ਪੈਸੇ ਨਹੀਂ ਲਏ, ਪਰ ਸਬੰਧ ਪੁਰਾਣੇ ਹਨ : ਸਰਵਣ ਸਿੰਘ ਫਿਲੌਰ
ਸ਼ਬਦੀਸ਼
ਚੰਡੀਗੜ੍ਹ : ਪੰਜਾਬ ਦੇ ਸੱਤਾਧਾਰੀ ਗਠਜੋੜ ਅਕਾਲੀ-ਭਾਜਪਾ ਤੇ ਸੱਤਾਹੀਣ ਕਾਂਗਰਸ ਦੇ ਆਗੂ ਕੁਝ ਵੀ ਆਖੀ ਜਾਣ, ਪੁਲੀਸ ਦੇ ਕਬਜੇ ਵਿੱਚ ਆਈ ਗੋਰਾਇਆ ਵੱਸਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਦੀ ਡਾਇਰੀ ਨੇ ਪੰਜਾਬ ਦੀਆਂ ਸਿਆਸੀ ਸਫ਼ਾਂ ਵਿੱਚ ਹਿਲਜੁਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਐਨਫੋਰਸਮੈਂਟ ਦੇ ਕਬਜ਼ੇ ਵਿੱਚ ਦੱਸੀ ਜਾਂਦੀ ਡਾਇਰੀ ਬਾਰੇ ਚੱਲ ਰਹੀ ਜਾਂਚ ਮੁਤਾਬਕ ਪੰਜਾਬ ਦੇ ਮੁੱਖ ਪਾਰਲੀਮਾਨੀ ਸਕੱਤਰ (ਸਿੱਖਿਆ) ਤੇ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਵਿਨਾਸ਼ ਚੰਦਰ, ਕਾਂਗਰਸ ਦੇ ਸੀਨੀਅਰ ਆਗੂ ਤੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਉਨ੍ਹਾਂ ਨੌਕਰਸ਼ਾਹਾਂ, ਸਿਆਸਤਦਾਨਾਂ ਤੇ ਪੁਲੀਸ ਅਧਿਕਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਗਾਬਾ ਪਰਿਵਾਰ ਤੋਂ ਰਕਮਾਂ ਲਈਆਂ ਸਨ।
ਗਾਬਾ ਪਰਿਵਾਰ 1997 ਤੋਂ ਬਾਅਦ ਤਾਂ ਕਾਂਗਰਸ ਦਾ ਵਿਰੋਧ ਕਰ ਰਿਹਾ ਹੈ
ਫਿਲਹਾਲ਼ ਇਲਜਾਮਾਂ ਦੇ ਦਾਇਰੇ ’ਚ ਘਿਰੇ ਸਿਆਸਤਦਾਨਾਂ ਨੇ ਪਰਿਵਾਰ ਨਾਲ ਕੋਈ ‘ਕਾਰੋਬਾਰੀ ਸਬੰਧ’ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਹਕੀਕਤ ਤੋਂ ਪਰਦਾ ਜਾਂਚ ਮੁਕੰਮਲ ਹੋਣ ’ਤੇ ਉੱਠ ਸਕੇਗਾ। ਜਿਕਰਯੋਗ ਹੈ ਕਿ 6000 ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਖੁਲਾਸਾ ਹੋਣ ਮਗਰੋਂ ਚੁੰਨੀ ਲਾਲ ਗਾਬਾ ਪਰਿਵਾਰ ਵਿਵਾਦਾਂ ’ਚ ਆ ਗਿਆ ਸੀ। ਇਸਦੇ ਨਾਲ ਹੀ ਅਕਾਲੀ-ਭਾਜਪਾ ਗਠਜੋੜ ਦੇ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਗੁਰਜੀਤ ਸਿੰਘ ਗਾਬਾ ਦਾ ਨਾਂ ਵੀ ਚਰਚਾ ਵਿੱਚ ਆ ਗਿਆ ਸੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਕੁ ਦਿਨਾਂ ਦੇ ਟਾਲ-ਮਟੋਲ ਪਿੱਛੋਂ ਸਰਵਣ ਸਿੰਘ ਫਿਲੌਰ ਤੋਂ ਅਸਤੀਫਾ ਲੈ ਲਿਆ ਸੀ। ਓਸੇ ਦਿਨ ਤੋਂ ਬਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਨਾ ਲੈਣਾ ਚਰਚਾ ਦਾ ਵਿਸ਼ਾ ਹੈ, ਜਿਸਦਾ ਨਾਂ ਭੋਲਾ ਪਹਿਲਵਾਨ ਡਰੱਗ ਰੈਕੇਟ ਵਿੱਚ ਬੋਲਦਾ ਹੈ।
ਈ ਡੀ ਨੇ ਅਵਿਨਾਸ਼ ਚੰਦਰ, ਸਰਵਣ ਸਿੰਘ ਫਿਲੌਰ ਤੇ ਚੌਧਰੀ ਸੰਤੋਖ ਸਿੰਘ ਨੂੰ ਪੀ ਐਮ ਐਲ ਏ (ਕਾਲੇ ਧਨ ਨੂੰ ਸਫੈਦ ਕਰਨ ਤੋਂ ਰੋਕਣ ਵਾਲੇ ਐਕਟ) ਅਧੀਨ ਸੰਮਨ ਕੀਤਾ ਹੈ। ਅਵਿਨਾਸ਼ ਚੰਦਰ ਤੇ ਫਿਲੌਰ ਨੂੰ 17 ਅਕਤੂਬਰ ਨੂੰ ਤੇ ਚੌਧਰੀ ਸੰਤੋਖ ਸਿੰਘ ਨੂੰ 13 ਅਕਤੂਬਰ ਨੂੰ ਈ ਡੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੰਪਰਕ ਕਰਨ ’ਤੇ ਅਵਿਨਾਸ਼ ਚੰਦਰ ਨੇ ਕਿਹਾ ਕਿ ਉਸ ਦਾ ਚੁੰਨੀ ਲਾਲ ਗਾਬਾ ਦੇ ਪੁੱਤਰ ਗੁਰਜੀਤ ਗਾਬਾ ਤੇ ਉਨ੍ਹਾਂ ਦੇ ਡਰੱਗ ਰੈਕੇਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦਾਅਵਾ ਹੈ ਕਿ ਗਾਬਾ ਪਰਿਵਾਰ ਨੇ 1997 ਤੋਂ ਮਗਰੋਂ ਹਰ ਚੋਣ ਵਿੱਚ ਉਨ੍ਹਾਂ ਦਾ ਵਿਰੋਧ ਕੀਤਾ ਹੈ ਤੇ ਉਹ ਉਸਦੇ ਵਿਰੋਧੀ ਤੇ ਅਕਾਲੀ ਆਗੂ ਸਰਵਣ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ ਦੀ ਇਮਦਾਦ ਕਰਦਾ ਰਿਹਾ ਹੈ। ਇਸ ਕਰਕੇ ਡਾਇਰੀ ’ਚ ਉਸ ਦਾ ਨਾਮ ਕਿਵੇਂ ਆ ਗਿਆ ਹੈ? ਚੌਧਰੀ ਦਾਅਵਾ ਕੀਤਾ ਕਿ ਇਹ ਕਿਸੇ ਦੀ ਕੀਤੀ ਸ਼ਰਾਰਤ ਲੱਗਦੀ ਹੈ। ਉਨ੍ਹਾਂ ਸੰਮਨ ਪ੍ਰਾਪਤ ਦੀ ਪੁਸ਼ਟੀ ਵੀ ਨਹੀਂ ਕੀਤੀ। ਓਧਰ ਈ ਡੀ ਤੋਂ ਅਨੁਸਾਰ ਤਿੰਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ਤੇ ਉਨ੍ਹਾਂ ਨੇ ਇਹ ਹਾਸਲ ਵੀ ਕੀਤੇ ਹਨ।
