ਦੁਨੀਆਂ ਕੰਮਾਂ ਨੂੰ ਮਹੱਤਵ ਦਿੰਦੀ ਹੈ, ਗੱਲਾਂ ਨਾਲ ਕੋਈ ਇਤਿਹਾਸ ਪੁਰਸ਼ ਨਹੀਂ ਬਣ ਸਕਦਾ : ਕਾਂਗਰਸ
ਐਨ ਐਨ ਬੀ
ਨਵੀਂ ਦਿੱਲੀ- ਕਾਂਗਰਸ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਾਪਾਨ ਦੇ ਵੱਕਾਰੀ ਕੌਮੀ ਐਵਾਰਡ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ ਅਤੇ ਨਾਲ ਹੀ ਨਰਿੰਦਰ ਮੋਦੀ ‘ਤੇ ਤਨਜ਼ ਕਰਦਿਆਂ ਕਿਹਾ ਕਿ ਦੁਨੀਆ ਕੰਮ ਨੂੰ ਮਹੱਤਵ ਦਿੰਦੀ ਹੈ, ਨਿਰੀਆਂ ਗੱਲਾਂ ਨਾਲ ਕੋਈ ਇਤਿਹਾਸ ਪੁਰਸ਼ ਨਹੀਂ ਬਣ ਸਕਦਾ। ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਨੇ ਟਵਿੱਟਰ ‘ਤੇ ਟਿੱਪਣੀ ਕੀਤੀ ਕਿ ਮਨਮੋਹਨ ਸਿੰਘ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਜਾਪਾਨ ਦਾ ਕੌਮੀ ਐਵਾਰਡ ਮਿਲ ਰਿਹਾ ਹੈ। ਦੁਨੀਆ ਕੰਮ ਨੂੰ ਮਹੱਤਵ ਦਿੰਦੀ ਹੈ, ਸਿਰਫ ਗੱਲਾਂ ਨੂੰ ਨਹੀਂ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਮਾਕਨ ਨੇ ਮੀਡੀਆ ‘ਤੇ ਪਾਰਟੀ ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲੇ ਇਸ ਅਸਾਧਾਰਨ ਸਨਮਾਨ ਨੂੰ ਨਜ਼ਰ-ਅੰਦਾਜ਼ ਕੀਤੇ ਜਾਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਜਾਪਾਨ ਵਿਚ ਉਚ ਨਾਗਰਿਕ ਸਨਮਾਨ ਹਾਸਲ ਕਰ ਰਹੇ ਹਨ, ਜਿਸਨੂੰ ਕੌਮੀ ਮੀਡੀਆ ਨੇ ਇਸ ਨੂੰ ਨਜ਼ਰ-ਅੰਦਾਜ਼ ਕੀਤਾ। ਦੇਸ਼ ਇਹ ਜਾਣਨਾ ਚਾਹੁੰਦਾ ਹੈ ਕਿ ਕੀ ਮੀਡੀਆ ਰਾਸ਼ਟਰ ਭਗਤ ਹੈ ਜਾਂ ਸਿਰਫ ਭਾਜਪਾ ਭਗਤ ਹੈ।
ਓਧਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਾਪਾਨ ਸਰਕਾਰ ਵਲੋਂ ਇਕ ਰਾਜ ਨੇਤਾ ਦਾ ਅਸਾਧਾਰਨ ਅਤੇ ਬਣਦਾ ਸਨਮਾਨ ਹੈ। ਡਾ. ਸਿੰਘ ਦਾ ਇਸ ਸਨਮਾਨ ਲਈ ਚੁਣਿਆ ਜਾਣਾ ਸਾਨੂੰ ਅਤੇ ਅਸਲ ਵਿਚ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਾਉਂਦਾ ਹੈ। ਆਸਾਮ ਦੇ ਮੁਖ ਮੰਤਰੀ ਤਰੁਣ ਗੋਗੋਈ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਇਹ ਐਵਾਰਡ ਦਿੱਤੇ ਜਾਣ ਲਈ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਾਪਾਨ ਅਤੇ ਭਾਰਤ ਵਿਚਾਲੇ ਦੋਸਤੀ ਨੂੰ ਬੜ੍ਹਾਵਾ ਦੇਣ ਵਿਚ ਮਹੱਤਵਪੂਰਨ ਯੋਗਦਾਨ ਲਈ ‘ਦਿ ਗ੍ਰੈਂਡ ਕਾਰਡਨ ਆਫ ਦਿ ਆਰਡਰ ਆਫ ਪਾਉਲੋਨੀਆ ਫਲਾਵਰ’ ਐਵਾਰਡ ਦਿੱਤਾ ਜਾਵੇਗਾ।