ਨਰਿੰਦਰ ਮੋਦੀ ਖ਼ਿਲਾਫ਼ ਸਾਬਕਾ ‘ਜਨਤਾ ਪਰਿਵਾਰ’ ਦੇ ਨੇਤਾਵਾਂ ਵੱਲੋਂ ਨਵੀਂ ਮੋਰਚਾਬੰਦੀ ਦਾ ਆਗਾਜ਼

0
649

ਮੁਲਾਇਮ, ਲਾਲੂ ਤੇ ਨਿਤਿਸ਼ ਮੋਰਚੇ ਨੇ ਨਾ ਖੱਬੇਪੱਖੀ ਬੁਲਾਏ ਨਾ ਮਮਤਾ ਬੈਨਰਜੀ ਨੂੰ ਸੱਦਾ ਭੇਜਿਆ

third-front

ਐਨ ਐਨ ਬੀ

ਨਵੀਂ ਦਿੱਲੀ – ਇਹਨੀਂ ਦਿਨੀਂ, ਜਦੋਂ ਨਰਿੰਦਰ ਮੋਦੀ ਦੀ ਚੜ੍ਹਤ ਦਾ ਦੌਰ ਜਾਰੀ ਹੈ, ਜੇ ਪੀ ਤੇ ਲੋਹੀਆ ਲਹਿਰ ਦੇ ਨੇਤਾ ਮੋਰਚਾਬੰਦੀ ਕਰਦੇ ਨਜ਼ਰ ਆ ਰਹੇ ਹਨ, ਪਰ ਦਿਲਚਸਪ ਗੱਲ ਹੈ ਕਿ ਇਸ ਯਤਨ ਵਿੱਚ ਖੱਬੇਪੱਖੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ। ਉਤਰ ਪ੍ਰਦੇਸ਼ ਭਾਜਪਾ ਸਮਾਜਵਾਦੀ ਪਾਰਟੀ ਦੀ ਸੱਤਾ ਲਈ ਚੁਣੌਤੀ ਬਣ ਗਈ ਹੈ, ਜਿਸਨੇ ਸਪਾ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੂੰ ਇਕ ਵਾਰ ਫਿਰ ਗ਼ੈਰ-ਭਾਜਪਾ ਅਤੇ ਗ਼ੈਰ ਕਾਂਗਰਸੀ ਪਾਰਟੀਆਂ ਦੇ ਮੋਰਚੇ ਦੀ ਕਵਾਇਦ ਦੇ ਰਾਹ ਤੋਰ ਦਿੱਤਾ ਹੈ। ਨਵੀਂ ਦਿੱਲੀ ‘ਚ ਮੁਲਾਇਮ ਸਿੰਘ ਯਾਦਵ ਦੀ ਰਿਹਾਇਸ਼ ‘ਤੇ ‘ਜਨਤਾ ਪਰਿਵਾਰ’ ਦੇ ਖਿੰਡ ਚੁੱਕੇ ਨੇਤਾਵਾਂ ਸਾਂਝੀ ਦੀ ਮੀਟਿੰਗ ਹੋਈ, ਜਿਸ ‘ਚ ਜਨਤਾ ਦਲ (ਐਸ.) ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ, ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ, ਭਾਰਤੀ ਨੈਸ਼ਨਲ ਲੋਕ ਦਲ ਦੇ ਦੁਸ਼ਵੰਤ ਚੌਟਾਲਾ ਸ਼ਾਮਿਲ ਹੋਏ।

