ਐਨ ਐਨ ਬੀ
ਨਵੀਂ ਦਿੱਲੀ – ਸੁਪਰੀਮ ਕੋਰਟ ਦੀ ਸਰਗਰਮ ਦਖ਼ਲ-ਅੰਦਾਜ਼ੀ ਤੋਂ ਲਗਦਾ ਹੈ ਕਿ ਦਿੱਲੀ ਵਿੱਚ ਸਰਕਾਰ ਬਣਾਉਣ ਤਮਾਮ ਸ਼ਸ਼ੋਪੰਜ ਖ਼ਤਮ ਹੋਣ ਜਾ ਰਹੇ ਹਨ, ਕਿਉਂਕਿ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਲਈ ਉਪ-ਰਾਜਪਾਲ ਨਜੀਬ ਜੰਗ ਦੀ ਤਜਵੀਜ਼ ਨੂੰ ਰਾਸ਼ਟਰਪਤੀ ਨੇ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਸੁਪਰੀਮ ਕੋਰਟ ਵੀ ਇਸ ਮੁੱਦੇ ਨੂੰ ਛੇਤੀ ਨਿਬੇੜਨਾ ਚਾਹੁੰਦੀ ਹੈ।
ਚੀਫ ਜਸਟਿਸ ਐਚ.ਐਲ. ਦੱਤੂ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਕੇਂਦਰ ਸਰਕਾਰ ਅਤੇ ਉਪ-ਰਾਜਪਾਲ ਦੀ ਇਸ ਗੱਲੋਂ ਖਿਚਾਈ ਕੀਤੀ ਕਿ ਸਰਕਾਰ ਬਣਾਉਣ ਦੇ ਸਵਾਲ ’ਤੇ ਫੈਸਲਾ ਲੈਣ ’ਚ ਹੀ ਉਨ੍ਹਾਂ ਨੂੰ ਪੰਜ ਮਹੀਨੇ ਕਿਉਂ ਲੱਗ ਗਏ ? ਬੈਂਚ ਨੇ ਦਿੱਲੀ ਵਿਧਾਨ ਸਭਾ ਭੰਗ ਕਰਨ ਬਾਰੇ ਆਮ ਆਦਮੀ ਪਾਰਟੀ ਵੱਲੋਂ ਪਾਈ ਪਟੀਸ਼ਨ ’ਤੇ ਵੀਰਵਾਰ ਨੂੰ ਸੁਣਵਾਈ ਕਰਨ ਦਾ ਫੈਸਲ ਕੀਤਾ ਹੈ।
ਕੇਂਦਰ ਸਰਕਾਰ ਅਤੇ ਉਪ ਰਾਜਪਾਲ ਦੀ ਝਾੜ-ਝੰਬ ਕਰਦਿਆਂ ਅਦਾਲਤ ਨੇ ਕਿਹਾ ਕਿ ਲੋਕਤੰਤਰ ਵਿੱਚ ਰਾਸ਼ਟਰਪਤੀ ਸ਼ਾਸਨ ਸਦਾ ਲਈ ਨਹੀਂ ਚੱਲ ਸਕਦਾ ਅਤੇ ਅਧਿਕਾਰੀਆਂ ਨੇ ਪਤਾ ਨਹੀਂ ਕਿਉਂ ਤੇਜ਼ੀ ਨਾਲ ਕਾਰਵਾਈ ਨਹੀਂ ਕੀਤੀ। ਬੈਂਚ ਨੇ ਆਖਿਆ ਕਿ ਜਦੋਂ ਵੀ ਇਸ ਮਾਮਲੇ ’ਤੇ ਸੁਣਵਾਈ ਸ਼ੁਰੂ ਹੋਣ ਲਗਦੀ ਹੈ ਤਾਂ ਕੇਂਦਰ ਕੋਈ ਨਾ ਕੋਈ ਬਿਆਨ ਲੈ ਕੇ ਆ ਜਾਂਦਾ ਹੈ। ਬੈਂਚ ਨੇ ਕਿਹਾ, ‘‘ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਇਕ ਬਿਆਨ ਦੇ ਦਿੰਦੇ ਹੋ। ਇਸ ਬਾਰੇ ਪਹਿਲਾਂ ਫੈਸਲਾ ਕਿਉਂ ਨਹੀਂ ਕੀਤਾ ਜਾਦਾ? ਤੁਸੀਂ ਕਿੰਨਾ ਕੁ ਚਿਰ ਇਵੇਂ ਕਰਦੇ ਰਹੋਗੇ? ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਨਹੀਂ ਵੱਟ ਸਕਦੇ ਅਤੇ ਅਸੀਂ ਮੈਰਿਟ ’ਤੇ ਕੇਸ ਦੀ ਸੁਣਵਾਈ ਕਰਾਂਗੇ।’
