ਐਨ ਐਨ ਬੀ
ਮਾਛੀਵਾੜਾ – ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪਿੰਡ ਬੋਹਾਪੁਰ ਦੇ ਦਲਿਤ ਪਰਿਵਾਰਾਂ ਨਾਲ ਸਬੰਧਤ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਰਕਰ ਸਨ ਤੇ ਅਕਾਲੀ ਸਰਪੰਚ ਨੇ ਲੋਕ ਸਭਾ ਚੋਣਾਂ ਦੌਰਾਨ ਰੱਖੀ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਦਾ ਪੁਲੀਸ ਝੂਠਾ ਮੁਕਾਬਲਾ ਬਣਾ ਕੇ ਕਤਲ ਕਰਵਾ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਸਰਕਾਰ ਗੁੰਡਾਰਾਜ ਦੀਆਂ ਸਾਰੀਆਂ ਹੱਦ ਟੱਪ ਗਈ ਹੈ। ਮਾਨ ਅੱਜ ਪਿੰਡ ਬੋਹਾਪੁਰ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ‘ਆਮ ਆਦਮੀ ਪਾਰਟੀ’ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ 1 ਅਕਤੂਬਰ ਨੂੰ ਸੂਬੇ ਵਿੱਚ ਡੀ.ਸੀ. ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਜਾਣਗੇ ਜਦਕਿ 2 ਅਕਤੂਬਰ ਤੋਂ ਸਮਰਾਲਾ ਦੇ ਮੁੱਖ ਚੌਕ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਦੇਸ਼ ਦੀਆਂ ਸਮਾਜਿਕ, ਧਾਰਮਿਕ ਜਥੇਬੰਦੀਆਂ ਤੇ ਇਨਸਾਫ਼ਪਸੰਦ ਟਰੇਡ ਯੂਨੀਅਨਾਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਤੇ ਧਰਨਾ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸ ਤੋਂ ਪਹਿਲਾਂ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਬਰਾੜ ਨੇ ਵੀ ਮ੍ਰਿਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਮਾਮਲੇ ਦੀ ਅਦਾਲਤ ਵਿੱਚ ਪੈਰਵੀ ਕਰਨ ਤੇ ਸਾਰਾ ਖ਼ਰਚਾ ਖ਼ੁਦ ਦੇਣ ਦਾ ਐਲਾਨ ਕੀਤਾ।
ਮਾਮਲਾ ਲੋਕ ਸਭਾ ਵਿੱਚ ਉਠਾਵਾਂਗੇ: ਖ਼ਾਲਸਾ
ਪੀੜਤ ਪਰਿਵਾਰ ਕੋਲ ਦੁੱਖ ਦਾ ਪ੍ਰਗਟਾਵਾ ਕਰਨ ਪੁੱਜੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਅਕਾਲੀਆਂ ਦੀ ਗੁੰਡਾਗਰਦੀ ਦਾ ਮਾਮਲਾ ਪਾਰਟੀ ਦੇ ਸਾਰੇ ਐੱਮਪੀ ਲੋਕ ਸਭਾ ਸੈਸ਼ਨ ਵਿੱਚ ਉਠਾਉਣਗੇ ਤਾਂ ਜੋ ਪੂਰਾ ਦੇਸ਼ ਅਕਾਲੀਆਂ ਦੇ ਗੁੰਡਾਰਾਜ ਤੋਂ ਜਾਣੂ ਹੋ ਸਕੇ। ਖ਼ਾਲਸਾ ਨੇ ਕਿਹਾ ਕਿ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਦਲਿਤ ਪਰਿਵਾਰਾਂ ਦਾ ਦੁੱਖ ਕੀ ਸਮਝਣਗੇ, ਜਿਨ੍ਹਾਂ ਨੇ ਰਲ ਕੇ ਪੰਜਾਬ ਵਿੱਚ ਜੰਗਲ ਰਾਜ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਡੀ ਜੀ ਪੀ ਸੈਣੀ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਮ੍ਰਿਤਕਾਂ ਦੀ ਭੈਣ ਰੁਪਿੰਦਰ ਰੂਪੀ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਉਹ ਭਾਵੁਕ ਹੋ ਗਏ ਤੇ ਉਸ ਨੂੰ ਦਿਲਾਸਾ ਦਿੰਦਿਆਂ ਰੋਣ ਲੱਗ ਪਏ।
ਫ਼ਰਜ਼ੀ ਪੁਲੀਸ ਮੁਕਾਬਲਾ: ਐਸਸੀ ਕਮਿਸ਼ਨ ਦੇ ਮੁਖੀ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ
ਐਨ ਐਨ ਬੀ
