ਜਾਮ ਲਾਉਣ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ
ਐਨ ਐਨ ਬੀ
ਗੜ੍ਹਸ਼ੰਕਰ – ਕਸਬਾ ਸੈਲਾ ਖੁਰਦ ਵਿੱਚ ਚੰਡੀਗੜ੍ਹ-ਹੁਸ਼ਿਆਰਪੁਰ ਰਾਜਮਾਰਗ ‘ਤੇ ਪਿੰਡ ਪੋਸੀ ਦੇ ਵਸਨੀਕਾਂ ਵੱਲੋਂ ਪੁਲੀਸ ਖ਼ਿਲਾਫ਼ ਕੀਤਾ ਚੱਕਾ ਜਾਮ ਕਰਨਾ ਉਸ ਸਮੇਂ ਮਹਿੰਗਾ ਪਿਆ, ਜਦੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਦਿੱਤਾ। ਇਹ ਪ੍ਰਦਰਸ਼ਨਕਾਰੀ ਲੜਾਈ-ਝਗੜੇ ਦੇ ਕਿਸੇ ਕੇਸ ਵਿੱਚ ਪੁਲੀਸ ਵਿਰੁੱਧ ਦੂਜੀ ਧਿਰ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸੈਲਾ ਖੁਰਦ ਦੇ ਮੁੱਖ ਬਾਜ਼ਾਰ ਵਿੱਚ 15 ਮਿੰਟ ਲਈ ਚੱਕਾ ਜਾਮ ਕੀਤਾ ਤੇ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਰਾਜਮਾਰਗ ‘ਤੇ ਚੱਲਦੀ ਆਵਾਜਾਈ ਰੋਕਣ ਸਮੇਤ ਹੋਰ ਦੋਸ਼ਾਂ ਤਹਿਤ ਆਈ ਪੀ ਸੀ ਧਾਰਾ 283, 341, 148 ਤੇ 149 ਤਹਿਤ ਕੇਸ ਦਰਜ ਕੀਤਾ ਹੈ।
ਸੂਤਰਾਂ ਮੁਤਾਬਕ ਪਿੰਡ ਪੋਸੀ ਵਿੱਚ 21 ਅਗਸਤ ਨੂੰ ਦੋ ਧਿਰਾਂ ਵਿਚਕਾਰ ਹੋਏ ਲੜਾਈ-ਝਗੜੇ ਦੇ ਸਬੰਧ ਵਿੱਚ ਪਿੰਡ ਦੇ ਕੁਝ ਵਸਨੀਕ ਪੁਲੀਸ ਉੱਤੇ ਕਥਿਤ ਤੌਰ ‘ਤੇ ਢਿੱਲੀ ਕਾਰਵਾਈ ਦੇ ਦੋਸ਼ ਲਾ ਰਹੇ ਸਨ ਅਤੇ ਇਸਦੇ ਖਿਲਾਫ਼ ਹੀ ਸੈਲਾ ਖੁਰਦ ਵਿੱਚ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।ਇਸ ਮੌਕੇ ਢਿੱਲ-ਮੱਠ ਦੇ ਦੋਸ਼ਾਂ ਹੇਠ ਨਿੰਦਾ ਦੀ ਸ਼ਿਕਾਰ ਪੁਲੀਸ ਐਨ ਤੱਤੀ ਨਜ਼ਰ ਆਈ ਅਤੇ ਉਸਨੇ ਪੁਲੀਸ ਪੀੜਤ ਧਿਰ ਨਾਲ ‘ਨਿਆਂ ਦੀ ਮਿਸਾਲ’ ਕੇਸ ਦਰਜ ਕਰਕੇ ਪੈਦਾ ਕੀਤੀ। ਯਾਦ ਰਹੇ ਕਿ ਪੀੜਤ ਧਿਰ ਪਹਿਲਾਂ ਹੀ ਲੜਾਈ-ਝਗੜੇ ਦੇ ਕੇਸ ਵਿੱਚ ਪੁਲੀਸ ’ਤੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਇਲਜਾਮ ਲਗਾ ਰਹੀ ਹੈ।
ਪੁਲੀਸ ਮੁਤਾਬਕ ਡੀ ਐਸ ਪੀ ਗੜ੍ਹਸ਼ੰਕਰ ਮਨਜੀਤ ਸਿੰਘ ਮੌਕੇ ‘ਤੇ ਪੁੱਜ ਗਏ ਸਨ ਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਥਾਣੇ ਜਾ ਕੇ ਗੱਲ ਕਰਨ ਲਈ ਕਿਹਾ ਸੀ। ਪ੍ਰਦਰਸ਼ਨਕਾਰੀ ਉਨ੍ਹਾਂ ਨਾਲ ਸਹਿਮਤ ਨਾ ਹੋਏ ਤੇ ਉਨ੍ਹਾਂ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਇਸ ਮੌਕੇ ਡੀ ਐਸ ਪੀ ਵੱਲੋਂ ਦਿੱਤੇ ਆਦੇਸ਼ਾਂ ਅਧੀਨ ਪੁਲੀਸ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਸੜਕ ਤੋਂ ਜਬਰੀ ਹਟਾ ਦਿੱਤਾ। ਇਸ ਦੌਰਾਨ ਵੀ ਵਿਖਾਵਾਕਾਰੀ ਪੁਲੀਸ ਉੱਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦੇ ਰਹੇ। ਇਸ ਪ੍ਰਦਰਸ਼ਨ ਖ਼ਿਲਾਫ਼ ਮਹਿਲਪੁਰ ਪੁਲੀਸ ਨੇ ਕਰੀਬ 20 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ।
ਡੀ ਐਸ ਪੀ ਮਨਜੀਤ ਸਿਘ ਨੇ ਦੱਸਿਆ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਧਿਰ ਵੱਲੋਂ ਅਜਿਹੇ ਰੋਸ ਪ੍ਰਦਰਸ਼ਨ ਕਰਕੇ ਜਨਤਕ ਕੰਮਾਂ ਵਿੱਚ ਵਿਘਨ ਪਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। ਇਲਾਕੇ ਦੇ ਕਈ ਲੋਕ ਇਸ ਕਾਰਵਾਈ ਨੂੰ ਪੰਜਾਬ ਸਰਕਾਰ ਦੇ ‘ਕਾਲੇ ਕਾਨੂੰਨ’ ਵਜੋਂ ਬਦਨਾਮ ਨੋਟੀਫੀਕੇਸ਼ਨ ਮੁਤਾਬਕ ਕੀਤੀ ਕਾਰਵਾਈ ਦੱਸ ਰਹੇ ਹਨ।