ਐਨ ਐਨ ਬੀ
ਪਟਿਆਲਾ – ਲੋਕ ਸਭਾ ਵਿੱਚ ਕਾਂਗਰਸ ਦੇ ਉਪ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਗੈਰਕਾਨੂੰਨੀ ਕਲੋਨੀਆਂ ਦੇ ਪਲਾਟ ਹੋਲਡਰਾਂ ਅਤੇ ਕਲੋਨਾਈਜ਼ਰਾਂ ’ਤੇ ਲਾਏ ਗਏ ਟੈਕਸਾਂ ਨੂੰ ਤਾਨਾਸ਼ਾਹੀ ਫ਼ੈਸਲਾ ਕਰਾਰ ਦਿਤਾ ਹੈ ਅਤੇ ਨਾਲ ਹੀ ਆਖਿਆ ਹੈ ਕਿ ਲੋਕ ਅਕਾਲੀ-ਭਾਜਪਾ ਗਠਜੋੜ ਨੂੰ ਜੇਤੂ ਬਣਾਉਣ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਵਿੱਤੀ ਫ਼ਜ਼ੂਲਖ਼ਰਚੀ ਅਤੇ ਵਿੱਤੀ ਅਸਫਲਤਾਵਾਂ ’ਤੇ ਪਰਦਾ ਪਾਉਣ ਲਈ ਵਾਧੂ ਅਤੇ ਭਾਰੀ ਟੈਕਸ ਲਾ ਕੇ ਲੋਕਾਂ ਨੂੰ ਸਜ਼ਾ ਦੇ ਰਹੇ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਉਹ ਯਕੀਨੀ ਬਣਾਉਣਗੇ ਕਿ ਲੋਕਾਂ ’ਤੇ ਅਜਿਹੇ ਭਾਰੀ ਟੈਕਸ ਨਾ ਲਾਏ ਜਾਣ।
ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਵਿੱਚ ਵਿੱਤੀ ਪ੍ਰੇਸ਼ਾਨੀ ਕਾਰਨ ਰਾਜ ਸਰਕਾਰ ਵੱਲੋਂ ਹਰੇਕ ਵਰਗ ’ਤੇ ਭਾਰੀ ਟੈਕਸ ਥੋਪਣ ਦਾ ਇਹ ਰੁਝਾਨ ਮੰਦਭਾਗਾ ਹੈ, ਕਿਉਂਕਿ ਅਜਿਹਾ ਕਰਕੇ ਉਹ ਆਪਣੀਆਂ ਗਲਤੀਆਂ ਦੀ ਸਜ਼ਾ ਲੋਕਾਂ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਘਰੇਲੂ ਪਲਾਟ ਹੋਲਡਰਾਂ ’ਤੇ ਅਜਿਹੇ ਭਾਰੀ ਟੈਕਸ ਲਾ ਕੇ ਸੂਬਾ ਸਰਕਾਰ ਨੇ ਬੇਇਨਸਾਫੀ ਕੀਤੀ ਹੈ। ਇਸ ਲੜੀ ਹੇਠ ਤਿੰਨ ਮਹੀਨੇ ਤੋਂ ਜ਼ਿਆਦਾ ਦੇਰੀ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ 60 ਪ੍ਰਤੀਸ਼ਤ ਜੁਰਮਾਨਾ ਵੀ ਲਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਟੈਕਸ ਅੰਗਰੇਜ਼ ਸਰਕਾਰ ਅਤੇ ਜਗੀਰੀ ਸਮੇਂ ਵੀ ਨਹੀਂ ਸੁਣੇ ਗਏ ਸਨ। ਇਸ ਦੌਰਾਨ ਪਲਾਟ ਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਰਪੰਚ ਗੁਰਕਿਰਪਾਲ ਸਿੰਘ ਕਸਿਆਣਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਉਨ੍ਹਾਂ ਦੀ ਜਥੇਬੰਦੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ।