ਦਰਾਣੀ-ਜਠਾਣੀ ਨੂੰ ਠੰਢਾ ਪਿਲਾ ਕੇ ਕੀਤਾ ਬੇਹੋਸ਼

0
1029

ਮਾਲੀ ਨੁਕਸਾਨ ਬਾਰੇ ਕੁਝ ਵੀ ਦੱਸਣ ਦੀ ਹਾਲਤ ‘ਚ ਨਹੀਂ ਦੋਵੇਂ ਔਰਤਾਂ

NewZNew (Nawanshehar) : ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਜਾਂਚ ਕਰਵਾਉਣ ਆਈਆਂ ਦੋ ਔਰਤਾਂ ਨੂੰ ਅਣਪਛਾਤੀਆਂ ਔਰਤਾਂ ਨੇ ਸੋਡਾ ਪਿਲਾ ਕੇ ਬੇਹੋਸ਼ ਕਰ ਦਿੱਤਾ। ਪੀੜਤ ਔਰਤਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਐਮਰਜੈਂਸੀ ਵਾਰਡ ਵਿੱਚ ਦਾਖਲ ਬਲਵਿੰਦਰ ਕੌਰ(34) ਪਤਨੀ ਦਿਨੇਸ਼ ਕੁਮਾਰ ਤੇ ਸੁਨੀਤਾ ਰਾਣੀ(21) ਪਤਨੀ ਪਰਵੀਨ ਕੁਮਾਰ ਵਾਸੀ ਜਗੋਤਾ ਮੁਹੱਲਾ ਰਾਹੋਂ ਦੇ ਨਜ਼ਦੀਕੀ ਰਿਸ਼ਤੇਦਾਰ ਰੋਲੂ ਰਾਮ ਨੇ ਦੱਸਿਆ ਕਿ ਬਲਵਿੰਦਰ ਅੱਜ ਸਵੇਰੇ ਕਰੀਬ ਦਰਾਣੀ ਸੁਨੀਤਾ ਦੀ ਸਕੈਨਿੰਗ ਕਰਵਾਉਣ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਆਈ ਸੀ। ਜਦੋਂ ਉਹ ਵਾਰਡ ਨੰਬਰ 21 ਸਾਹਮਣੇ ਬੈਠੀਆਂ ਸਨ ਤਾਂ ਉਨ੍ਹਾਂ ਨਾਲ ਦੋ ਔਰਤਾਂ ਨੇ ਨੇੜਤਾ ਕਰ ਲਈ। ਉਨ੍ਹਾਂ ਔਰਤਾਂ ਵਿੱਚੋਂ ਇਕ ਸੁਨੀਤਾ ਨੂੰ ਬਾਹਰ ਠੰਢਾ ਪੀਣ ਦੇ ਬਹਾਨੇ ਨਾਲ ਲੈ ਗਈ। ਕੁੱਝ ਸਮੇਂ ਬਾਅਦ ਉਕਤ ਔਰਤ ਸੁਨੀਤਾ ਨਾਲ ਵਾਪਸ ਆਈ ਤੇ ਉਨ੍ਹਾਂ ਇਕ ਠੰਢਾ ਆਪ ਪੀ ਲਿਆ ਤੇ ਇਕ ਬੋਤਲ ਦਾ ਠੰਢਾ ਦੋ ਗਲਾਸਾਂ ‘ਚ ਪਾ ਕੇ ਪੀੜਤ ਔਰਤਾਂ ਨੂੰ ਦੇ ਦਿੱਤਾ। ਠੰਢਾ ਪੀਣ ਉਪਰੰਤ ਸੁਨੀਤਾ ਤੇ ਬਲਵਿੰਦਰ ਨੂੰ ਚੱਕਰ ਆਉਣ ਲੱਗ ਪਏ ਅਤੇ ਉਹ ਹਸਪਤਾਲ ‘ਚ ਹੀ ਬੇਹੋਸ਼ ਹੋ ਕੇ ਡਿੱਗ ਪਈਆਂ।
ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਇਸ ਸਬੰਧੀ ਤੁਰੰਤ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਜਾਣਕਾਰੀ ਦਿੱਤੀ ਤੇ ਔਰਤਾਂ ਨੂੰ ਐਮਰਜੈਂਸੀ ਵਾਰਡ ‘ਚ ਦਾਖਲ ਕਰਵਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਦੋਵੇਂ ਪੀੜਤ ਔਰਤਾਂ ਦੀ ਹਾਲਤ ਖ਼ਰਾਬ ਸੀ ਅਤੇ ਉਹ ਬੇਹੋਸ਼ੀ ‘ਚ ਇੱਧਰ-ਉੱਧਰ ਦੀਆਂ ਗੱਲਾਂ ਮਾਰ ਰਹੀਆਂ ਸਨ। ਰੋਲੂ ਰਾਮ ਨੇ ਦੱਸਿਆ ਕਿ ਨੁਕਸਾਨ ਸਬੰਧੀ ਤਾਂ ਉਹ ਬਲਵਿੰਦਰ ਤੇ ਸੁਨੀਤਾ ਦੇ ਪੂਰੀ ਤਰ੍ਹਾਂ ਹੋਸ਼ ‘ਚ ਆਉਣ ‘ਤੇ ਹੀ ਦੱਸ ਸਕਦੇ ਹਨ। ਇਸ ਸਬੰਧੀ ਐਸ.ਐਚ.ਓ. ਰਾਜ ਕੁਮਾਰ ਨੇ ਆਖਿਆ ਕਿ ਉਕਤ ਔਰਤਾਂ ਅਜੇ ਨੀਮ ਬੇਹੋਸ਼ੀ ਵਿੱਚ ਹਨ। ਪੁਲੀਸ ਵੱਲੋਂ ਸਿਵਲ ਹਸਪਤਾਲ ਦੇ ਹਰ    ਰਸਤੇ ਤੇ ਲੱਗੇ ਸੀਸੀਟੀਵੀ ਕੈਮਰਿਆਂ   ਦੀ ਰਿਕਾਰਡਿੰਗ ਨੂੰ ਕਬਜ਼ੇ ‘ਚ ਲੈਣ ਉਪਰੰਤ ਉਕਤ ਔਰਤਾਂ ਨੂੰ ਦਿਖਾਇਆ ਜਾਵੇਗਾ ਤਾਂ ਕਿ ਉਹ ਅਪਰਾਧੀਆਂ ਤੱਕ ਪਹੁੰਚ ਸਕਣ।