Lalu Nitish

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਇਸ ਮੀਟਿੰਗ ‘ਚ ਹਾਲੇ ਸਿਰਫ਼ ਮੁੱਦਿਆਂ ‘ਤੇ ਇਕਜੁੱਟ ਹੋਣ ਦੀ ਸਹਿਮਤੀ ਬਣੀ ਹੈ। ਇਸ ਦੇ ਰੂਪ ਅਤੇ ਹੋਰ ਅਹਿਮ ਮੁੱ ਦਿਆਂ ‘ਤੇ ਚਰਚਾ ਅਗਲੀ ਮੀਟਿੰਗ ‘ਚ ਕੀਤੀ ਜਾਏਗੀ। ਇਸ ਮੋਰਚੇ ‘ਤੇ ਇਕੱਠੀਆਂ ਹੋਈਆਂ ਸਭ ਪਾਰਟੀਆਂ ਸੰਸਦ ‘ਚ ਜ਼ਮੀਨ ਅਤੇ ਬੀਮਾ ਵਰਗੇ ਅਹਿਮ ਬਿੱਲਾਂ ਅਤੇ ਕਾਨੂੰਨਾਂ ਨੂੰ ਲੈ ਕੇ ਇਕਮਤ ਹੋ ਕੇ ਆਵਾਜ਼ ਚੁੱਕਣਗੇ। ਵਰਨਣਯੋਗ ਹੈ ਕਿ ਮੋਦੀ ਲਹਿਰ, ਜਿਸ ਨੇ ਨਾ ਸਿਰਫ਼ ਲੋਕ ਸਭਾ ਚੋਣਾਂ ‘ਚ ਆਪਣਾ ਜਾਦੂ ਵਿਖਾਇਆ, ਸਗੋਂ ਹਾਲ ‘ਚ ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ‘ਚ ਖੇਤਰੀ ਪਾਰਟੀਆਂ ਦੀਆਂ ਬੁਨਿਆਦਾਂ ਨੂੰ ਵੀ ਹਿਲਾ ਦਿੱਤਾ ਹੈ। ਲੋਕ ਸਭਾ ਚੋਣਾਂ ‘ਚ ਮੁਲਾਇਮ ਸਿੰਘ ਦੀ ਪਾਰਟੀ ਸਮਾਜਵਾਦੀ ਪਾਰਟੀ ਸਿਰਫ਼ 5 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ ਹੈ, ਜਦਕਿ ਨਿਤਿਸ਼ ਕੁਮਾਰ ਦੀ ਜਨਤਾ ਦਲ (ਯੂ) ਦੇ ਹਿੱਸੇ 2 ਸੀਟਾਂ ਹੀ ਆਈਆਂ। ਨਿਤਿਸ਼ ਕੁਮਾਰ ਨੇ ਭਾਜਪਾ ਦੇ ਝੂਠੇ ਵਾਅਦਿਆਂ ਦੀ ਪੋਲ ‘ਰਲ ਕੇ’ ਜਨਤਾ ਦੇ ਅੱਗੇ ਖੋਲ੍ਹਣ ਦਾ ਦਾਅਵਾ ਕੀਤਾ ਜਿਸ ਦੀ ਸ਼ੁਰੂਆਤ ਉਹ ਕਾਲਾ ਧਨ, ਬੇਰੁਜ਼ਗਾਰੀ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਹੀ ਕਰਨਗੇ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗ਼ੈਰ-ਕਾਂਗਰਸੀ ਅਤੇ ਗ਼ੈਰ-ਭਾਜਪਾ ਪਾਰਟੀਆਂ ਨੇ ਕਈ ਵਾਰ ‘ਤੀਜਾ ਮੋਰਚਾ’ ਬਣਾਉਣ ਦੀ ਕੋਸ਼ਿਸ ਕੀਤੀ ਸੀ, ਪਰ ਹਰ ਵਾਰ ਖੱਬੇ-ਪੱਖੀ ਪਾਰਟੀਆਂ ਇਸਦਾ ਹਿੱਸਾ ਰਹੀਆਂ ਹਨ। ਇਸ ਵਾਰ ਉਹ ਹੀ ਨਹੀਂ, ਉਨ੍ਹਾਂ ਦੀ ਸਿਆਸੀ ਜ਼ਮੀਨ ਖੋਹ ਰਹੀ ਮਮਤਾ ਬੈਨਰਜੀ ਦੀ ਤਿ੍ਮਣ ਮੂਲ ਕਾਂਗਰਸ ਵੀ ਨਜ਼ਰ ਨਹੀਂ ਆਈ ਅਤੇ ਜੈਲਲਿਤਾ ਦੀ, ਅੱਨਾ. ਡੀ. ਐਮ. ਕੇ. ਨੂੰ ਇਸ ਕਵਾਇਦ ਦਾ ਹਿੱਸਾ ਬਣਨ ਲਈ ਸੱਦਾ ਦੇਣ ਦੀਆਂ ਵੀ ਖ਼ਬਰਾਂ ਹੀ ਆਈਆਂ ਹਨ। ਰਾਜ ਸਭਾ ‘ਚ ਇਹ ਸਾਰੀਆਂ ਪਾਰਟੀਆਂ ਕਾਂਗਰਸ ਦੇ ਨਾਲ ਮਿਲ ਕੇ ਬਹੁਮਤ ‘ਚ ਹੋਣ ਕਰਕੇ ਸੱਤਾਧਾਰੀ ਭਾਜਪਾ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀਆਂ ਹਨ, ਪਰ ਇਹ ਗਠਜੋੜ ਕਿੰਨੀ ਦੇਰ ਕਾਇਮ ਰਹੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।