ਸਮਰਾਲਾ – ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰ ਨਾਲ ਅੱਜ ਪੰਜਾਬ ਐਸ ਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਪਿੰਡ ਬੋਹਾਪੁਰ ਵਿੱਚ ਮੁਲਾਕਾਤ ਕਰਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਜਿਹੜੀ ਵੀ ਜਾਂਚ ਦੀ ਮੰਗ ਕਰਨਗੇ, ਉਹ ਪੂਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਬਾਘਾ ਸਮਰਾਲਾ ਪੁਲੀਸ ਸਟੇਸ਼ਨ ਵਿੱਚ ਪਹੁੰਚੇ ਡੀ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਨੂੰ ਪੀੜਤ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ। ਪੀੜਤ ਪਰਿਵਾਰ ਨੇ ਰਾਜੇਸ਼ ਬਾਘਾ ਨੂੰ ਦੱਸਿਆ ਕਿ ਜਿਸ ਰਿਵਾਲਵਰ ਨਾਲ ਉਨ੍ਹਾਂ ਦੇ ਲਾਡਲਿਆਂ ਦਾ ਕਤਲ ਕੀਤਾ ਗਿਆ ਹੈ, ਉਸ ਦੇ ਲਾਇਸੈਂਸ ਦੀ ਪੜਤਾਲ ਕਰਵਾਈ ਜਾਵੇ। ਪਿੰਡ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਰਿਜੋਰਟਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ।
ਪੀੜਤ ਪਰਿਵਾਰ ਨੇ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਦੇ ਮੋਬਾਇਲ ਨੰਬਰਾਂ ਦੀ ਕਾਲ ਡਿਟੇਲ ਵੀ ਕਢਵਾਈ ਜਾਵੇ, ਤਾਂ ਕਿ ਇਸ ਘਟਨਾ ਨਾਲ ਸਬੰਧਤ ਕੋਈ ਮੁਲਜ਼ਮ ਬਚ ਨਾ ਸਕੇ। ਇਸ ਮੌਕੇ ਮੈਂਬਰ ਦਲੀਪ ਸਿੰਘ ਪਾਂਧੀ, ਪ੍ਰਕਾਸ਼ ਸਿੰਘ ਗੜਦੀਵਾਲ, ਜ਼ਿਲ੍ਹਾ ਭਲਾਈ ਅਫ਼ਸਰ ਰਾਜਿੰਦਰ ਕੁਮਾਰ, ਨਾਇਬ ਤਹਿਸੀਲਦਾਰ ਹਰੀ ਸਿੰਘ, ਭਾਜਪਾ ਆਗੂ ਅਨੂ ਛਾੜੀਆ, ਖੰਨਾ ਦੇ ਐਸਪੀ ਸਤਿੰਦਰਪਾਲ ਸਿੰਘ ਤੇ ਤਹਿਸੀਲ ਭਲਾਈ ਵਿਭਾਗ ਦੇ ਇੰਚਾਰਜ ਅਮਨਦੀਪ ਸਿੰਘ ਹਾਜ਼ਰ ਸਨ।
ਜਮਾਲਪੁਰ ਕਾਂਡ: ਮੁਲਜ਼ਮਾਂ ਖ਼ਿਲਾਫ਼ ਐਸਸੀ ਐਕਟ ਤਹਿਤ ਵੀ ਚੱਲੇਗਾ ਕੇਸ
ਐਨ ਐਨ ਬੀ
ਲੁਧਿਆਣਾ – ਇਥੇ ਜਮਾਲਪੁਰ ਵਿੱਚ ਬੀਤੇ ਦਿਨੀਂ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਦੋ ਨੌਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਅੱਜ ਪੁਲੀਸ ਨੇ ਨਵੀਂ ਧਾਰਾ ਜੋੜ ਦਿੱਤੀ ਹੈ, ਜਿਸ ਕਾਰਨ ਹੁਣ ਮੁਲਜ਼ਮਾਂ ’ਤੇ ਐਸ ਸੀ ਐਕਟ ਤਹਿਤ ਵੀ ਕੇਸ ਚੱਲੇਗਾ। ਜ਼ਿਕਰਯੋਗ ਹੈ ਕਿ ਘੱਟ ਗਿਣਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ.ਰਾਜ ਕੁਮਾਰ ਵੇਰਕਾ ਨੇ ਸੋਮਵਾਰ ਨੂੰ ਪੁਲੀਸ ਕਮਿਸ਼ਨਰ ਪ੍ਰਮੋਦ ਬਾਨ ਨੂੰ ਐਸ ਸੀ ਐਕਟ ਦੀ ਧਾਰਾ ਜੋੜਨ ਦੇ ਹੁਕਮ ਦਿੱਤੇ ਸਨ, ਜਿਸ ਤੋਂ ਬਾਅਦ ਪੁਲੀਸ ਨੇ ਇਹ ਕਦਮ ਚੁੱਕਿਆ ਹੈ।
ਏ ਸੀ ਪੀ ਸਾਹਨੇਵਾਲ ਲਖਵੀਰ ਸਿੰਘ ਟਿਵਾਣਾ ਨੇ ਆਖਿਆ ਕਿ ਗ੍ਰਿਫ਼ਤਾਰ ਚਾਰੇ ਮੁਲਜ਼ਮਾਂ ਖ਼ਿਲਾਫ਼ ਐਸ ਸੀ ਐਕਟ 1989 ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਮੁੜ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਕੁਝ ਫਿੰਗਰ ਪ੍ਰਿੰਟ ਲਏ। ਪੁਲੀਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਉਨ੍ਹਾਂ ਦੇ ਕਬਜ਼ੇ ‘ਚੋਂ ਵਾਰਦਾਤ ਸਮੇਂ ਵਰਤੀ ਗਈ ਪਿਸਤੌਲ ਅਤੇ ਮੁਲਾਜ਼ਮਾਂ ਦੁਆਰਾ ਲਿਜਾਈ ਗਈ ਏਕੇ-47 ਬਰਾਮਦ ਕਰ ਲਈ ਹੈ।