ਐਨ ਐਨ ਬੀ
ਚੰਡੀਗੜ੍ਹ – ਹੁਣ ਤੱਕ ਚੋਣਾਂ ਟਾਲਣ ਵਿੱਚ ਲੱਗੇ ਰਹੀ ਭਾਜਪਾ ਤੇ ਕਾਂਗਰਸ ਦਿੱਲੀ ਵਿਧਾਨ ਸਭਾ ਲਈ ਮੁੜ ਚੋਣਾਂ ਕਰਵਾਏ ਜਾਣ ਦਾ ਸਵਾਗਤ ਕਰ ਰਹੀਆਂ ਹਨ, ਜਦਕਿ ਭਖੇ ਮਾਹੌਲ ਵਿੱਚ ਅਸਤੀਫ਼ਾ ਦੇ ਕੇ ਲਾਹਾ ਲੈਣ ਵਿਚ ਲੱਗੇ ਰਹੀ ਆਮ ਆਦਮੀ ਪਾਰਟੀ ਘਬਰਾਈ ਹੋਈ ਨਜ਼ਰ ਆ ਰਹੀ ਹੈ। ਕਿਸੇ ਵਕਤ ਉਤਸ਼ਾਹ ਦੇ ਭਰੇ ਅਰਵਿੰਦ ਕੇਜਰੀਵਾਲ ਵਾਰਾਨਸੀ ਜਾ ਕੇ ਨਰਿੰਦਰ ਮੋਦੀ ਨੂੰ ਲਲਕਾਰ ਰਹੇ ਸਨ, ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਮੋਦੀ ਲਹਿਰ’ ਨਾਲ ਟੱਕਰ ਲੈਣ ਤੋਂ ਆਨੀ-ਕਾਨੀ ਕਰ ਰਹੇ ਹਨ। ਉਹ ਵਾਰ-ਵਾਰ ਸਵਾਲ ਕਰਨ ’ਤੇ ਕਹਿ ਰਹੇ ਹਨ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ, ਦਿੱਲੀ ਦੀ ਜਨਤਾ ਆਪਣਾ ਮੁੱਖ ਮੰਤਰੀ ਚੁਣਨ ਜਾ ਰਹੀ ਹੈ। ਉਹ ਲੋਕ ਸਭਾ ਚੋਣਾਂ ਵਿੱਚ ਹਾਰ ਲਈ ਵੀ ਸਫਾਈ ਦੇ ਰਹੇ ਹਨ ਕਿ ਜਨਤਾ ਨੇ ਪ੍ਰਧਾਨ ਮੰਤਰੀ ਲਈ ਮੋਦੀ ਦੀ ਚੋਣ ਕਰਨ ਦਾ ਐਲਾਨ ਕਰਦੇ ਹੋਏ ਦਿੱਲੀ ਆਮ ਆਦਮੀ ਪਾਰਟੀ ਦੇ ਹਵਾਲੇ ਕਰਨ ਦਾ ਮਨ ਬਹੁਤ ਦੇਰ ਤੋਂ ਬਣਾ ਰੱਖਿਆ ਹੈ।
ਇਨ੍ਹਾਂ ਹਾਲਾਤ ਵਿੱਚ ਰਾਜਧਾਨੀ ਦੀਆਂ ਮੁੱਖ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਕਾਂਗਰਸ ਵੱਲੋਂ ਚੋਣ ਲਈ ਕਮੇਟੀ ਦਾ ਗਠਨ ਕਰਕੇ ਤਿਆਰੀ ਆਰੰਭ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ, ਪਰ ਪਾਰਟੀ ਅਜਿਹੀ ਕਿਸੇ ਕਮੇਟੀ ਦੀ ਸਥਾਪਨਾ ਤੋਂ ਇਨਕਾਰ ਕਰ ਰਹੀ ਹੈ, ਜਿਸ ਵਿੱਚ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਨਾਂ ਸ਼ਾਮਲ ਹਨ। ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਅੰਦਰਖਾਤੇ ਤਿਆਰੀ ਕਰ ਰਹੀ ਸੀ, ਜਦਿਕ ਕੇਂਦਰ ’ਚ ਸੱਤਾ ਸਵਾਰ ਭਾਰਤੀ ਜਨਤਾ ਪਾਰਟੀ ਵੱਲੋਂ ਮੋਦੀ ਬਰਾਂਡ ਦਾ ਸਹਾਰਾ ਲਏ ਜਾਣ ਦਾ ਐਲਾਨ ਕਰ ਰਹੀ ਹੈ। ਦਸੰਬਰ 2013 ਵਿੱਚ ਮੁੱਖ ਮੰਤਰੀ ਦੇ ਨਾਂ ਸਮੇਤ ਚੋਣ ਘੋਲ ਵਿੱਚ ਕੁੱਦੀ ਭਾਜਪਾ ਮੋਦੀ ਦਾ ਨਾਂ ਇਸਤੇਮਾਲ ਕਰਨ ਦੀ ਰਣਨੀਤੀ ਮੁੜ ਵਰਤਣ ਜਾ ਰਹੀ ਹੈ, ਜਿਸਦਾ ਲਾਹਾ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਪਹਿਲਾਂ ਹੀ ਲੈ ਚੁੱਕੀ ਹੈ। ਹਰਿਆਣਾ ਵਿੱਚ ਮਸਾਂ ਚਾਰ ਤੋਂ 47 ਸੀਟਾਂ ਤੱਕ ਗਈ ਭਾਜਪਾ ਮਹਾਰਾਸ਼ਟਰ ਵਿੱਚ ਵੀ ਬਹੁਤ ਉੱਚੀ ਛਾਲ ਮਾਰ ਗਈ ਹੈ, ਹਾਲਾਂਕਿ ਸੱਤਾ ਸੰਭਾਲਣ ਦੀਅਂ ਮੁਢਲੀਆਂ ਦਿੱਕਤਾਂ ਦੀ ਸ਼ਿਕਾਰ ਹੈ। ਇਸ ਸਮੇਂ ਸ਼ਿਵ ਸੈਨਾ ਭਾਈਵਾਲ ਬਣਨ ਲਈ ਸ਼ਰਤਾਂ ਮੜ੍ਹਨ ਦੀ ਜਿੱਦ ਕਰਦੀ ਦਿਸ ਰਹੀ ਹੈ, ਪਰ ਲਗਦਾ ਹੈ ਕਿ ਭਾਜਪਾ ਮੰਤਰੀ ਮੰਡਲ ਦੇ ਵਿਸਥਾਰ ਨੂੰ ਸਦਨ ਵਿੱਚ ਬਹੁਸੰਮਤੀ ਹਾਸਿਲ ਕਰਨ ਤੱਕ ਲਟਕਾ ਕੇ ਰਸਤਾ ਕੱਢ ਲਵੇਗੀ।
ਦਿੱਲੀ ਦੀਆਂ ਤਿੰਨਾਂ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੀ ਤਿਆਰੀ ਛੋਟੀ ਪੱਧਰ ’ਤੇ ਹੋ ਰਹੀ ਹੈ, ਜਿਨ੍ਹਾਂ ‘ਚ ਜਨਤਾ ਦਲ ਤੇ ਖੱਬੀਆਂ ਧਿਰਾਂ ਵੀ ਸ਼ਾਮਲ ਹਨ। ਇਨ੍ਹਾਂ ’ਚੋਂ ਵਧੇਰੇ ਤਾਂ ਵੋਟ ਫ਼ੀਸਦੀ ਵਾਧੇ ਤੱਕ ਸੀਮਤ ਹਨ, ਜਦਕਿ ਤਿੰਨਾਂ ਪਾਰਟੀਆਂ ਵੱਲੋਂ ਪਿਛਲੀ ਵਿਧਾਨ ਸਭਾ ਚੋਣ ਲੜੇ ਵਿਧਾਇਕਾਂ ਜਾਂ ਹਾਰੇ ਹੋਏ ਨੇਤਾਵਾਂ ਨੂੰ ਮੁੜ ਟਿਕਟ ਦੇ ਹੱਕਦਾਰ ਮੰਨੇ ਜਾਣ ਜਾਂ ਝੜਨ ਨੂੰ ਦੇਖਣਾ ਵੀ ਦਿਲਚਸਪ ਰਹੇਗਾ। ਫ਼ਿਲਹਾਲ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਹਨ, ਜਿਨ੍ਹਾਂ ਚੋਣ ਲੜਨ ਤੋਂ ਇਨਕਾਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਤਿਆਰੀਆਂ ਲਈ ਮੀਟਿਗਾਂ ਦਾ ਦੌਰ ਜਾਰੀ ਹੈ ਤੇ ਵਰਕਰਾਂ ਨੂੰ ਸਰਗਰਮ ਕੀਤਾ ਜਾ ਚੁੱਕਾ ਹੈ। ਇਹ ਤਾਜ਼ਾ ਹਾਲਾਤ ਲਈ ਲੋੜੀਂਦੀ ਸਰਗਰਮੀ ਹੈ, ਤਾਂਕਿ ਚੋਣਾਂ ਦੇ ਐਲਾਨ ਦੌਰਾਨ ਗ਼ੈਰ-ਸਰਗਰਮ ਦਿਸਣ ਦਾ ਇਲਜ਼ਾਮ ਨਾ ਲੱਗ ਜਾਵੇ। ਅਸਲ ਤਿਆਰੀ ਚੋਣਾਂ ਦੇ ਐਲਾਨ ਪਿੱਛੋਂ ਸਾਹਮਣੇ ਆਵੇਗੀ, ਜਿਹੜੀਆਂ ਅਗਲੇ ਸਾਲ ਫ਼ਰਵਰੀ ਤੱਕ ਹੋਣ ਦੀ ਸੰਭਾਵਨਾ ਹੈ। ਜੇ ਜਨਵਰੀ 2015 ਤੱਕ 18 ਸਾਲਾ ਦੇ ਹੋਏ ਨੌਜਵਾਨਾਂ ਦੀ ਵੋਟ ਬਣਾਏ ਜਾਣ ਦੀ ਪ੍ਰਕਿਰਿਆ ਚਲਦੀ ਹੈ ਤਾਂ ਚੋਣ ਹੋਰ ਅੱਗੇ ਜਾ ਸਕਦੀ ਹੈ। ਇਸੇ ਲਈ ਭਾਜਪਾ ਸਮੇਤ ਸਭ ਨੂੰ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਦਾ ਇੰਤਜ਼ਾਰ ਹੈ।
ਜਿਥੋਂ ਤੱਕ ਤਾਜ਼ਾ ਤਿਆਰੀ ਦਾ ਸਬੰਧ ਹੈ, ਭਾਜਪਾ ਪਾਰਟੀ ਮੁੱਦੇ ਘੜਨ ਤੇ ਲਾਹਾ ਲੈਣ ਦੀ ਸੰਭਾਵਨਾ ਵਿੱਚ ਅੱਗੇ ਹੈ। ਉਸਨੇ ਚੋਣ ਰਣਨੀਤੀ ਨੂੰ ਆਖਰੀ ਸਿਖ਼ਰੀ ਛੋਹਾਂ ਦੇਣੀਆਂ ਬਾਕੀ ਹਨ। ਇਸ ਵਾਰ ਭਾਜਪਾ ਦੀ ਸਿੱਖ ਵੋਟਰਾਂ ’ਤੇ ਵੀ ਨਜ਼ਰ ਟਿਕੀ ਹੋਈ ਹੈ। ਇਸੇ ਲਈ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਸ਼ਿਕਾਰ ਲੋਕਾਂ ਲਈ ਪੰਜ-ਪੰਜ ਲੱਖ ਰੁਪਏ ਦੀ ਰਕਮ ਐਲਾਨੀ ਗਈ ਹੈ ਅਤੇ ‘ਨਵੰਬਰ 84 ਸ਼ਹੀਦੀ ਯਾਦਗਾਰ’ ਨੂੰ ਸਹਿਯੋਗ ਦੇਣ ਦੇ ਐਲਾਨ ਵੀ ਹੋਇਆ ਹੈ। ਇਹ ਕਦਮ ਅਕਾਲੀ ਦਲ ਨਾਲ ਹਰਿਆਣਾ ਚੋਣਾਂ ਦੌਰਾਨ ਪੈਦਾ ਹੋਈ ਤਲਖੀ ਦੇ ਮੱਦੇਨਜ਼ਰ ਸਿਆਸੀ ਕਿਆਸ-ਅਰਾਈਆਂ ਦਾ ਆਧਾਰ ਬਣ ਰਹੇ ਹਨ। ਪਿਛਲੀ ਵਿਧਾਨ ਸਭਾ ਚੋਣ ਦੌਰਾਨ ਕੁਝ ਅਕਾਲੀ ਭਾਜਪਾ ਦੇ ਚੋਣ ਨਿਸ਼ਾਨ ’ਤੇ ਜੇਤੂ ਰਹੇ ਸਨ, ਜਿਸਨੂੰ ਸੁਖਬੀਰ ਸਿੰਘ ਬਾਦਲ ਦੀ ਵੱਡੀ ਪ੍ਰਾਪਤੀ ਮੰਨਿਆ ਗਿਆ ਸੀ। ਇਸ ਵਾਰ ਅਕਾਲੀ ਕੋਟੇ ਵਿੱਚੋਂ ਕਿੰਨੀਆਂ ਤੇ ਕਿਹੜੀਆਂ ਸੀਟਾਂ ਦਿੱਤੀਆਂ ਜਾਣਗੀਆਂ ਜਾਂ ਭਾਜਪਾ ਇਕੱਲੀ ਮੈਦਾਨ ਵਿੱਚ ਆਵੇਗੀ, ਇਹ ਚਰਚਾ ਪਾਰਟੀ ਦੇ ਅੰਦਰ ਤੇ ਬਾਹਰ. ਦੋਵਾਂ ਥਾਵਾਂ ’ਤੇ ਚੱਲ ਰਹੀ ਹੈ।
ਆਮ ਆਦਮੀ ਪਾਰਟੀ ਦੇ 27 ਵਿਧਾਇਕ ਆਪੋ-ਆਪਣੇ ਖੇਤਰ ’ਚ ਸਰਗਰਮ ਦੱਸੇ ਜਾ ਰਹੇ ਹਨ, ਜਿਸਨੇ ਦਿੱਲੀ ’ਤੇ ਦੁਰਪ੍ਰਭਾਵ ਦੇ ਡਰੋਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਾਸਾ ਵੱਟ ਲਿਆ ਸੀ। ਪਾਰਟੀ ਆਗੂ ਜਰਨੈਲ ਸਿੰਘ ਪੱਤਰਕਾਰ ਨੇ ਦੱਸਿਆ ਕਿ ਵਿਧਾਇਕਾਂ ਨਾਲ ਮਸ਼ਵਰਾ ਕਰਨ ਦੇ ਨਾਲ-ਨਾਲ ਉਮੀਦਵਾਰਾਂ ਦੀ ਚੋਣ ਲਈ ਵੀ ਤਿਆਰੀਆਂ ਜਾਰੀ ਹਨ। ਉਨ੍ਹਾਂ ਕਿਹਾ, ‘ਭਾਜਪਾ ਹੀ ਡਰੀ ਹੋਈ ਸੀ, ਜੋ ਚੋਣਾਂ ਤੋਂ ਟਾਲਾ ਵੱਟ ਰਹੀ ਸੀ। ਅਰਵਿੰਦ ਕੇਜਰੀਵਾਲ ਤੇ ਸਾਥੀ ਆਪਣੇ 49 ਦਿਨਾਂ ਦੌਰਾਨ ਕੀਤੇ ਫੈਸਲਿਆਂ ਦੇ ਆਧਾਰ ‘ਤੇ ਚੋਣਾਂ ‘ਚ ਨਿਤਰਨ ਦੇ ਸੰਕੇਤ ਦੇ ਚੁੱਕੇ ਹਨ।’
