ਨਰਿੰਦਰ ਮੋਦੀ ਸਰਕਾਰ ਦਾ ਇੱਕ ਸਾਲ : ਜਨਤਾ ਦੇ ‘ਅੱਛੇ ਦਿਨ’ ਦੀ ਥਾਂ ਵਿਰੋਧੀਆਂ ਦੇ ‘ਬੁਰੇ ਦਿਨ’ ਦਾ ਤਵਾ ਵਜਾਇਆ

0
4064

ਪੰਡਿਤ ਦੀਨ ਦਿਆਲ ਉਪਾਧਿਆਏ ਦੇ ਪਿੰਡ ਕੋਈ ਲੜਕੀ ਦੀ ਸ਼ਾਦੀ ਨਹੀਂ ਕਰਦਾ

PM

ਐਨ ਐਨ ਬੀ
ਨਗਲਾ ਚੰਦਰਭਾਨ (ਮਥੁਰਾ) – ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦਾ ਸਾਲ ਪੂਰਾ ਹੋਣ ’ਤੇ ਉਤਰ ਪ੍ਰਦੇਸ਼ ਦੇ ਮਥੁਰਾ ਜਿਲ੍ਹੇ ਦੇ ਪਿੰਡ ਨਗਲਾ ਚੰਦਰਭਾਨ  ਦੀ ਚੋਣ ਕੀਤੀ, ਜੋ ਆਰ ਐਸ ਐਸ ਦੇ ਸਿਆਸੀ ਵਿੰਗ ਜਨਸੰਘ ਦੇ ਫਾਊਡਰ ਪੰਡਿਤ ਦੀਨਦਿਆਲ ਉਪਾਧਿਆਏ ਦਾ ਪਿੰਡ ਹੈ। ਇਸ ਜਨ ਕਲਿਆਣ ਰੈਲੀ ਵਿੱਚ ਪ੍ਰਧਾਨ ਮੰਤਰੀ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੇ ਜਨਤਾ ਲਈ ਆਏ ‘ਅੱਛੇ ਦਿਨ’   ਦੇ ਦਾਅਵਿਅਂ ਨੂੰ ਦਰਿਕਨਾਰ ਕਰਦੇ ਹੋਏ ਕਾਂਗਰਸ ਦੇ ‘ਬੁਰੇ ਦਿਨ’ ਆ ਜਾਣ ਉਤੇ ਜ਼ੋਰ ਦੇਣ ਵਿੱਚ ਮਸਰੂਫ਼ ਨਜ਼ਰ ਆਏ। ਕਾਂਗਰਸ ਦੀ ਨੁਕਤਾਚੀਨੀ ’ਤੇ ਮੋੜਵਾਂ ਵਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਲੁੱਟਣ ਵਾਲਿਅਂ ਦੇ ਬੁਰੇ ਦਿਨ ਆ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦੀ ਸਰਕਾਰ ਦੀਆਂ ਖਾਮੀਆਂ ਕੱਢ ਰਹੇ ਹਨ, ਉਨ੍ਹਾਂ ਨੂੰ ਪਿਛਲੇ ਇੱਕ ਵਰ੍ਹੇ ਦੌਰਾਨ ਭ੍ਰਿਸ਼ਟਾਚਾਰ ਖ਼ਿਲਾਫ਼ ਚੁੱਕੇ ਗਏ ਕਦਮਾਂ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ੍ਰੀ ਮੋਦੀ ਨੇ ਮਥੁਰਾ ਦੇ ਨਗਲਾ ਚੰਦਰਭਾਨ ’ਚ ‘ਜਨ ਕਲਿਆਣ ਸਭਾ’ ਨੂੰ ਸੰਬੋਧਨ ਕਰਦਿਆਂ ਕਿਹਾ,‘‘ਕੁਝ ਲੋਕ ਚੀਕਾਂ ਮਾਰ ਰਹੇ ਹਨ ਕਿਉਂਕਿ 60 ਸਾਲਾਂ ਤੋਂ ਦਿੱਲੀ ਦੇ ਸੱਤਾ ਦੇ ਗਲਿਆਰਿਆਂ  ’ਚ ਉਨ੍ਹਾਂ ਦੀ ਆਵਾਜ਼ ਗੂੰਜਦੀ ਸੀ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਦੇਸ਼ ਵਿੱਚ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਦੌਰਾਨ ਜਨਸੰਘ ਦੇ ਮੋਢੀ ਮੈਂਬਰ ਅਤੇ ਭਾਜਪਾ ਸਿਧਾਂਤਕਾਰ ਪੰਡਤ ਦੀਨ ਦਿਆਲ ਉਪਾਧਿਆਏ ਦੇ ਜੱਦੀ ਪਿੰਡ ’ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕਿਉਂ ਨਾ ਹੋ ਸਕੀ, ਜਿਸ ਕਾਰਨ ਉਤਰ ਪ੍ਰਦੇਸ਼ ਦੇ ਲੋਕ ਆਪਣੀਆਂ ਧੀਆਂ ਦਾ ਰਿਸ਼ਤਾ ਤੱਕ ਵੀ ਕਰਨ ਤੋਂ ਗੁਰੇਜ਼ ਕਰਦੇ ਹਨ। ਯਾਦ ਰਹੇ ਕਿ ਉਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਵੀ ਬਣ ਚੁੱਕੀ ਹੈ ਅਤੇ ਇਸ ਬਸਪਾ ਵਰਗੀ ਵਿਚਾਰਧਾਰਕ ਵਿਰੋਧੀ ਪਾਰਟੀ ਨਾਲ਼ ਸੱਤਾ ਵੀ ਸਾਂਝੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇਸ਼ ’ਚੋਂ ਦਲਾਲਾਂ ਦਾ ਰਾਜ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਭਾਈ ਭਤੀਜਾਵਾਦ ਅਤੇ ਰਿਮੋਟ ਕੰਟਰੋਲ ਸਰਕਾਰਾਂ ਦਾ ਅੰਤ ਹੋ ਗਿਆ ਹੈ। ਇਸ ਇੱਕ ਸਾਲ ਦੇ ਵਕਫ਼ੇ ਦੌਰਾਨ ਦੇਸ਼ ਦੀ ਸਾਖ਼ ਵਿਦੇਸ਼ਾਂ ’ਚ ਵੀ ਵਧੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਪੂਰੇ ਦੇ ਪੂਰੇ 100 ਪੈਸੇ ਲੋਕਾਂ ਕੋਲ ਪੁੱਜਣਗੇ ਅਤੇ ਕੋਈ ਵਿਚੋਲਾ ਨਹੀਂ ਹੋਵੇਗਾ, ਕਿਉਂਕਿ ਇਹ ਗ਼ਰੀਬ ਲੋਕਾਂ ਦੀ ਭਲਾਈ ਲਈ ਵਚਨਬੱਧ ਸਰਕਾਰ ਹੈ।

 

ਜੇਤਲੀ-ਚਿਦਾਂਬਰਮ ਦੇ ਟਕਰਾਵੇਂ ਦਾਅਵੇ

ਨਵੀਂ ਦਿੱਲੀ, 25 ਮਈ – ਅੰਮ੍ਰਿਤਸਰ ਲੋਕ ਸਭਾ ਸੀਟ ਹਾਰਨ ਦੇ ਬਾਵਜੂਦ ਰਾਜ ਸਭਾ ਰਾਹੀਂ ਵਿਤ ਮੰਤਰੀ ਬਣੇ ਅਰੁਣ ਜੇਤਲੀ ਨੇ ਆਰਥਕ ਖੇਤਰ ਵਿੱਚ ਕਾਲੇ ਧਨ ਦੇ ਸਵਾਲ ਉਤੇ ਸਫਾਈਆਂ ਦੇਣ ਦਾ ਯਤਨ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਦੇਸ਼ ਵਿਚ ਸਮਾਨੰਤਰ ਅਰਥਵਿਵਸਥਾ ਨੂੰ ਸਹੀ ਤਰੀਕੇ ਨਾਲ ਕੁਚਲਣ ਦੀ ਕਾਰਵਾਈ ਕਰਨ। ਉਨ੍ਹਾਂ ਨਾਲ ਹੀ ਭਰੋਸਾ ਦਿੱਤਾ ਕਿ ਇਮਾਨਦਾਰ ਕਰਦਾਤਾਵਾਂ ਨੂੰ ਕਾਲੇ ਧਨ ਖਿਲਾਫ ਨਵੇਂ ਕਾਨੂੰਨ ਤੋਂ ਡਰਨ ਦੀ ਕੋਈ ਲੋੜ ਨਹੀਂ, ਪਰ ਸਮਾਨੰਤਰ ਅਰਥਵਿਵਸਥਾ ਨੂੰ ਕੁਚਲਣ ਦੀ ਲੋੜ ਹੈ ਅਤੇ ਇਹ ਕੰਮ ਬਹੁਤ ਹੀ ਉਚਿੱਤ ਤਰੀਕੇ ਨਾਲ ਕੀਤਾ ਜਾਵੇਗਾ।

