ਐਨ ਐਨ ਬੀ : ਪਿੰਡ ਨਾਹਰਪੁਰ ਵਿੱਚ ਸਾਬਕਾ ਫ਼ੌਜੀ ਨੇ ਦੋ ਧੀਆਂ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲੀਸ ਨੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ। ਪੁਲੀਸ ਨੂੰ ਮੌਕੇ ਤੋਂ ਦੋ ਸੁਸਾਈਡ ਨੋਟ ਮਿਲੇ ਹਨ।
ਪਿੰਡ ਨਾਹਰਪੁਰ ਦਾ ਗੁਰਦਿਆਲ ਸਿੰਘ ਕਰੀਬ 6 ਸਾਲ ਪਹਿਲਾਂ ਫ਼ੌਜ ’ਚੋਂ ਸੇਵਾਮੁਕਤ ਹੋਇਆ ਸੀ ਤੇ ਹੁਣ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਦੀਆਂ ਦੋ ਲੜਕੀਆਂ ’ਚੋਂ ਵੱਡੀ ਲੜਕੀ ਜਸ਼ਨਪ੍ਰੀਤ ਕੌਰ (16) ਅਪਾਹਜ ਸੀ ਤੇ ਛੋਟੀ ਲੜਕੀ ਜਸਮੀਤ ਕੌਰ (13) ਦਸੂਹਾ ਦੇ ਕੈਂਬਰਿਜ ਸਕੂਲ ਵਿੱਚ ਪੜ੍ਹਦੀ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਗੁਰਦਿਆਲ ਸਿੰਘ ਦੇ ਘਰੋਂ ਗੋਲੀਆਂ ਚੱਲਣ ਦੀ ਆਵਾਜ਼ ਆਈ। ਘਟਨਾ ਮੌਕੇ ਗੁਰਦਿਆਲ ਸਿੰਘ ਦੀ ਪਤਨੀ ਸੁਖਜੀਤ ਕੌਰ ਘਰ ਨਹੀਂ ਸੀ। ਗੁਆਢੀਆਂ ਨੇ ਜਦੋਂ ਗੁਰਦਿਆਲ ਸਿੰਘ ਦੇ ਘਰ ਜਾ ਕੇ ਦੇਖਿਆ ਤਾਂ ਖ਼ੂਨ ਨਾਲ ਲਥਪਥ ਲਾਸ਼ਾਂ ਪਈਆਂ ਸਨ। ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ। ਡੀਐਸਪੀ ਟਾਂਡਾ ਕਰਨਵੀਰ ਸਿੰਘ ਤੇ ਐਸਐਚਓ ਮੁਕੇਰੀਆਂ ਜਗਦੀਸ਼ ਰਾਜ ਅੱਤਰੀ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਨੂੰ ਘਟਨਾ ਸਥਾਨ ਤੋਂ ਲਾਇਸੈਂਸੀ ਪਿਸਤੌਲ, ਮੋਬਾਈਲ ਤੇ ਦੋ ਸੁਸਾਈਡ ਨੋਟ ਮਿਲੇ। ਇਕ ਸੁਸਾਈਡ ਨੋਟ ਗੁਰਦਿਆਲ ਸਿੰਘ ਵੱਲੋਂ ਲਿਖਿਆ ਹੋਇਆ ਹੈ, ਜਿਸ ’ਤੇ ਬੱਚੀਆਂ ਦੇ ਦਸਤਖ਼ਤ ਹਨ ਤੇ ਦੂਜਾ ਸੁਸਾਈਡ ਨੋਟ ਛੋਟੀ ਲੜਕੀ ਜਸਮੀਤ ਕੌਰ ਵੱਲੋਂ ਲਿਖਿਆ ਹੋਇਆ ਹੈ। ਗੁਰਦਿਆਲ ਸਿੰਘ ਨੇ ਸੁਸਾਈਡ ਨੋਟ ਵਿੱਚ ਲਿਖਿਆ ਕਿ ਉਹ ਆਪਣੀ ਸਿਹਤ ਤੋਂ ਬਹੁਤ ਦੁਖੀ ਹੈ। ਸਿਹਤ ਖਰਾਬ ਹੋਣ ਕਾਰਨ ਉਹ ਖੇਤੀ ਵੀ ਨਹੀਂ ਕਰ ਸਕਦਾ। ਉਹ ਆਪਣੀ ਅਪਾਹਜ ਲੜਕੀ ਜਸ਼ਨਪ੍ਰੀਤ ਕੌਰ ਕਾਰਨ ਵੀ ਦੁਖੀ ਹੈ। ਉਨ੍ਹਾਂ ਦੀ ਮੌਤ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈ। ਦੂਜਾ ਸੁਸਾਈਡ ਨੋਟ ਜਸਮੀਤ ਕੌਰ ਨੇ ਲਿਖਿਆ ਸੀ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਹੱਤਿਆ ਪਿੱਛੇ ਕੋਈ ਜ਼ਿੰਮੇਵਾਰ ਨਹੀਂ, ਉਹ ਆਪਣੀ ਮਰਜ਼ੀ ਨਾਲ ਅਜਿਹਾ ਕਰ ਰਹੇ ਹਨ। ਉਸ ਨੇ ਲਿਖਿਆ ਕਿ ਉਹ ਆਪਣੇ ਪਿਤਾ ਦੀ ਬਿਮਾਰੀ ਤੋਂ ਪ੍ਰੇਸ਼ਾਨ ਸਨ। ਥਾਣਾ ਮੁਖੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਪੁਲੀਸ ਨੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ ਹਨ ਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।