ਕਾਂਗਰਸ ਤੇ ਆਪ ਵੱਲੋਂ ਭਾਜਪਾ ਦੀ ਨਿੰਦਾ
ਸੁਣਵਾਈ ਦੌਰਾਨ ਕੇਂਦਰ ਨੇ ਖੁਲਾਸਾ ਕੀਤਾ ਕਿ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਬਾਰੇ ਉਪ-ਰਾਜਪਾਲ ਦੀ ਤਜਵੀਜ਼ ਨੂੰ ਰਾਸ਼ਟਰਪਤੀ ਵੱਲੋਂ ਪ੍ਰਵਾਨਗੀ ਮਿਲ ਗਈ ਹੈ। ਬੈਂਚ ਸਾਹਮਣੇ ਪੇਸ਼ ਕੀਤੇ ਗਏ ਰਾਸ਼ਟਰਪਤੀ ਦੇ ਪੱਤਰ ਬਾਰੇ ਅਦਾਲਤ ਨੇ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ।ਇਸੇ ਦੌਰਾਨ ਕਾਂਗਰਸ ਨੇ ਉਪ-ਰਾਜਪਾਲ ਨਜੀਬ ਜੰਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਭਾਜਪਾ ਨੂੰ ਸਰਕਾਰ ਬਣਾਉਣ ਲਈ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਕਰਨ ਦਾ ਮੌਕਾ ਦੇ ਰਹੇ ਹਨ। ਕਾਂਗਰਸ ਆਗੂ ਸ਼ਕੀਲ ਅਹਿਮਦ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਸਨ, ਜਿਸ ਕੋਲ ਬਹੁਮਤ ਨਹੀਂ ਹੈ, ਪਰ ਸਭ ਤੋਂ ਵੱਡੀ ਪਾਰਟੀ ਨੂੰ ਸੱਦਾ ਦੇਣ ਦੀ ਕਾਨੂੰਨੀ ਵਾਜ਼ਬੀਅਤ ਦੇ ਪਰਦੇ ਹੇਠ ਮਾਮਲਾ ਲਟਕਾ ਰਹੀ ਹੈ। ਆਮ ਆਦਮੀ ਪਾਰਟੀ ਪਹਿਲਾਂ ਨਾਂਹ ਕਰ ਚੁੱਕੀ ਭਾਜਪਾ ਦੀ ਦਲੀਲ ਰੱਦ ਕਰ ਰਹੀ ਹੈ ਅਤੇ ਚੋਣਾਂ ਵਿੱਚ ਹਾਰ ਜਾਣ ਦੇ ਭੈਅ ਕਾਰਨ ਹਾਲਾਤ ਹੱਕ ’ਚ ਕਰਨ ਲਈ ਇੰਤਜ਼ਾਰ ਕਰ ਰਹੀ ਹੈ।
ਇਸ ਸਮੇਂ 70 ਮੈਂਬਰੀ ਸਦਨ ਵਿੱਚ 67 ਮੈਂਬਰ ਹਨ ਅਤੇ ਸਰਕਾਰ ਦੇ ਗਠਨ ਲਈ ਵੀ ਤਿੰਨ ਵਿਧਾਨ ਸਭਾ ਜ਼ਿਮਨੀ ਸੀਟਾਂ ’ਤੇ ਚੋਣ ਹੋਵੇਗੀ। ਫਿਰ ਭਾਜਪਾ ਕੋਲ ਅਕਾਲੀ ਦਲ ਦੇ ਇਕ ਵਿਧਾਇਕ ਸਣੇ 29 ਮੈਂਬਰਾਂ ਹਨ। ਜੇ ‘ਆਪ’ ਵਿੱਚੋਂ ਕੱਢੇ ਗਏ ਵਿਨੋਦ ਕੁਮਾਰ ਬਿੰਨੀ ਅਤੇ ਮੁੰਡਲਾ ਤੋਂ ਆਜ਼ਾਦ ਵਿਧਾਇਕ ਰਾਮਵੀਰ ਸ਼ੌਕੀਨ ਵੀ ਭਾਜਪਾ ਦੀ ਹਮਾਇਤ ਦੇ ਦੇਣ ਤਾਂ ਬਹੁਸੰਮਤੀ ਦਾ ਅੰਕੜੇ ਦਾ ਪਿੱਛਾ ਕਰਨ ਲਈ 5 ਹੋਰ ਮੈਂਬਰਾਂ ਦੀ ਲੋੜ ਹੈ, ਜੋ ਕਾਂਗਰਸ ਜਾਂ ਆਪ ਵਿਧਾਇਕਾਂ ਨੂੰ ਤੋੜ ਕੇ ਹੀ ਸੰਭਵ ਹੈ।