਿਆ ਹੈ। ਇਸ ਦੌਰਾਨ ਊਧਮਪੁਰ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ 50 ਲੋਕਾਂ ਦੇ ਮਰਨ ਦਾ ਖਦਸ਼ਾ ਹੈ।
ਜੰਮੂ- ਕਸ਼ਮੀਰ ਵਿੱਚ ਛੇ ਦਹਾਕਿਆਂ ’ਚ ਆਏ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਸੈਂਕੜੇ ਲੋਕ ਜਾਨ ਬਚਾਉਣ ਲਈ ਘਰਾਂ ਦੀਆਂ ਛੱਤਾਂ ’ਤੇ ਸ਼ਰਨ ਲਈ ਬੈਠੇ ਹਨ। ਬੀਤੇ ਮੰਗਲਵਾਰ ਤੋਂ ਹੋਈ ਮੋਹਲੇਧਾਰ ਵਰਖਾ ਮਗਰੋਂ ਹੜ੍ਹ, ਢਿੱਗਾਂ ਡਿੱਗਣ ਤੇ ਘਰਾਂ ਦੇ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ 200 ਤੱਕ ਪੁੱਜ ਗਈ ਹੈ। ਐਤਵਾਰ ਦੁਪਹਿਰ ਤੋਂ ਕੱਟ ਚੁੱਕੇ ਦੂਰ ਸੰਚਾਰ ਸੰਪਰਕਾਂ ਨੂੰ ਬਹਾਲ ਕਰਨ ਲਈ ਅਧਿਕਾਰੀ ਦਿਨ ਰਾਤ ਇੱਕ ਕਰ ਰਹੇ ਹਨ, ਇੱਕ ਅਧਿਕਾਰੀ ਨੇ ਦੱਸਿਆ ਕਿ ਵਾਦੀ ਵਿੱਚ ਬਚਾਅ ਤੇ ਰਾਹਤ ਕਾਰਜਾਂ ਵਿੱਚ ਸਭ ਤੋਂ ਵੱਡਾ ਅੜਿੱਕਾ ਦੂਰਸੰਚਾਰ ਸਾਧਨਾਂ ਦੇ ਕੰਮ ਨਾ ਕਰਨ ਦਾ ਹੈ। ਇਸ ਤੋਂ ਇਲਾਵਾ ਕਿਸ਼ਤੀਆਂ ਦੀ ਘਾਟ ਵੀ ਬਹੁਤ ਰਕੜ ਰਹੀ ਹੈ।
ਜੰਮੂ ਵਿੱਚ ਰੱਖਿਆ ਵਿਭਾਗ ਦੇ ਬੁਲਾਰੇ ਕਰਨਲ ਐਸ.ਡੀ. ਗੋਸਵਾਮੀ ਨੇ ਦੱਸਿਆ ਕਿ ਹੜ੍ਹਾਂ ਵਿਚ ਫਸੇ ਲੋਕਾਂ ਨੂੰ ਬਚਾਉਣ ਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਹਵਾਈ ਫੌਜ ਦੇ 61 ਹੈਲੀਕਾਪਟਰਾਂ ਤੇ ਮਾਲਵਾਹਕ ਜਹਾਜ਼ਾਂ ਨੇ ਹੁਣ ਤੰਕ 354 ਉਡਾਨਾਂ ਭਰੀਆ ਹਨ। ਇਨ੍ਹਾਂ ਤੋਂ ਇਲਾਵਾ ਇੱਕ ਲੱਖ ਫੌਜੀ ਬਚਾਅ ਕਾਰਜਾਂ ਵਿੱਚ ਜੁਟੇ ਹਨ। ਅਧਿਕਾਰੀਆਂ ਮੁਤਾਬਕ ਕਰੀਬ ਚਾਰ ਲੱਖ ਲੋਕ ਵੱਖ-ਵੱਖ ਥਾਵਾਂ ’ਤੇ ਫਸੇ ਹੋਏ ਹਨ।
ਲੈਫਟੀਨੈਂਟ ਜਨਰਲ ਸੁਬਰਤਾ ਸਾਹਾ ਨੇ ਦੱਸਿਆ ਹੈ ਕਿ ਮੌਸਮ ਦਾ ਮਿਜ਼ਾਜ ਠੀਕ ਹੋ ਰਿਹਾ ਹੈ। ਸ੍ਰੀਨਗਰ ਤੇ ਦੱਖਣੀ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਪਾਣੀ ਉਤਰ ਰਿਹਾ ਹੈ, ਪਰ ਉਤਰੀ ਕਸ਼ਮੀਰ ’ਚ ਪਾਣੀ ਵਧ ਰਿਹਾ ਹੈ। ਡੱਲ ਝੀਲ ਦਾ ਪਾਣੀ ਵਧ ਰਿਹਾ ਹੈ। ਟੀ.ਵੀ. ਫੁਟੇਜ ਤੋਂ ਪਤਾ ਲੱਗਦਾ ਹੈ ਕਿ ਡੱਲ ਝੀਲ ਦਾ ਪਾਣੀ ਹਜ਼ਰਤਬਲ ਦਰਰਾਹ ਕੰਪਲੈਕਸ ਵਿੱਚ ਭਰ ਰਿਹਾ ਹੈ।