ਐਨ ਐਨ ਬੀ
ਨਿਊਯਾਰਕ – ਪੂਰੀ ਤਰ੍ਹਾਂ ਭਰੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਰੌਕ ਸਟਾਰ’ ਸਵਾਗਤ ਦੀ ਅਮਰੀਕੀ ਮੀਡੀਆ ਨੇ ਭਰਵੀਂ ਕਵਰੇਜ ਕੀਤੀ ਹੈ। ਹੁਣ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕੀ ਫੇਰੀ ਨੂੰ ਮੀਡੀਆ ਬਹੁਤੀ ਤੂਲ ਨਹੀਂ ਦੇ ਰਿਹਾ ਸੀ। ਅਮਰੀਕਾ ਦੇ ਬਹੁਤੇ ਮੀਡੀਆ ਸੰਗਠਨਾਂ ਨੇ ਆਪਣੇ ਰਿਪੋਰਟਰ ਇਸ ਈਵੈਂਟ ਦੀ ਕਵਰੇਜ ਲਈ ਲਗਾ ਰੱਖੇ ਸਨ। ਵਾਲ ਸਟਰੀਟ ਜਰਨਲ ਤੇ ਲਾਸ ਏਂਜਲਸ ਟਾਈਮਜ਼ ਅਨੁਸਾਰ ਭਾਰਤੀ-ਅਮਰੀਕੀ ਭਾਈਚਾਰੇ ਨੇ ਮੋਦੀ ਨੂੰ ਰੌਕ ਸਟਾਰ ਰਿਸੈਪਸ਼ਨ ਦਿੱਤੀ।
ਨਿਊਯਾਰਕ ਟਾਈਮਜ਼ ਅਨੁਸਾਰ ਸ੍ਰੀ ਮੋਦੀ ਨੇ ਅਤਿਉਤਸ਼ਾਹੀ ਇਕੱਠ ਨੂੰ ਸੰਬੋਧਨ ਕੀਤਾ। ਅਖ਼ਬਾਰ ਨੇ ਭਾਰਤ ਤੇ ਅਮਰੀਕੀ ਕਰ ਨੀਤੀਆਂ, ਜਲਵਾਯੂ ਤਬਦੀਲ, ਆਊਟਸੋਰਸਿੰਗ, ਬੌਧਿਕ ਸੰਪਤੀ ਅਧਿਕਾਰ ਤੇ ਹੋਰ ਮੁੱਦਿਆਂ ’ਤੇ ਦੋਵੇਂ ਮੁਲਕਾਂ ਵਿਚਾਲੇ ਪਾੜੇ ਦੀ ਗੱਲ ਵੀ ਕੀਤੀ। ਸਾਰੀਆਂ ਅਖਬਾਰਾਂ ਨੇ ਇਕੱਠ ਦੇ ਜੋਸ਼ ਨੂੰ ਪੂਰੀ ਅਹਿਮੀਅਤ ਨਾਲ ਛਾਪਿਆ ਅਤੇ ਸ੍ਰੀ ਮੋਦੀ ਵਲੋਂ ਕੀਤੀ ਇਕ-ਇਕ ਗੱਲ ਵਾਲੇ ਨੁਕਤੇ ਛੋਹੇ ਗਏ। ਕਈ ਟੀ.ਵੀ. ਚੈਨਲਾਂ ਨੇ ਵੀ ਪ੍ਰਾਈਮ ਟਾਈਮ ਕਵਰੇਜ ਇਸ ਭਾਸ਼ਨ ਨੂੰ ਦਿੱਤੀ। ਉਨ੍ਹਾਂ ਨੇ ਨਿਊਯਾਰਕ ’ਚ ਮੋਦੀ ਵਿਰੁੱਧ ਹੋਏ ਰੋਸ ਪ੍ਰਦਰਸ਼ਨ ਵੀ ਦਿਖਾਏ। ਇਹ ਰੋਸ ਪ੍ਰਦਰਸ਼ਨ ਮੁਸਲਿਮ ਅਤੇ ਸਿੱਖ ਭਾਈਚਾਰੇ ਵਲੋਂ ਕੀਤੇ ਗਏ ਸਨ। ਇਨ੍ਹਾਂ ਦਾ ਆਖਣਾ ਸੀ ਕਿ ਸ੍ਰੀ ਮੋਦੀ ਵਲੋਂ ਗੁਜਰਾਤ ਦੰਗਿਆਂ ਦੌਰਾਨ ਨਿਭਾਈ ਭੂਮਿਕਾ ਸ਼ੱਕੀ ਸੀ। ਵਾਸ਼ਿੰਗਟਨ ਪੋਸਟ ਸਮੇਤ ਕਈ ਅਖ਼ਬਾਰਾਂ ਨੇ ਖ਼ਬਰ ਏਜੰਸੀ ਦੀ ਰਿਪੋਰਟ ਛਾਪੀ ਹੈ।
ਅਮਰੀਕਾ ਅਫਗਾਨਿਸਤਾਨ ’ਚੋਂ ਫੌਜਾਂ ਕੱਢਣ ਦੀ ਕਾਹਲ ਨਾ ਕਰੇ