ਕਾਂਗਰਸ ਲਈ ਇਹ ਚੋਣਾਂ ਬਹੁਤ ਚੁਣੌਤੀ ਭਰੀਆਂ ਹਨ, ਕਿਉਂਕਿ ਪਹਿਲਾਂ ਲੋਕ ਸਭਾ ਚੋਣਾਂ ਤੇ ਫਿਰ ਹਰਿਆਣਾ, ਮਹਾਰਾਸ਼ਟਰ ਵਿਧਾਨ ਸਭਾ ‘ਚ ਲੱਕ ਤੋੜਵੀਂ ਹਾਰ ਪਿੱਛੋਂ ਦਿੱਲੀ ਅੰਦਰ ਪਾਰਟੀ ਸਫਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਫਿਰ ਵੀ ਕਾਂਗਰਸ ਤੇ ਕੁਝ ਹੱਦ ਤੱਕ ਭਾਜਪਾ ਵੀ ਮੰਨ ਕੇ ਚੱਲ ਰਹੀਆਂ ਹਨ ਕਿ ਇਹ ਚੋਣਾਂ ਦਸੰਬਰ 2013 ਤੋਂ ਵੱਖਰੇ ਹਾਲਾਤ ਵਿੱਚ ਹੋਣ ਜਾ ਰਹੀਆਂ ਹਨ। ਇਸੇ ਦਿੱਲੀ ਭਾਜਪਾ ਦੇ ਜ਼ਿੰਮੇਵਾਰ ਨੇਤਾ ਸਿਰਫ਼ ਆਮ ਆਦਮੀ ਪਾਰਟੀ ਹੀ ਨਹੀਂ, ਕਾਂਗਰਸ ਦੀ ਸ਼ਕਤੀ ਨੂੰ ਵੀ ਸਿਆਸੀ ਵਜ਼ਨ ਦੇ ਰਹੇ ਹਨ। ਭਾਜਪਾ ਆਪ ਦੀ ਲਹਿਰ ਦੌਰਾਨ ਵੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਉਤਸ਼ਾਹ ਕਾਰਨ ਵਧੇਰੇ ਭਰੋਸੇ ਵਿੱਚ ਹੈ। ਅੱਠ ਸੀਟਾਂ ਤੱਕ ਸਿਮਟੀ ਕਾਂਗਰਸ ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਲਈ ਚੋਣਾਂ ਵੱਡੀ ਚੁਣੌਤੀ ਸਾਬਤ ਹੋਣ ਵਾਲੀਆਂ ਹਨ। ਉਹ ਹਾਲੇ ਵੀ ਕਾਂਗਰਸ ਦੇ 15 ਸਾਲ ਦਾ ਕਾਰਜਕਾਲ ਆਧਾਰ ਬਣਾਏ ਜਾਣ ਦਾ ਯਤਨ ਕਰ ਰਹੇ ਹਨ, ਜਦਕਿ ਸਿਆਸੀ ਮਾਹਰ ਮੰਨਦੇ ਹਨ ਕਿ ਇਹ ਲੋਕਾਂ ਵੱਲੋਂ ਰੱਦ ਕੀਤੇ ਸਾਲ ਹਨ। ਕਾਂਗਰਸ ਨੂੰ ਨਵੇਂ ਮੁੱਦੇ ਤਾਲਾਸ਼ ਕਰਨੇ ਪੈਣਗੇ।