ਐਨ ਐਨ ਬੀ
ਮੋਹਾਲੀ – ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਬਹੁ-ਚਰਚਿਤ ਡਰੱਗ ਤਸਕਰੀ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 9 ਅਕਤੂਬਰ ’ਤੇ ਪਾ ਦਿੱਤੀ ਹੈ। ਉਂਜ ਅੱਜ ਕੇਸ ਦੀ ਸੁਣਵਾਈ ਮੌਕੇ ਇਸ ਮਾਮਲੇ ਵਿੱਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਅਤੇ ਬਰਖ਼ਾਸਤ ਡੀ ਐੱਸ ਪੀ ਜਗਦੀਸ਼ ਸਿੰਘ ਉਰਫ਼ ਭੋਲਾ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਜਦਕਿ ਮੁਲਜ਼ਮ ਮਨਜਿੰਦਰ ਸਿੰਘ ਔਲਖ ਉਰਫ਼ ਬਿੱਟੂ ਔਲਖ, ਸਰਬਜੀਤ ਸਿੰਘ ਸਾਬਾ, ਸਤਿੰਦਰ ਸਿੰਘ ਧਾਮਾ, ਬਲਜਿੰਦਰ ਸਿੰਘ ਸੋਨੂੰ, ਜਗਜੀਤ ਸਿੰਘ ਚਾਹਲ, ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ ਅਤੇ ਦੀਪ ਸਿੰਘ ਦੀਪੂ ਵਕੀਲਾਂ ਨਾਲ ਅਦਾਲਤ ਵਿੱਚ ਪੇਸ਼ ਹੋਏ।
ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਉੱਧਰ, ਮੁਲਜ਼ਮ ਅਨੂਪ ਸਿੰਘ ਕਾਹਲੋਂ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਦਿੰਦਿਆਂ ਕੁਝ ਦਿਨ ਪਹਿਲਾਂ ਹੀ ਡਰੱਸ ਤਸਕਰੀ ਮਾਮਲੇ ਵਿੱਚੋਂ ਬਰੀ ਕੀਤਾ ਜਾ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਭੋਲਾ ਤੇ ਸਾਥੀਆਂ ਨੂੰ ਇੱਕ ਸਾਂਝੇ ਅਪਰੇਸ਼ਨ ਤਹਿਤ 11 ਨਵੰਬਰ 2013 ਨੂੰ ਬਨੂੜ ਅਤੇ ਪਟਿਆਲਾ ਪੁਲੀਸ ਵੱਲੋਂ ਨਵੀਂ ਦਿੱਲੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 18 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਉਸ ਵੇਲੇ ਭੋਲਾ ਆਪਣੀ ਸਕਾਰਪੀਓ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ।
ਤੋਤਾ ਸਿੰਘ ਅਦਾਲਤ ਵਿੱਚ ਪੇਸ਼ ਨਾ ਹੋਏ
ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਭਰਤੀ ਕੀਤੇ 134 ਕਲਰਕਾਂ ਅਤੇ 60 ਹੈਲਪਰਾਂ ਦੀ ਕਥਿਤ ਭਰਤੀ ਘੁਟਾਲੇ ਮਾਮਲੇ ਦੀ ਸੁਣਵਾਈ ਜ਼ਿਲ੍ਹਾ ਅਦਾਲਤ ਨੇ 12 ਦਸੰਬਰ ’ਤੇ ਅੱਗੇ ਪਾ ਦਿੱਤੀ ਹੈ। ਇਸ ਕੇਸ ਦੀ ਸੁਣਵਾਈ ਮੌਕੇ ਤਤਕਾਲੀ ਸਿੱਖਿਆ ਮੰਤਰੀ ਤੇ ਮੌਜੂਦਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਅਦਾਲਤ ਵਿੱਚ ਪੇਸ਼ ਨਹੀਂ ਹੋਏ।
ਇਸ ਸਬੰਧੀ ਬਚਾਅ ਪੱਖ ਦੇ ਵਕੀਲਾਂ ਵੱਲੋਂ ਨਿੱਜੀ ਪੇਸ਼ੀ ਤੋਂ ਛੋਟ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਜਿਸਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਬਾਕੀ ਸਾਰੇ ਮੁਲਜ਼ਮਾਂ ਸਿੱਖਿਆ ਬੋਰਡ ਦੀ ਡਿਪਟੀ ਡਾਇਰੈਕਟਰ ਪਵਿੱਤਰਪਾਲ ਕੌਰ, ਸਾਬਕਾ ਸਕੱਤਰ ਜਗਜੀਤ ਸਿੰਘ, ਸਾਬਕਾ ਉਪ ਚੇਅਰਮੈਨ ਦੇ ਨਿੱਜੀ ਸਕੱਤਰ ਅਮਰ ਸਿੰਘ ਅਤੇ ਭਰਤੀ ਕਮੇਟੀ ਦੇ ਮੈਂਬਰ ਤੀਰਥ ਸਿੰਘ ਇੱਥੋਂ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਦੀ ਅਦਾਲਤ ਵਿੱਚ ਪੇਸ਼ ਹੋਏ।
ਉੱਧਰ, ਸਿੱਖਿਆ ਬੋਰਡ ਦੇ ਸੇਵਾਮੁਕਤ ਸਾਬਕਾ ਸੰਯੁਕਤ ਸਕੱਤਰ ਓਮ ਪ੍ਰਕਾਸ਼ ਸੋਨੀ ਦੀ ਸ਼ਿਕਾਇਤ ’ਤੇ ਜ਼ਿਲ੍ਹਾ ਅਦਾਲਤ ਵੱਲੋਂ ਨਵੇਂ ਸਿਰਿਓਂ ਤਲਬ ਕੀਤੇ ਪੰਜਾਬ ਬੋਰਡ ਦੇ ਸਾਬਕਾ ਚੇਅਰਮੈਨ ਡਾ. ਕੇਹਰ ਸਿੰਘ, ਸਾਬਕਾ ਓ ਐੱਸ ਡੀ ਮੇਜਰ ਚਰਨਜੀਤ ਸਿੰਘ ਮੀਲੂ, ਵਰਿੰਦਰ ਕੁਮਾਰ, ਮਹਿੰਦਰ ਸਿੰਘ ਤੇ ਤੇਜ ਰਾਮ ਗੋਇਲ ਅਤੇ ਅਮਰਜੀਤ ਸਿੰਘ ਅਦਾਲਤ ਵਿੱਚ ਪੇਸ਼ ਹੋਏ। ਇਸ ਮਾਮਲੇ ਸਬੰਧੀ ਸਾਰੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਹੀ ਦੋਸ਼ ਤੈਅ ਕੀਤੇ ਜਾ ਚੁੱਕੇ ਹਨ।