ਨਿਊਯਾਰਕ – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿਚ ਵਸਦੇ ਮੁਸਲਮਾਨ ਭਾਈਚਾਰੇ ਦੇ ਲੋਕ ਅੱਤਵਾਦੀ ਸੰਗਠਨ ਅਲ ਕਾਇਦਾ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਣਗੇ। ਮੋਦੀ ‘ਕੌਂਸਲ ਆਫ ਫੌਰਨ ਰਿਲੇਸ਼ਨਸ਼ਿਪ’ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਸਾਰੀ ਦੁਨੀਆ ਅੱਤਵਾਦ ਤੋਂ ਪੀੜ੍ਹਤ ਹੈ ਅਤੇ ਇਸ ਦੇ ਖਾਤਮੇ ਲਈ ਦੇਸ਼, ਜਾਤੀ ਅਤੇ ਧਰਮ ਤੋਂ ਉਪਰ ਉੱਠ ਕੇ ਮਨੁੱਖਤਾ ਦੇ ਅਧਾਰ ’ਤੇ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਸੰਗਠਨ ਅਲ ਕਾਇਦਾ ਭਾਰਤ ਵਿਚ ਆਪਣੀਆਂ ਸ਼ਾਖਾਵਾਂ ਖੋਲ੍ਹਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ, ਪਰ ਮੈਨੂੰ ਪੂਰਾ ਭਰੋਸਾ ਹੈ ਕਿ ਮੇਰੇ ਦੇਸ਼ ਦੇ ਮੁਸਲਮਾਨ ਅਲ ਕਾਇਦਾ ਦੇ ਮਨਸੂਬਬਿਆਂ ਨੂੰ ਅਸਫਲ ਬਣਾ ਦੇਣਗੇ।
ਭਾਰਤੀ ਪ੍ਰਧਾਨ ਮੰਤਰੀ ਨੇ ਅਮਰੀਕਾ ਨੂੰ ਖ਼ਬਰਦਾਰ ਕੀਤਾ ਕਿ ਉਹ ਅਫਗਾਨਿਸਤਾਨ ’ਚੋਂ ਆਪਣੀਆਂ ਫੌਜਾਂ ਕੱਢਣ ਦੀ ਕਾਹਲ ਨਾ ਕਰੇ, ਕਿਉਂਕਿ ਇਸ ਨਾਲ ਤਾਲਿਬਾਨ ਅੱਤਵਾਦੀਆਂ ਦੇ ਹੌਂਸਲੇ ਵਧ ਜਾਣਗੇ ਅਤੇ ਉਥੇ ਫਿਰ ਤੋਂ ਲੋਕਰਾਜ ਨੂੰ ਖਤਰਾ ਵਿਚ ਪੈਦਾ ਹੋ ਜਾਵੇਗਾ। ਚੀਨ ਨਾਲ ਸਰਹੱਦ ਦੇ ਵਿਵਾਦ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਮਸਲੇ ਵਿਚ ਕਿਸੇ ਤੀਸਰੀ ਧਿਰ ਦੇ ਦਖਲ ਦੀ ਲੋੜ ਨਹੀਂ ਅਤੇ ਦੋਵੇਂ ਦੇਸ਼ ਆਪਸੀ ਗੱਲਬਾਤ ਨਾਲ ਇਸ ਨੂੰ ਹੱਲ ਕਰ ਲੈਣਗੇ। ਉਨ੍ਹਾਂ ਕਿ ਭਾਰਤ ਪਾਕਿਸਤਾਨ ਨਾਲ ਦੋਸਤਾਨਾ ਸਬੰਧ ਕਾਇਮ ਰੱਖਣਾ ਚਾਹੁੰਦਾ ਹੈ, ਇਸ ਲਈ ਪਾਕਿਸਤਾਨ ਨੂੰ ਭਾਰਤ ਖਿਲਾਫ ਅੱਤਵਾਦ ਨੂੰ ਹਵਾ ਦੇਣ ਦੀ ਨੀਤੀ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤ ਵਿਸ਼ਵ ਵਪਾਰ ਸੰਗਠਨ ਵਿਚ ਆਪਣੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਵੋਟ ਬੈਂਕ ਦੀ ਰਾਜਨੀਤੀ ਦੇ ਦਿਨ ਖਤਮ ਹੋ ਗਏ ਹਨ ਅਤੇ ਹੁਣ ਲੋਕ ਵਿਕਾਸ ਨੂੰ ਮੁੱਖ ਰੱਖ ਕੇ ਫਤਵਾ ਦੇਣਗੇ।