ਅਕਾਲੀ ਆਗੀ ਸਰਵਣ ਸਿੰਘ ਫਿਲੌਰ ਨੇ ‘ਪੈਸੇ ਦੇ ਲੈਣ-ਦੇਣ’ ਸੰਪ ਤੋਂ ਇਨਕਾਰ ਕੀਤਾ ਹੈ, ਪਰ ਇਹ ਸਵੀਕਾਰ ਕੀਤਾ ਹੈ ਕਿ ਉਸ ਦੇ ਗਾਬਾ ਪਰਿਵਾਰ ਨਾਲ ‘ਪੁਰਾਣੇ ਸਬੰਧ’ ਹਨ। ਉਨ੍ਹਾਂ ਦੱਸਿਆ ਕਿ ਸੰਮਨ ਮਿਲੇ ਹਨ ਤੇ ਈ ਡੀ ਦੇ ਸੁਆਲਾਂ ਦੇ ਉਹ ਜੁਆਬ ਦੇਣਗੇ। ਇਸ ਤੋਂ ਵਧੇਰੇ ਵੇਰਵੇ ਦੇਣੋਂ ਉਨ੍ਹਾਂ ਨੇ ਨਾਂਹ ਕਰ ਦਿੱਤੀ।
ਯਾਦ ਰਹੇ ਕਿ ਇਹ ਡਾਇਰੀ ਆਮਦਨ ਕਰ ਵਿਭਾਗ ਤੇ ਈ ਡੀ ਵਿੱਚ ਕਈ ਮਹੀਨੇ ‘ਝਗੜੇ ਦੀ ਜੜ੍ਹ’ ਬਣੀ ਰਹੀ। ਆਈ ਟੀ ਵਿਭਾਗ ਨੇ ਇਹ ਡਾਇਰੀ ਮਈ ’ਚ ਈ ਡੀ ਨੂੰ ਦਿੱਤੀ ਸੀ, ਜਦੋਂ ਪਟਿਆਲਾ ਦੀ ਪੀ ਐਮ ਐਲ ਏ ਅਦਾਲਤ ਦੇ ਨਿਰਦੇਸ਼ਾ ਜਾਰੀ ਹੋਏ ਸਨ। ਆਮਦਨ ਕਰ ਵਿਭਾਗ ਨੂੰ ਇਹ ਡਾਇਰੀ 16 ਫਰਵਰੀ ਨੂੰ ਮਾਰੇ ਛਾਪਿਆਂ ਦੌਰਾਨ ਇਸ ਨੂੰ ਇਹ ਡਾਇਰੀ ਮਿਲੀ ਸੀ ਅਤੇ ਇਸ ਤੋਂ ਮਗਰੋਂ ਹੀ ਇਸ ਗਾਬਾ ਪਰਿਵਾਰ ਨੇ 16 ਕਰੋੜ ਰੁਪਏ ਦੀ ਰਕਮ ਆਈ ਟੀ ਵਿਭਾਗ ਨੂੰ ਸੌਂਪੀ ਸੀ। ਸਮਝਿਆ ਜਾਂਦਾ ਹੈ ਕਿ ਡਾਇਰੀ ਵਿੱਚ 300 ਤੋਂ ਵੱਧ ਨਾਮ ਉਹ ਹਨ, ਜਿਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕਦੀ ਤੇ 30-40 ਨਾਮ ਬਾ-ਸ਼ਨਾਖਤ ਹਨ। ਦਿਲਚਸਪ ਗੱਲ ਹੈ ਕਿ ਜਦੋਂ ਡਾਇਰੀ ਈ ਡੀ ਨੂੰ ਮਿਲੀ ਤਾਂ ਇਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਫਾ 6, 7 ਤੋਂ ਕੁਝ ਨਾਮ ਕੱਟੇ ਹੋਏ ਸਨ। ਈ ਡੀ ਨੇ ਇਹ ਸਫੇ ਪਹਿਲਾਂ ਹੀ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਨੂੰ ਇਹ ਪਤਾ ਲਾਉਣ ਲਈ ਭੇਜ ਦਿੱਤੇ ਹਨ ਕਿ ਇਨ੍ਹਾਂ ਸਫਿਆਂ ’ਤੇ ਉਕਰੇ ਅਸਲ ਨਾਵਾਂ ਦੀ ਸ਼ਨਾਖਤ ਕੀਤੀ ਜਾਵੇ।