ਐਨ ਐਨ ਬੀ
ਨਵੀਂ ਦਿੱਲੀ – ਅਤਿ-ਆਧੁਨਿਕ ਹਥਿਆਰਾਂ ਅਤੇ ਰੱਖਿਆ ਸਾਜ਼ੋ-ਸਾਮਾਨ ਦੀ ਕਮੀ ਨਾਲ਼ ਜੂਝ ਰਹੀ ਫੌਜ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ 80 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਰੱਖਿਆ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੇਸ਼ ’ਚ ਛੇ ਪਣਡੁੱਬੀਆਂ ਨੂੰ ਬਣਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਦੇ ਨਾਲ ਇਸਰਾਈਲ ਤੋਂ ਅੱਠ ਹਜ਼ਾਰ ਟੈਂਕ ਤੋੜੂ ਮਿਜ਼ਾਈਲਾਂ ਅਤੇ 12 ਵਿਕਸਤ ਡੌਰਨੀਅਰ ਸੂਹੀਏ ਜਹਾਜ਼ ਵੀ ਖਰੀਦੇ ਜਾਣਗੇ। ਇਹ ਫੈਸਲੇ ਫੌਜੀ ਸਾਜ਼ੋ-ਸਾਮਾਨ ਦੀ ਖਰੀਦ ਬਾਰੇ ਫੈਸਲਾ ਲੈਣ ਵਾਲੀ ਕੌਂਸਲ (ਡੀ ਏ ਸੀ) ਦੀ ਮੀਟਿੰਗ ਦੌਰਾਨ ਲਏ ਗਏ। ਰੱਖਿਆ ਮੰਤਰੀ ਅਰੁਣ ਜੇਤਲੀ ਦੀ ਅਗਵਾਈ ਹੇਠ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਬੈਠਕ ਦੌਰਾਨ ਰੱਖਿਆ ਸਕੱਤਰ, ਤਿੰਨੋਂ ਸੈਨਾਵਾਂ ਦੇ ਮੁਖੀ, ਡੀਆਰਡੀਓ ਮੁਖੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਜ਼ਿਆਦਾਤਰ ਫੈਸਲੇ ਜਲ ਸੈਨਾ ਦੇ ਪੱਖ ’ਚ ਲਏ ਗਏ, ਕਿਉਂਕਿ ਉਸਨੂੰ ਆਧੁਨਿਕ ਸਾਜ਼ੋ-ਸਾਮਾਨ ਤੇ ਹਥਿਆਰਾਂ ਦੀ ਵੱਧ ਲੋੜ ਸੀ। ਸਭ ਤੋਂ ਵੱਡਾ ਫੈਸਲਾ ਛੇ ਪਣਡੁੱਬੀਆਂ ਭਾਰਤ ’ਚ ਹੀ ਬਣਾਉਣ ਦਾ ਲਿਆ ਗਿਆ ਹੈ। ਇਨ੍ਹਾਂ ’ਤੇ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਏਗੀ। ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਸਰਕਾਰੀ ਸੂਤਰਾਂ ਨੇ ਕਿਹਾ ਕਿ ਰੱਖਿਆ ਮੰਤਰਾਲੇ ਵੱਲੋਂ ਕਮੇਟੀ ਬਣਾਈ ਜਾਏਗੀ ਜਿਹੜੀ ਅਗਲੇ ਛੇ ਤੋਂ ਅੱਠ ਹਫਤਿਆਂ ਦੌਰਾਨ ਜਨਤਕ ਅਤੇ ਪ੍ਰਾਈਵੇਟ ਕੰਪਨੀਆਂ ਦੀ ਪੜਤਾਲ ਕਰੇਗੀ।
ਦੇਸ਼ ’ਚ ਹੀ ਪਣਡੁੱਬੀਆਂ ਤਿਆਰ ਕਰਨ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ‘ਮੇਕ ਇਨ ਇੰਡੀਆ’ ’ਤੇ ਖ਼ਰਾ ਉਤਰਦਾ ਹੈ। ਸਰਕਾਰ ਵੱਲੋਂ 12 ਡੌਰਨੀਅਰ ਸੂਹੀਏ ਜਹਾਜ਼ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ ਕੋਲੋਂ 1850 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੇ ਜਾਣਗੇ ਜਿਨ੍ਹਾਂ ਨੂੰ ਅਤਿ-ਸੂਖਮ ਸੈਂਸਰ ਲੱਗੇ ਹੋਏ। ਡੀ ਏ ਸੀ ਨੇ ਪੈਦਲ ਦਸਤਿਆਂ ਨਾਲ ਲੜਨ ਵਾਲੇ 362 ਵਾਹਨ ਪੱਛਮੀ ਬੰਗਾਲ ਦੇ ਮੇਡਕ ’ਚ ਆਰਡੀਨੈਂਸ ਫੈਕਟਰੀ ਬੋਰਡ ਤੋਂ ਖਰੀਦਣ ਦਾ ਫੈਸਲਾ ਲਿਆ ਹੈ।
ਕੇਂਦਰ ਨੇ ਇਸਰਾਈਲ ਤੋਂ ਟੈਂਕ ਤੋੜੂ ਸਪਾਈਨ ਮਿਜ਼ਾਈਲਾਂ ਖਰੀਦਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਅਮਰੀਕਾ ਦੀਆਂ ਜੈਵਲਿਨ ਮਿਜ਼ਾਈਲਾਂ ਨਾਲੋਂ ਇਸਰਾਈਲ ਦੀਆਂ ਮਿਜ਼ਾਈਲਾਂ ਨੂੰ ਤਰਜੀਹ ਦਿੱਤੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਖਰੀਦ ਪ੍ਰਕਿਰਿਆ ’ਚ ਸਾਰੇ ਅੜਿੱਕਿਆਂ ਨੂੰ ਤੇਜ਼ੀ ਨਾਲ ਦੂਰ ਕੀਤਾ ਜਾਏਗਾ।