ਓਧਰ ਡਾ. ਮਨਮੋਹਨ ਸਿੰਘ ਸਰਕਾਰ ਦੇ ਵਿਤ ਮੰਤਰੀ ਰਹੇ ਪੀ ਚਿਦਾਂਬਰਮ ਨੇ ਕਿਹਾ ਕਿ ਐਨ ਡੀ ਏ ਦੀ ਨਰਿੰਦਰ ਮੋਦੀ ਸਰਕਾਰ ਕੋਲ ਅਰਥ ਵਿਵਸਥਾ ਦੇ ਵਿਕਾਸ ਦਾ ਵਿਜ਼ਨ ਹੀ ਨਹੀਂ ਹੈ। ਯਾਦ ਰਹੇ, ਕਾਂਗਰਸ ਮੋਦੀ ਸਰਕਾਰ ਨੂੰ ਮਨਮੋਹਨ ਸਿੰਘ ਦੀਆਂ ਆਰਥਕ ਨੀਤੀਆਂ ਉਤੇ ਚੱਲਣ ਵਾਲੀ ਸਰਕਾਰ ਵੀ ਆਖਦੀ ਆ ਰਹੀ ਹੈ।ਪੀ ਚਿਦਾਂਬਰਮ ਨੇ ਕਿਹਾ ਕਿ ਇਹ ਸਰਕਾਰ ਸਿਰਫ ਪ੍ਰਚਾਰ ਚ ਲੱਗੀ ਹੈ ਅਤੇ ਉਸ ਦੇ ਕੋਲ ਦੇਸ਼ ਦੀ ਆਰਥਿਕ ਤਰੱਕੀ ਲਈ ਕੋਈ ਸੋਚ ਨਹੀਂ ਹੈ। ਕਾਂਗਰਸ ਦੇ ਸੀਨੀਅਰ ਨੇਤਾ  ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਇਥੇ ਇਥੇ ਕਿਹਾ ਕਿ ਚੰਗੇ ਦਿਨਾਂ ਦਾ ਵਾਅਦਾ ਲੈ ਕੇ ਆਈ ਸਰਕਾਰ ਆਪਣਾ 20 ਫੀਸਦੀ ਕਾਰਜਕਾਲ ਪੂਰਾ ਕਰ ਚੁੱਕੀ ਹੈ ਅਤੇ ਇਸ ਦੌਰਾਨ ਉਸ ਨੇ ਵਿਕਾਸ ਅਤੇ ਰੋਜ਼ਗਾਰ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਨੂੰ ਲੈ ਕੇ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਸ ਚ ਸਾਕਾਰਾਤਮਕਤਾ ਨਜ਼ਰ ਨਹੀਂ ਆ ਰਹੀ ਹੈ।

ਸਰਕਾਰ ਵੱਲੋਂ ਜੀ. ਐਸ. ਟੀ. (ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ) ਬਿੱਲ ਪਾਸ ਨਾ ਕਰਵਾਉਣ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿੱਲ ਪਾਸ ਕਰਵਾਉਣ ਲਈ ਨੇਮਬੱਧ ਤਰੀਕੇ ਨਾਲ ਚੱਲਣ ਨੂੰ ਕਹਿ ਰਹੀ ਹੈ। ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਅੱਜ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਾਰੇ ਬਿੱਲ ਪਹਿਲਾਂ ਸਟੈਂਡਿੰਗ ਕਮੇਟੀ ਕੋਲ ਜਾਂਦੇ ਹਨ ਸਿਰਫ ਮੌਜੂਦਾ ਸਰਕਾਰ ਹੀ ਬਿੱਲ ਪਾਸ ਕਰਵਾਉਣ ਤੋਂ ਪਹਿਲਾਂ ਸਟੈਂਡਿੰਗ ਕਮੇਟੀ ‘ਚ ਭੇਜਣ ਤੋਂ ਇਨਕਾਰੀ ਹੋ ਰਹੀ ਹੈ। ਸ੍ਰੀ ਪੀ. ਚਿਦੰਬਰਮ ਨੇ ਸਰਕਾਰ ‘ਤੇ ਹਰ ਖੇਤਰ ‘ਚ ਨਾਕਾਮ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਬੁਨਿਆਦੀ ਖੇਤਰਾਂ ‘ਚ ਮੰਦੀ ਕਾਰਗੁਜ਼ਾਰੀ, ਵੱਡੀ ਤਾਦਾਦ ‘ਚ ਰੁਕੇ ਹੋਏ ਪ੍ਰਾਜੈਕਟ ਦੇਸ਼ ਦੀ ਮੰਦਹਾਲੀ ਵੱਲ ਇਸ਼ਾਰਾ ਕਰ ਰਹੇ ਹਨ, ਜਿਸ ‘ਤੇ ਸਰਕਾਰ ਨੂੰ ਫੌਰੀ ਤੌਰ ‘ਤੇ ਕਾਰਵਾਈ ਕਰਨ ਦੀ ਲੋੜ ਹੈ।