ਚੰਡੀਗੜ੍ਹ – ਬੀਤੀ ਰਾਤ ਦਸ ਲੱਖ ਰੁਪਏ ਲੁੱਟਣ ਦਾ ਦੋਸ਼ ਲਾਉਣ ਵਾਲਾ ਡਰਾਈਵਰ ਧਰਮਪਾਲ ਸਿੰਘ ਨੂੰ ਖੁਦ ਹੀ ਇਹ ਰਕਮ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਡੀ.ਆਈ.ਜੀ. ਏ ਐਸ ਚੀਮਾ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਘੀ ਰਾਤ ਡਰਾਈਵਰ ਧਰਮਪਾਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੈਕਟਰ 42 ਤੇ 53 ਨੂੰ ਵੰਡਦੀ ਸੜਕ ’ਤੇ ਚਾਰ ਮੋਟਰਸਾਈਕਲ ਸਵਾਰਾਂ ਨੇ ਉਸ ਕੋਲੋਂ ਦਸ ਲੱਖ ਰੁਪਏ ਲੁੱਟ ਲਏਹਨ। ਧਰਮਪਾਲ ਅਗਰਵਾਲ ਵੈਲਡਿੰਗ ਤੇ ਮਿੱਲ ਸਟੋਰ ਇੰਡਸਟਰੀਅਲ ਏਰੀਆ ਫੇਜ਼-1 ਵਿਖੇ ਡਰਾਈਵਰ ਹੈ ਅਤੇ ਆਪਣੇ ਮਾਲਕ ਦੇ ਦਸ ਲੱਖ ਰੁਪਏ ਲੈ ਕੇ ਮੁਹਾਲੀ ਤੋਂ ਚੰਡੀਗੜ੍ਹ ਆ ਰਿਹਾ ਸੀ।
ਸ੍ਰੀ ਚੀਮਾ ਨੇ ਦੱਸਿਆ ਕਿ ਸੈਕਟਰ-26 ਥਾਣੇ ਦੀ ਪੁਲੀਸ ਸਮੇਤ ਅਪਰਾਧ ਸ਼ਾਖਾ ਦੀ ਟੀਮ ਇਸ ਮਾਮਲੇ ਦੀ ਪੜਤਾਲ ਕਰ ਰਹੀ ਸੀ। ਇਸੇ ਦੌਰਾਨ ਪੁਲੀਸ ਨੂੰ ਡਰਾਈਵਰ ’ਤੇ ਸ਼ੱਕ ਹੋ ਗਿਆ। ਅਪਰਾਧ ਸ਼ਾਖਾ ਦੇ ਡੀਐਸਪੀ ਜਗਬੀਰ ਸਿੰਘ ਤੇ ਇੰਸਪੈਕਟਰ ਰਣਜੋਧ ਸਿੰਘ ਨੇ ਜਦੋਂ ਡਰਾਈਵਰ ਤੋਂ ਪੁੱਛਗਿੱਛ ਕੀਤੀ ਤਾਂ ਇਹ ਲੁੱਟ ਦਾ ਮਾਮਲਾ ਡਰਾਮਾ ਨਿਕਲਿਆ।
ਪੁਲੀਸ ਨੇ ਧਰਮਪਾਲ ਕੋਲੋਂ 10 ਲੱਖ ਰੁਪਏ ਦੀ ਰਕਮ ਬਰਾਮਦ ਕਰ ਲਈ। ਧਰਮਪਾਲ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ ਅਤੇ ਉਨ੍ਹਾਂ ’ਚੋਂ ਇਕ ਦਾ ਤਲਾਕ ਹੋ ਗਿਆ ਹੈ। ਉਹ ਲੜਕੀ ਉਸ ਕੋਲ ਹੀ ਰਹਿੰਦੀ ਹੈ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਨੂੰ ਪੈਸੇ ਦੀ ਲੋੜ ਸੀ। ਇਸ ਕਾਰਨ ਉਸ ਨੇ ਇਹ ਡਰਾਮਾ ਰਚਿਆ। ਪੁਲੀਸ ਅਨੁਸਾਰ ਧਰਮਪਾਲ ਲੁੱਟ ਦੀ ਰਾਸ਼ੀ ਲੈ ਕੇ ਕਿਸੇ ਹੋਰ ਥਾਂ ’ਤੇ ਵਰਤਣਾ ਚਾਹੁੰਦਾ ਸੀ।