ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਤੇ ਹੋਰ ਮੰਗਾਂ ਲਈ ਦਬਾਅ ਬਣਾਏ ਜਾਣ ਦੇ ਸੰਕੇਤ
ਸ਼ਬਦੀਸ਼
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮਨੋਹਰ ਲਾਲ ਖੱਟਰ ਦੇ ਹਲਫ਼ਨਾਮਾ ਸਮਾਗਮ ਦੀ ਬੇਰੁਖ਼ੀ ਦੀ ਪੀੜਾ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ। ਹੁਣ ਉਨ੍ਹਾਂ ਦੇ ਭਾਸ਼ਨਾਂ ਵਿੱਚ ਮੋਦੀਗਾਨ ਗਾਇਬ ਹੋ ਰਿਹਾ ਹੈ ਅਤੇ ਉਹ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਲਈ ਸਰਵਪਾਰਟੀ ਮੀਟਿੰਗ ਕਰਨ ਜਾ ਰਹੇ ਹਨ। ਜੇ ਇਹ ਮੀਟਿੰਗ ਹੁੰਦੀ ਹੈ ਤਾਂ ਪੰਜਾਬ ਭਾਜਪਾ ਸਮੇਤ ਤਮਾਮ ਸਿਆਸੀ ਪਾਰਟੀਆਂ ਦੀ ਸਾਂਝੀ ਮੰਗ ਕੇਂਦਰ ਦੀ ਐਨ.ਡੀ.ਏ. ਸਰਕਾਰ ਲਈ ਸਮੱਸਿਆ ਪੈਦਾ ਕਰ ਦੇਵੇਗੀ, ਕਿਉਂਕਿ ਹਰਿਆਣਾ ਵਿੱਚ ਪਹਿਲੀ ਵਾਰ ਸਰਕਾਰ ਬਣਾਏ ਜਾਣ ਪਿੱਛੋਂ ਸੱਤਲੁਜ-ਯਮੁਨਾ ਲਿੰਕ ਨਹਿਰ ਲਏ ਬਿਨਾ ਰਾਜੀਵ-ਲੌਂਗੋਵਾਲ ਸਮਝੌਤੇ ਦੀ ਇਸ ਮੱਦ ’ਤੇ ਅਮਲ ਭਾਜਪਾ ਲਈ ਕਿਵੇਂ ਵੀ ਲਾਹੇਵੰਦਾ ਸੌਦਾ ਨਹੀਂ ਹੈ। ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਹਰਕਿਸ਼ਨ ਸਿੰਘ ਸੁਰਜੀਤ ਦੀ ਸਿੱਧੀ-ਅਸਿੱਧੀ ਦਖ਼ਲ-ਅੰਦਾਜ਼ੀ ਨਾਲ ਕਰਵਾਏ ਰਾਜੀਵ-ਲੌਂਗੋਵਾਲ ਸਮਝੌਤੇ ’ਤੇ ਅਮਲ ਦੀ ਜ਼ਾਹਰਾ ਤੌਰ ’ਤੇ ਹਾਮੀ ਹਨ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿੱਚ ਕੁੜੱਤਣ ਵਧਾਉਣ ਦੇ ਇਰਾਦੇ ਨਾਲ਼ ਹੀ ਸਹੀ, ਹਾਲੇ ਤੱਕ ਵੀ ਮਹਾਂ-ਪੰਜਾਬ ਦੇ ਹਾਮੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਦਾ ਸਮਰਥਨ ਕਰਦਾ ਐਲਾਨ ਜਾਰੀ ਕਰ ਚੁੱਕੇ ਹਨ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਸੁਰਜੀਤ ਸਿੰਘ ਬਰਨਾਲਾ ਦੀ ਲੀਡਰਸ਼ਿੱਪ ਨੂੰ ਨਕਾਰਦੇ ਹੋਏ ਰਾਜੀਵ-ਲੌਂਗੋਵਾਲ ਸਮਝੌਤਾ ਰੱਦ ਕਰ ਦਿੱਤਾ ਸੀ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ ਉਠਾਉਣ ਲੱਗੇ ਹਨ ਅਤੇ ਪਾਣੀਆਂ ਦੇ ਮਸਲੇ ’ਤੇ ਕੇਂਦਰ ਸਰਕਾਰ ਨਾਲ ਕੌਮਾਂਤਰੀ ਕਾਨੂੰਨ ਦੇ ਹਵਾਲੇ ਨਾਲ ਗੱਲ ਕਰਨ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਤਾਂ ਇਥੋਂ ਤੱਕ ਆਖ ਦਿੱਤਾ ਕਿ ਪੰਜਾਬ ਦੇ ਚਿਰਾਂ ਤੋਂ ਲਟਕਦੇ ਮਸਲਿਆਂ ਦੇ ਹੱਲ ਲਈ ਪਿਆਰ ਨਾਲ ਕੀਤੀ ਗੱਲ ਕੰਮ ਨਾ ਆਈ ਤਾਂ ‘ਲੋੜ ਪਈ ਤੋਂ ਦਬਾਅ ਦੀ ਵਰਤੋਂ’ ਵੀ ਕੀਤੀ ਜਾਵੇਗੀ। ਇਸੇ ਨੂੰ ਕੈਪਟਨ ਅਮਰਿੰਦਰ ਸਿੰਘ ‘ਪੰਥ ਨੂੰ ਖ਼ਤਰੇ ਦੀ ਦੁਹਾਈ’ ਆਖਦੇ ਆ ਰਹੇ ਹਨ। ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਲਾਹੌਰ ਇਜਲਾਸ ਵਿੱਚ ਕੀਤੇ ਭਾਸ਼ਾ-ਅਧਾਰਤ ਸੂਬਾਬੰਦੀ ਦੇ ਅਸੂਲ ਦੇ ਉਲਟ ਜਾ ਕੇ 1966 ਵਿੱਚ ਅਧੂਰਾ ਪੰਜਾਬ ਹੀ ਦਿੱਤਾ ਹੈ। ਪਹਿਲਾਂ ਰਾਜਧਾਨੀ, ਪਾਣੀ ਤੇ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਅਤੇ ਮਗਰੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਕੇ ਅਤੇ ਸਿੱਖ ਕਤਲੇਆਮ ਕਰਕੇ ਪੰਜਾਬ ਦੇ ਲੋਕਾਂ ਦੀ ਗੈਰਤ ’ਤੇ ਹਮਲਾ ਕੀਤਾ ਹੈ।
ਚੰਡੀਗੜ੍ਹ ਬਾਰੇ ਸਰਬ ਪਾਰਟੀ ਸੱਦਾਂਗੇ : ਬਾਜਵਾ
ਓਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੇ ਮੁੱਦੇ ’ਤੇ ਤੁਰੰਤ ਸਰਬ ਪਾਰਟੀ ਮੀਟਿੰਗ ਸੱਦੀ ਜਾਵੇਗੀ ਅਤੇ ਰਾਜ ਦੀਆਂ ਸਮੂਹ ਸਿਆਸੀ ਪਾਰਟੀਆਂ ਸਾਂਝੇ ਵਫ਼ਦ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਅਮਲ ਕਰਨ ਦੀ ਮੰਗ ਕਰਨਗੀਆਂ। ਉਨ੍ਹਾਂ ਬਾਦਲ ਤੋਂ ਮੰਗ ਕੀਤੀ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਕ ਸਾਂਝੇ ਵਫ਼ਦ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨੂੰ ਮਿਲ ਕੇ ਪੰਜਾਬ ਨੂੰ ਵੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪੈਕੇਜ ਦੇਣ, ਗੁਜਰਾਤ ਦੇ 15 ਹਜ਼ਾਰ ਪੰਜਾਬੀ ਕਿਸਾਨਾਂ ਦੇ ਉਜਾੜੇ ਰੋਕਣ ਅਤੇ ਕਣਕ ਦੀ ਕੀਮਤ 200 ਰੁਪਏ ਪ੍ਰਤੀ ਕੁਇੰਟਲ ਵਧਾਉਣ ਆਦਿ ਮੰਗਾਂ ਚੁੱਕੀਆਂ ਜਾਣ।
ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਮੁੰਬਈ ਜਾਣਗੇ ਬਾਦਲ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਲਕੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਬਾਦਲ ਨੇ ਆਖਿਆ ਕਿ ਉਨ੍ਹਾਂ ਨੂੰ ਸੱਦਾ ਪੱਤਰ ਮਿਲ ਗਿਆ ਹੈ ਅਤੇ ਉਹ ਸਮਾਗਮ ਵਿਚ ਸ਼ਾਮਲ ਹੋਣ ਲਈ ਮੁੰਬਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਨੇਤਾਵਾਂ ਨਾਲ ਗੱਲਬਾਤ ਕਰਨ ਨਹੀਂ ਗਏ ਸਨ, ਬਲਕਿ ਉਹ ਰਸਮੀ ਸਮਾਗਮ ਸੀ, ਜਿਸ ਵਿੱਚ ਨਜ਼ਰਅੰਦਾਜ਼ੀ ਵਾਲੀ ਕੋਈ ਗੱਲ ਨਹੀਂ ਹੈ।