ਦੀਵਾਲੀ ਤੱਕ ਬੰਦ ਰਹੇਗਾ ਕੱਟੜਾ ਆਹਲੂਵਾਲੀਆ ਵਾਲਾ ਰਾਹ
ਅੰਮ੍ਰਿਤਸਰ – ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਬੀਤੇ ਦਿਨੀਂ ਐਲਾਨ ਕੀਤਾ ਕਿ ਦੀਵਾਲੀ ਮੌਕੇ ਗੋਲਡਨ ਟੈਂਪਲ ਪਲਾਜ਼ਾ ਸ਼ਰਧਾਲੂਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਪਰ ਸਥਿਤੀ ਇਹ ਹੈ ਕਿ ਬੇਸਮੈਂਟ ਦਾ ਦੂਜੇ ਪੜਾਅ ਦਾ ਕੰਮ ਵੀ ਲਟਕ ਗਿਆ ਹੈ। ਪਲਾਜ਼ਾ ਦੀ ਬੇਸਮੈਂਟ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਸ਼ਰਧਾਲੂਆਂ/ਟੂਰਿਸਟਾਂ ਲਈ ਸੂਚਨਾ ਕੇਂਦਰ, ਵੀ.ਆਈ.ਪੀ. ਲੌਂਜ, ਬੈਂਕ, ਏ.ਟੀ.ਐਮ., ਏਅਰ ਲਾਈਨਜ਼ ਅਤੇ ਰੇਲਵੇ ਪੁੱਛ-ਗਿੱਛ ਤੇ ਬਹੁ ਮੰਤਵੀ ਹਾਲ ਸ਼ਾਮਲ ਹਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਮਹੱਤਵਪੂਰਨ ਸ਼ਖ਼ਸੀਅਤਾਂ ਅਕਸਰ ਵੱਡੀ ਗਿਣਤੀ ਵਿੱਚ ਆਉਂਦੀਆਂ ਹਨ। ਇਸ ਲਈ ਪਲਾਜ਼ੇ ਵਿੱਚ ਉਨ੍ਹਾਂ ਵਾਸਤੇ ਵੱਖਰੀ ਥਾਂ ਰੱਖੀ ਗਈ ਹੈ। ਇਸ ਬੇਸਮੈਂਟ ਵਿੱਚ 100-150 ਲੋਕਾਂ ਦੇ ਬਹਿਣ ਦੀ ਸਮਰੱਥਾ ਵਾਲਾ ਆਡੀਟੋਰੀਅਮ ਵੀ ਬਣਨਾ ਹੈ, ਜਿੱਥੇ ਮੀਡੀਆ ਨਾਲ ਵੀ ਗੱਲਬਾਤ ਹੋ ਸਕੇਗੀ। ਇਸ ਵੇਲੇ ਗੋਲਡਨ ਟੈਂਪਲ ਕੰਪਲੈਕਸ ਵਿੱਚ ਅਜਿਹੀ ਕੋਈ ਯੋਗ ਥਾਂ ਨਹੀਂ, ਜਿੱਥੇ ਵੀ.ਆਈ.ਪੀ. ਪੱਤਰਕਾਰਾਂ ਨਾਲ ਗੱਲਬਾਤ ਕਰ ਸਕੇ। ਸਬੰਧਤ ਅਧਿਕਾਰੀ ਨੇ ਕਿਹਾ ਕਿ ਪਲਾਜ਼ਾ ਦੇ ਦੂਜੇ ਪੜਾਅ ਦਾ ਕੰਮ ਦੀਵਾਲੀ ਤੋਂ ਬਾਅਦ ਸ਼ੁਰੂ ਹੋਵੇਗਾ।
ਇਸ ਵੇਲੇ ਪਲਾਜ਼ਾ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਕਿਉਂਕਿ ਇਸਨੂੰ ਦੀਵਾਲੀ ਮੌਕੇ ਸਮਰਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਵੱਡੀ ਪੱਧਰ ‘ਤੇ ਚੱਲ ਰਹੇ ਕੰਮ ਕਾਰਨ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਲਾਜ਼ਾ ਦੇ ਚੱਲ ਰਹੇ ਕੰਮ ਕਾਰਨ ਦਰਬਾਰ ਸਾਹਿਬ ਵੱਲ ਜਾਣ ਵਾਲਾ ਮੁੱਖ ਰਾਹ ਕਟੜਾ ਆਹਲੂਵਾਲੀਆ ਨੂੰ ਪਿਛਲੇ ਦਸ ਦਿਨਾਂ ਤੋਂ ਬੰਦ ਕੀਤਾ ਹੋਇਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਪੰਜ ਦਿਨ ਹੋਰ ਇਸ ਰਸਤੇ ਨੂੰ ਬੰਦ ਰੱਖਿਆ ਜਾ ਸਕਦਾ ਹੈ। ਪਲਾਜ਼ਾ ਬਣਾ ਰਹੀ ਕੰਪਨੀ ਨੂੰ ਤਿਓਹਾਰਾਂ ਦੇ ਦਿਨਾਂ ਕੰਮ ਖ਼ਤਮ ਕਰਨ ਦੀ ਕਾਹਲੀ ਹੈ, ਜਦਕਿ ਨੇੜੇ-ਤੇੜੇ ਦੇ ਦੁਕਾਨਦਾਰ ਰਸਤੇ ਬੰਦ ਹੋਣ ਕਾਰਨ ਪਰੇਸ਼ਾਨ ਹਨ।