ਐਨ ਐਨ ਬੀ
ਆਨੰਦਪੁਰ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਦੀ ਤਰਜ਼ ਅਤੇ ਦੇਸ਼-ਵਿਦੇਸ਼ ਦੀ ਸੰਗਤ ਦੀ ਮੰਗ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿੰਨੀ ਪ੍ਰਸ਼ਾਦ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਨੀ ਪ੍ਰਸ਼ਾਦ ਦੀ ਲਾਗਤ ਵੱਧ ਹੋਣ ਕਰਕੇ ਪ੍ਰਬੰਧਕਾਂ ਨੂੰ ਪੈਕਿੰਗ ਦੀ ਸਮੱਸਿਆ ਆ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸੰਗਤ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਦੇਸ਼ ਜਾਰੀ ਕੀਤੇ ਸਨ ਕਿ ਦਰਬਾਰ ਸਾਹਿਬ ਦੀ ਤਰਜ਼ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਪਿੰਨੀ ਪ੍ਰਸ਼ਾਦ ਦੀ ਸਹੂਲਤ ਦਿੱਤੀ ਜਾਵੇ। ਦੱਸਣਯੋਗ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਤਖ਼ਤ ਸਾਹਿਬ ਵਿਖੇ ਮਿਲਣ ਵਾਲਾ ਕੜਾਹ ਪ੍ਰਸ਼ਾਦ ਆਪਣੇ ਨਾਲ ਲੈ ਕੇ ਜਾਣਾ ਬੁਹਤ ਹੀ ਔਖਾ ਹੁੰਦਾ ਸੀ। ਤਖ਼ਤ ਸ੍ਰੀ ਕਸੇਗੜ੍ਹ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਹੁਕਮਾਂ ਅਨੁਸਾਰ ਸੰਗਤਾਂ ਲਈ ਪਿੰਨੀ ਪ੍ਰਸ਼ਾਦ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।ਤਖ਼ਤ ਸਾਹਿਬ ਅੰਦਰ ਇਕ ਹੀ ਕਾਊਂਟਰ ਲਗਾਇਆ ਗਿਆ ਹੈ ਤੇ ਪ੍ਰਤੀ ਪੈਕਟ 20 ਰੁਪਏ ਦੇ ਹਿਸਾਬ ਨਾਲ ਸੰਗਤ ਇਹ ਪ੍ਰਸ਼ਾਦ ਲੈ ਕੇ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਰ ਹਫ਼ਤੇ 50 ਹਜ਼ਾਰ ਰੁਪਏ ਤੋਂ ਵੱਧ ਦਾ ਪਿੰਨੀ ਪ੍ਰਸ਼ਾਦ ਤਖ਼ਤ ਸਾਹਿਬ ਤੋਂ ਦਿੱਤਾ ਜਾ ਰਿਹਾ ਹੈ।
ਸੰਗਤਾਂ ਦੀ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਕ ਹੋਰ ਪੈਕਿੰਗ ਮਸ਼ੀਨ ਜਲਦੀ ਹੀ ਲਿਆਂਦੀ ਜਾ ਰਹੀ ਹੈ ਤੇ ਤਖ਼ਤ ਸਾਹਿਬ ਦੇ ਨਾਲ-ਨਾਲ ਗੁਰਦੁਆਰਾ ਪਤਾਲਪੁਰੀ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਗੁਰਦੁਆਰਾ ਬਿਭੌਰ ਸਾਹਿਬ ਤੇ ਨੰਗਲ ਵਿਖੇ ਵੀ ਪਿੰਨੀ ਪ੍ਰਸ਼ਾਦ ਦੀ ਸਹੂਲਤ ਜਲਦੀ ਹੀ ਸੰਗਤਾਂ ਲਈ ਮੁਹੱਈਆ ਕਰਵਾਈ ਜਾ ਰਹੀ ਹੈ।