ਐਨ ਐਨ ਬੀ
ਪੰਡਾਰਪੁਰ/ਮੁੰਬਈ – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਕਰਦਿਆਂ ਇਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨੇਲਿਸਟ ਕਾਂਗਰਸ ਪਾਰਟੀ (ਐਨ ਸੀ ਪੀ) ਉਤੇ ਜ਼ਬਰਦਸਤ ਹਮਲਾ ਕਰਦਿਆਂ ਕਿਹਾ ਕਿ ਜੇ ਲੋਕਾਂ ਨੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨ ਸੀ ਪੀ ਨੂੰ ਫਿਰ ਵੋਟਾਂ ਪਾ ਕੇ ਸੱਤਾ ਸੌਂਪ ਦਿੱਤੀ ਤਾਂ ਰਾਜ ਵਿੱਚ ਭ੍ਰਿਸ਼ਟ ਕਾਰਵਾਈਆਂ ਨੂੰ ਹੋਰ ਤੇਜ਼ ਹੋ ਜਾਣਗੀਆਂ। ਉਨ੍ਹਾਂ ਐਨ ਸੀ ਪੀ ਉਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਤੋਂ ਇਹ ਪਾਰਟੀ ਹੋਂਦ ਵਿੱਚ ਆਈ ਹੈ ਤਾਂ ਇਸ ਦੀ ਲੀਡਰਸ਼ਿਪ ਵਿੱਚ ਕੋਈ ਤਬਦੀਲੀ ਨਹੀਂ ਆਈ।
ਐਨ ਸੀ ਪੀ ਦੇ ਸੱਤਾ ’ਚ ਆਉਣ ’ਤੇ ਭ੍ਰਿਸ਼ਟਾਚਾਰ ਹੋਰ ਵਧੇਗਾ : ਮੋਦੀ
ਇਸ ਦੌਰਾਨ ਹੀ ਐਨ ਸੀ ਪੀ ਮੁਖੀ ਸ਼ਰਦ ਪਵਾਰ ਨੇ ਮੋਦੀ ਵੱਲੋਂ ਕੀਤੇ ਹਮਲੇ ਦਾ ਤਿੱਖਾ ਜਵਾਬ ਦਿੰਦਿਆਂ ਦੋਸ਼ ਲਾਇਆ ਕਿ ਮੋਦੀ ਨੇ ਜਨਤਕ ਬਹਿਸ ਵਿੱਚ ਨਿੱਜੀ ਮੁੱਦਿਆਂ ਨੂੰ ਉਭਾਰ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਇਕ ਸੰਸਥਾ ਹੈ ਤੇ ਇਸ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਣਾ ਹਰ ਇਕ ਦਾ ਫਰਜ਼ ਹੈ, ਪਰ ਇਹ ਬੇਹੱਦ ਦੁਖਦਾਇਕ ਗੱਲ ਹੈ ਕਿ ਮੋਦੀ ਮਾਣ-ਮਰਿਆਦਾ ਨੂੰ ਕਾਇਮ ਨਹੀਂ ਰੱਖ ਰਹੇ।
ਯਾਦ ਰਹੇ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਹੀ 10 ਸਾਲ ਵਿੱਚ 10 ਗੁਣਾਂ ਭ੍ਰਿਸ਼ਟਾਚਾਰ ਕਰਨ ਵਾਲੀ ਐਨ ਸੀ ਪੀ ਜੇ ਸੱਤਾ ਵਿੱਚ ਆ ਗਈ ਤਾਂ ਇਹ ਭ੍ਰਿਸ਼ਟਾਚਾਰ ਪੰਦਰਾਂ ਗੁਣਾ ਵਧ ਕਰ ਦੇਵੇਗੀ।
ਮੋਦੀ ਨੇ ਕਾਂਗਰਸ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਉਹ ਦੇਸ਼ ਦੇ ਖਜ਼ਾਨੇ ਦੀ ਚੌਕੀਦਾਰੀ ਕਰ ਰਿਹਾ ਹੈ ਤੇ ਕਿਸੇ ਵੀ ਪੰਜੇ (ਕਾਂਗਰਸ ਦੇ ਚੋਣ ਨਿਸ਼ਾਨ) ਨੂੰ ਦੇਸ਼ ਦੇ ਖਜ਼ਾਨੇ ਨੂੰ ਛੂਹਣ ਨਹੀਂ ਦੇਵੇਗਾ। ਮੋਦੀ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਮਹਾਰਾਸ਼ਟਰ ਨੂੰ ਤਬਾਹ ਕਰ ਦਿੱਤਾ ਹੈ ਤੇ ਖਜ਼ਾਨੇ ਨੂੰ ਲੁੱਟ ਲਿਆ ਹੈ। ।